ਇਕੀਵੀਂ ਸਦੀ ਵਿੱਚ ਵਿਚਾਰਧਾਰਾ ਦਾ ਬਦਲਦਾ ਸਰੂਪ

ਵਿਚਾਰਧਾਰਾ ਦਾ ਸੰਕਲਪ ਆਪਣੇ ਇਤਿਹਾਸਿਕ ਵਿਕਾਸ ਦੌਰਾਨ ਵੱਖ-ਵੱਖ ਅਰਥਾਂ ਦਾ ਧਾਰਨੀ ਰਿਹਾ ਹੈ। ਵਿਚਾਰਧਾਰਾ ਸ਼ਬਦ ਅੰਗਰੇਜ਼ੀ ਦੇ ਸ਼ਬਦ ਆਈਡਿਆਲੋਜੀ (ideology) ਦਾ ਸਮਾਨਾਰਥਕ ਹੈ। ਆਈਡਿਆਲੋਜੀ ਸ਼ਬਦ ਦੀ ਵਰਤੋਂ 1796 ਵਿੱਚ ਡੈਸਟਟ ਦੀ ਟਰੇਸੀ (Destutt de Tracy) ਨੇ ‘ਵਿਚਾਰਾਂ ਦੇ ਵਿਗਿਆਨ’ ਦੇ ਇੱਕ ਪੱਖ ਨੂੰ ਪੇਸ਼ ਕਰਨ ਲਈ ਕੀਤੀ ਸੀ।[1] ਨਪੋਲੀਅਨ ਬੋਨਾਪਾਰਟ[2] ਨੇ ਇਸ ਸ਼ਬਦ ਦੀ ਵਰਤੋਂ ਆਪਣੇ ਵਿਰੋਧੀਆਂ ਲਈ ਅਪਸ਼ਬਦ ਦੇ ਰੂਪ ਵਿੱਚ ਕੀਤੀ ਸੀ ਜੋ ਗਿਆਨਕਰਨ ਦੇ ਯੁੱਗ ਤੋਂ ਬਹੁਤ ਪ੍ਰਭਾਵਿਤ ਸਨ। ਇਹ ਵਿਚਾਰਵਾਨ ਆਪਣੇ ਵਿਰੋਧੀਆਂ ਦੇ ਵਿਚਾਰਾਂ ਦੀ ਤੰਗ-ਦਿਲੀ ਨੂੰ ਤੋੜਨ ਲਈ ਤੇ ਆਪਣਾ ਅਕਾਦਮਿਕ, ਸਮਾਜਿਕ ਤੇ ਸੱਭਿਆਚਾਰਕ ਬਦਲ ਸਿਰਜਣ ਲਈ ਨਵੇਂ ਵਿਚਾਰਾਂ ਦਾ ਵਿਗਿਆਨ ਸਿਰਜਣ ਲਈ ਤਤਪਰ ਸਨ। ਬਾਅਦ ਵਿੱਚ ਇਸ ਸ਼ਬਦ ਦੇ ਉਪਰੋਕਤ ਅਰਥਾਂ ਵਿੱਚ ਪਰਿਵਰਤਨ ਆਇਆ ਤੇ ਇਸ ਨੂੰ ਵੱਖ-ਵੱਖ ਸਮਾਜਿਕ ਤੇ ਰਾਜਨੀਤਿਕ ਪੱਖਾਂ ਦਾ ਮੁਲਾਂਕਣ ਕਰਨ ਵਾਲੀ ਵਿਧੀ ਦੇ ਤੌਰ `ਤੇ ਵਰਤਿਆ ਜਾਣ ਲੱਗਾ। ਵਿਚਾਰਧਾਰਾ ਨੂੰ ਆਮ ਤੌਰ `ਤੇ ਵਿਅਕਤੀ, ਸਮੂਹ ਜਾਂ ਸਮਾਜ ਦੁਆਰਾ ਆਯੋਜਿਤ ਵਿਸ਼ਵਾਸਾਂ ਦਾ ਸਮੂਹ ਕਿਹਾ ਜਾਂਦਾ ਹੈ। ਇਸ ਨੂੰ ਕਿਸੇ ਦੇ ਵਿਸ਼ਵਾਸਾਂ, ਨਿਸ਼ਚਿਆਂ ਜਾਂ ਪ੍ਰੇਰਨਾਵਾਂ ਨੂੰ ਬਣਾਉਣ ਵਾਲੇ ਚੇਤਨ- ਅਵਚੇਤਨ ਵਿਚਾਰਾਂ ਦਾ ਸਮੂਹ ਵੀ ਕਿਹਾ ਜਾ ਸਕਦਾ ਹੈ। ਇਹ ਲੋਕਾਂ, ਸਰਕਾਰਾਂ ਜਾਂ ਦੂਸਰੇ ਸਮੂਹਾਂ ਦੁਆਰਾ ਅਪਣਾਈ ਗਈ ਹੁੰਦੀ ਹੈ ਤੇ ਜਨਸੰਖਿਆ ਦਾ ਵੱਡਾ ਸਮੂਹ ਇਸ ਨੂੰ ਜ਼ਿੰਦਗੀ ਜਿਊਣ ਦਾ ਸਹੀ ਤਰੀਕਾ ਮੰਨਦਾ ਹੈ। ਮਾਰਕਸਵਾਦ ਵਿੱਚ ਵਿਚਾਰਧਾਰਾ ਨੂੰ ਵਿਚਾਰਾਂ ਦਾ ਇੱਕ ਅਜਿਹਾ ਸਮੂਹ ਮੰਨਿਆ ਜਾਂਦਾ ਹੈ, ਜਿਸ ਵਿਚਲੇ ਵਿਚਾਰ ਮੁੱਖ ਤੌਰ `ਤੇ ਸਮਾਜ ਦੇ ਉੱਚ-ਵਰਗ, ਜਾਂ ਸਮਾਜ ਦੀ ਪ੍ਰਭੂ-ਸੱਤਾ ਵਾਲੀ ਜਮਾਤ ਦੇ ਹੁੰਦੇ ਹਨ। ਇਹ ਜਮਾਤ ਆਪਣੇ ਵਿਚਾਰਾਂ ਨੂੰ ਸਮਾਜ `ਤੇ ਥੋਪਦੀ ਹੋਈ ਸਹੀ ਸਿੱਧ ਕਰਦੀ ਹੈ। ਇਸ ਕਰਕੇ ਮਾਰਕਸ ਨੇ ਇਸ ਪ੍ਰਕਾਰ ਦੀ ਵਿਚਾਰਧਾਰਾ ਨੂੰ ‘ਭਰਮ ਚੇਤਨਾ’ ਦੇ ਤੌਰ `ਤੇ ਪਰਿਭਾਸ਼ਿਤ ਕੀਤਾ।[3] ਇਨ੍ਹਾਂ ਨੇ ਪਹਿਲੀ ਵਾਰ ਵਿਚਾਰਧਾਰਾ ਨੂੰ ਇਤਿਹਾਸਿਕ ਪਦਾਰਥਵਾਦ ਦੇ ਸੰਦਰਭ ਵਿੱਚ ਵਿਗਿਆਨਿਕ ਅਰਥਾਂ ਦਾ ਧਾਰਨੀ ਬਣਾਇਆ। ਇਸ ਤੋਂ ਪਹਿਲਾ ਵਿਚਾਰ ਨੂੰ ਯਥਾਰਥਕ ਵਸਤੂ ਮੰਨਣ ਵਾਲੇ ਮਨੁੱਖੀ ਇਤਿਹਾਸ ਦਾ ਵਿਕਾਸ ਵਿਚਾਰਾਂ ਦੇ ਜ਼ਰੀਏ ਹੋਇਆ ਮੰਨਦੇ ਸਨ। ਇਹ ਵਿਚਾਰਵਾਨ ਪਦਾਰਥ ਦੀ ਥਾਂ ਚੇਤਨਾ ਨੂੰ ਮੁੱਖ ਮੰਨਦੇ ਸਨ ਤੇ ਪਦਾਰਥ ਦੀ ਹੋਂਦ ਚੇਤਨਾ ਤੋਂ ਹੋਈ ਮੰਨ ਕੇ ਸਮੁੱਚੇ ਮਨੁੱਖੀ ਜੀਵਨ ਨੂੰ ਚੇਤਨਾ ਦੀ ਉਪਜ ਵਜੋਂ ਪੇਸ਼ ਕਰਦੇ ਸਨ। ਪਰ ਮਾਰਕਸ ਨੇ ਇਤਿਹਾਸਿਕ ਪਦਾਰਥਵਾਦ ਤੇ ਦਵੰਦਵਾਦ ਰਾਹੀਂ ਇਹ ਧਾਰਨਾ ਪੇਸ਼ ਕੀਤੀ ਕਿ ਮਨੁੱਖੀ ਵਿਚਾਰਧਾਰਾ ਤੇ ਚੇਤਨਾ ਪਦਾਰਥਕ ਹਾਲਤਾਂ ਤੋਂ ਪੈਦਾ ਹੁੰਦੀ ਹੈ। ਮਾਰਕਸ ਨੇ ਇਤਿਹਾਸਿਕ ਪਦਾਰਥਵਾਦ ਦੇ ਜ਼ਰੀਏ ਸਮਾਜਿਕ ਵਿਕਾਸ ਦੇ ਜਮਾਤੀ ਵਿਰੋਧ ਵਿਕਾਸ ਨੂੰ ਪਹਿਚਾਣਿਆ। ਇਸ ਪਰਿਪੇਖ ਵਿੱਚ ਹੀ ਉਹਨਾਂ ਨੇ ਪੂੰਜੀਵਾਦੀ ਯੁੱਗ ਦੇ ਸਮਾਜ ਵਿੱਚ ਮੁੱਖ ਵਿਰੋਧਤਾਈ ਬੁਰਜ਼ੂਆ ਤੇ ਪ੍ਰੋਲੇਤਾਰੀ ਵਿੱਚ ਹੋਣ ਅਤੇ ਬੁਰਜ਼ੂਆ ਜਮਾਤ ਦੁਆਰਾ ਆਪਣੀ ਲੁੱਟ ਨੂੰ ਜਾਇਜ਼ ਠਹਿਰਾਉਣ ਦਾ ਪ੍ਰਚਾਰ ਕਰਨ ਵਾਲੀ ਵਿਚਾਰਧਾਰਾ ਦੇ ਵਿਰੋਧ ਵਿੱਚ ਸਮਾਜਵਾਦੀ ਵਿਚਾਰਧਾਰਾ ਦਾ ਸੰਕਲਪ ਵਿਕਸਿਤ ਕੀਤਾ। ਮਾਰਕਸਵਾਦ ਸਮਾਜਿਕ ਢਾਂਚੇ ਨੂੰ ਆਰਥਿਕ ਆਧਾਰ ਅਤੇ ਉੱਚ ਉਸਾਰ ਵਾਲੇ ਉਤਪਾਦਨੀ ਸੰਬੰਧਾਂ ਵਿੱਚ ਵੰਡ ਕੇ ਵੇਖਦਾ ਹੈ। ਆਰਥਿਕ ਆਧਾਰ ਪੈਦਾਵਾਰੀ ਸੰਬੰਧ ਅਤੇ ਪੈਦਾਵਾਰੀ ਦੇ ਢੰਗਾਂ ਨੂੰ ਦਰਸਾਉਂਦਾ ਹੈ ਅਤੇ ਉੱਚ-ਉਸਾਰ ਆਰਥਿਕ ਆਧਾਰ `ਤੇ ਉਸਰੀ ਹੋਈ ਪ੍ਰਧਾਨ ਵਿਚਾਰਧਾਰਾ ਨੂੰ ਦਰਸਾਉਂਦਾ ਹੈ, ਜਿਸ ਵਿੱਚ ਕਾਨੂੰਨ, ਧਾਰਮਿਕ ਤੇ ਰਾਜਨੀਤਿਕ ਪ੍ਰਬੰਧ ਸ਼ਾਮਿਲ ਹੁੰਦਾ ਹੈ। ਪੈਦਾਵਾਰ ਦਾ ਆਰਥਿਕ ਆਧਾਰ ਸਮਾਜ ਦੇ ਰਾਜਨੀਤਿਕ ਉੱਚ-ਉਸਾਰ ਨੂੰ ਨਿਸ਼ਚਿਤ ਕਰਦਾ ਹੈ। ਰਾਜ ਕਰਨ ਵਾਲੀ ਜਮਾਤ ਦੀਆਂ ਰੁਚੀਆਂ ਉੱਚ-ਉਸਾਰ ਅਤੇ ਨਿਆਂ ਕਰਨ ਵਾਲੀ ਵਿਚਾਰਧਾਰਾ ਦੇ ਸੁਭਾਅ ਨੂੰ ਨਿਸ਼ਚਿਤ ਕਰਦੀਆਂ ਹਨ। ਵਿਚਾਰਧਾਰਾ ਦੀ ਮਹੱਤਤਾ ਸਮਾਜ ਦੇ ਆਰਥਿਕ ਪ੍ਰਬੰਧ `ਤੇ ਕਾਬਜ਼ ਜਮਾਤ ਨੂੰ ਸਮਾਜ ਦੇ ਬਾਕੀ ਤਬਕਿਆਂ ਵਿੱਚ ਸਹੀ ਸਿੱਧ ਕਰਨ ਵਿੱਚ ਹੈ। ਜਾਰਜ਼ ਲੁਕਾਚ(Georg Lukas) ਅਨੁਸਾਰ, ‘ਵਿਚਾਰਧਾਰਾ ਰਾਜ ਕਰਨ ਵਾਲੀ ਜਮਾਤ ਦੀ ਜਮਾਤੀ ਚੇਤਨਤਾ ਦਾ ਰੱਖਿਅਕ ਪ੍ਰਬੰਧ ਹੈ।’[4] ਟੈਰੀ ਈਗਲਟਨ ਨੇ ਵਿਚਾਰਧਾਰਾ ਨੂੰ ਸਮਾਜਿਕ ਜੀਵਨ ਵਿੱਚ ਅਰਥਾਂ, ਚਿੰਨ੍ਹਾਂ ਅਤੇ ਕੀਮਤਾਂ ਦੇ ਪੈਦਾ ਕਰਨ ਦੀ ਪ੍ਰਕਿਰਿਆ ਮੰਨਿਆ ਹੈ। ਇਹ ਵਿਚਾਰ ਪ੍ਰਬਲ ਰਾਜਨੀਤਿਕ ਸ਼ਕਤੀ ਨੂੰ ਉੱਚਿਤ ਠਹਿਰਾਉਣ ਵਿੱਚ ਸਹਾਇਤਾ ਕਰਨ ਵਾਲੇ ਸਹੀ ਵੀ ਹੋ ਸਕਦੇ ਹਨ ਤੇ ਗ਼ਲਤ ਵੀ। ਉਹ ਵਿਚਾਰਧਾਰਾ ਨੂੰ ਯੋਜਨਾਬੱਧ ਵਿਗੜਿਆ ਹੋਇਆ ਸੰਚਾਰ ਪ੍ਰਬੰਧ, ਜ਼ਰੂਰੀ ਸਮਾਜਿਕ ਭਰਮ, ਵਿਸ਼ਵਾਸਾਂ ਦੇ ਸਮੂਹ ਦਾ ਕਿਰਿਆਤਮਿਕ ਰੂਪ ਆਦਿ ਪੱਖਾਂ ਤੋਂ ਪ੍ਰਭਾਸ਼ਿਤ ਕਰਦਾ ਹੈ। ਐਨਤੋਨੀਓ ਗ੍ਰਾਮਸ਼ੀ ਸੱਭਿਆਚਾਰਕ ਦਬਦਬੇ ਦੇ ਸੰਕਲਪ ਰਾਹੀਂ ਦੱਸਦਾ ਹੈ ਕਿ ਕਿਵੇਂ ਪੈਦਾਵਾਰੀ ਸਾਧਨਾਂ `ਤੇ ਕਾਬਜ਼ ਜਮਾਤ ਰਾਜ ਦੀਆਂ ਸੱਭਿਆਚਾਰਕ ਸੰਸਥਾਵਾਂ ਦੀ ਵਰਤੋਂ ਕਰਕੇ ਆਪਣੀ ਦਬਦਬੇ ਨੂੰ ਬਣਾਈ ਰੱਖਦੀ ਹੈ?[5] ਇਹ ਇੱਕ ਪ੍ਰਕਾਰ ਦਾ ਵਿਚਾਰਧਾਰਕ ਦਬਦਬਾ ਹੁੰਦਾ ਹੈ। ਉਸ ਅਨੁਸਾਰ, “ਹਾਕਮ ਜਮਾਤਾਂ ਆਪਣੀ ਇਸ ‘ਵਿਚਾਰਧਾਰਕ-ਸਰਦਾਰੀ’ ਰਾਹੀਂ ਹੀ ਆਪਣੀ ਰਾਜ-ਸੱਤਾ ਨੂੰ ਲੋਕਾਂ ਦੀ ਮਾਨਸਿਕਤਾ ਵਿੱਚ ਡੂੰਘੀ ਤਰ੍ਹਾਂ ਉਤਾਰ ਕੇ ਪੇਸ਼ ਕਰਦੀਆਂ ਹਨ।[6] ਇਸ ਵਿਚਾਰਧਾਰਕ-ਸਰਦਾਰੀ ਅਧੀਨ ਕਾਬਜ਼ ਜਮਾਤ ਕਿਰਤੀ ਜਮਾਤ ਦੀਆਂ ਰੁਚੀਆਂ ਨੂੰ ਆਪਣੇ ਹਿੱਤਾਂ ਅਨੁਸਾਰ ਢਾਲਦੀ ਹੈ। ਕਿਰਤੀ ਜਮਾਤ ਨੂੰ ਕਾਬਜ਼ ਜਮਾਤ ਦੇ ਸੱਭਿਆਚਾਰਕ ਦਬਦਬੇ ਤੋਂ ਮੁਕਤੀ ਲਈ ਆਪਣਾ ਸੱਭਿਆਚਾਰਕ ਤੇ ਵਿਚਾਰਧਾਰਕ ਦਬਦਬਾ ਸਥਾਪਿਤ ਕਰਨਾ ਪਵੇਗਾ ਤਾਂ ਹੀ ਉਹ ਆਪਣੀ ਲੜਾਈ ਜਿੱਤ ਸਕਦੀ ਹੈ। ਇਸ ਪ੍ਰਕਾਰ ਮਾਰਕਸਵਾਦੀ ਰੂਪ ਅਨੁਸਾਰ ਵਿਚਾਰਧਾਰਾ ਸਮਾਜਿਕ ਪੁਨਰ-ਉਤਪਾਦਨ ਦਾ ਸਾਧਨ ਹੁੰਦੀ ਹੈ। ਸਾਰੀਆਂ ਵਿਚਾਰਧਾਰਾਵਾਂ ਸਮਾਜਿਕ ਜੀਵਨ ਵਿੱਚੋਂ ਹੀ ਪੈਦਾ ਹੁੰਦੀਆਂ ਹਨ।

ਅਲਥਿਊਜਰ ਵਿਚਾਰਧਾਰਾ ਸੰਬੰਧੀ ਦੋ ਪੱਖੀ ਵਿਚਾਰਾਂ ਦੀ ਗੱਲ ਕਰਦਾ ਹੈ। ਪਹਿਲੇ ਵਿਚਾਰ ਅਨੁਸਾਰ,‘ਵਿਚਾਰਧਾਰਾ ਵਿਅਕਤੀਗਤ ਦੇ ਉਹਨਾਂ ਦੀ ਹੋਂਦ ਦੀਆਂ ਯਥਾਰਥਕ ਸਥਿਤੀਆਂ ਨਾਲ ਕਲਪਨਾਤਮਿਕ ਸੰਬੰਧਾਂ ਨੂੰ ਦਰਸਾਉਂਦੀ ਹੈ।’[7] ਦੂਜੇ ਵਿਚਾਰ ਅਨੁਸਾਰ ‘ਵਿਚਾਰਧਾਰਾ ਦੀ ਪਦਾਰਥਕ ਹੋਂਦ ਹੈ।’[8] ਉਹ ਵਿਚਾਰਾਂ ਨੂੰ ਪਦਾਰਥ ਮੰਨਦਾ ਹੈ ਜੋ ਮਨੁੱਖ ਦੇ ਮਨ ਵਿੱਚ ਵਿਸ਼ਵਾਸਾਂ ਨੂੰ ਪੈਦਾ ਕਰਦੇ ਹਨ। ਉਸ ਲਈ ਵਿਚਾਰਧਾਰਕ ਵਿਸ਼ਵਾਸ ਸਿਰਫ਼ ਵਿਅਕਤੀਪਰਕ ਵਿਸ਼ਵਾਸ ਨਹੀਂ ਹੁੰਦੇ ਜੋ ਵਿਅਕਤੀ ਦੇ ਚੇਤਨ ਦਿਮਾਗ਼ ਵਿੱਚ ਹੁੰਦੇ ਹਨ ਬਲਕਿ ਉਸ ਲਈ ਇਹ ਉਹ ਪ੍ਰਵਚਨ ਹਨ ਜੋ ਇਨ੍ਹਾਂ ਵਿਸ਼ਵਾਸਾਂ ਨੂੰ ਪੈਦਾ ਕਰਨ ਦਾ ਕੰਮ ਕਰਦੇ ਹਨ। ਪਦਾਰਥਕ ਸੰਸਥਾਨ ਅਤੇ ਰਿਵਾਜ ਹਨ, ਜਿਹਨਾਂ ਵਿੱਚ ਵਿਅਕਤੀ ਬਿਨਾਂ ਆਲੋਚਨਾਤਮਿਕ ਸੋਚ ਅਤੇ ਉਸ ਦਾ ਚੇਤਨ ਪੱਧਰ `ਤੇ ਮੁਲਾਂਕਣ ਕਰੇ ਬਿਨਾਂ ਉਸ ਵਿੱਚ ਹਿੱਸਾ ਲੈਂਦਾ ਹੈ। ਇਸ ਤੋਂ ਇਲਾਵਾ ਅਲਥਿਊਜ਼ਰ ਨੇ ਰਾਜ ਦੇ ਔਜ਼ਾਰਾਂ ਨੂੰ ਤਸ਼ੱਦਦਮਈ ਰਾਜ ਉਪਕਰਨ ਤੇ ਵਿਚਾਰਧਾਰਕ ਰਾਜ ਉਪਕਰਨ ਦੋ ਭਾਗਾਂ ਵਿੱਚ ਵੰਡਿਆ ਹੈ।[9] ਤਸ਼ੱਦਦਮਈ ਰਾਜ ਉਪਕਰਨਾਂ ਵਿੱਚ ਫ਼ੌਜ, ਅਦਾਲਤਾਂ, ਜੇਲ੍ਹਾਂ ਅਤੇ ਪ੍ਰਸ਼ਾਸਨ ਆਦਿ ਉਪਕਰਨ ਆਉਂਦੇ ਹਨ ਤੇ ਇਨ੍ਹਾਂ ਦਾ ਵਿਵਹਾਰਿਕ ਰੂਪ ਹਿੰਸਕ ਹੁੰਦਾ ਹੈ। ਇਹ ਉਪਕਰਨ ਹਿੰਸਾ ਦੀ ਵਰਤੋਂ ਨਾਲ ਨਾਗਰਿਕਾਂ ਨੂੰ ਵੱਸ ਕਰਦੇ ਹਨ। ਵਿਚਾਰਧਾਰਕ ਰਾਜ ਉਪਕਰਨਾਂ ਵਿੱਚ ਧਾਰਮਿਕ, ਵਿੱਦਿਅਕ, ਕਾਨੂੰਨੀ, ਸੰਚਾਰਕ, ਸੱਭਿਆਚਾਰਕ ਆਦਿ ਪੱਖ ਆਉਂਦੇ ਹਨ। ਇਹ ਮਨੁੱਖ ਦੇ ਅਵਚੇਤਨ ਨੂੰ ਵੱਸ ਕਰਨ ਦਾ ਕਾਰਜ ਕਰਦੇ ਹਨ। ਇਹ ਦੋਵੇਂ ਉਪਕਰਨ ਪੈਦਾਵਾਰੀ ਸਾਧਨਾਂ `ਤੇ ਕਾਬਜ਼ ਜਮਾਤ ਦੁਆਰਾ ਨਿਯੰਤ੍ਰਿਤ ਹੁੰਦੇ ਹਨ। ਇਹ ਦੋਵੇਂ ਉਪਕਰਨ ਅੰਤਰ-ਸੰਬੰਧਿਤ ਹੁੰਦੇ ਹਨ। ਇਸ ਲਈ ਉਹ ‘ਵਿਚਾਰਧਾਰਾ ਨੂੰ ਵੀ ਰਾਜਸੀ ਉਪਕਰਨ ਦੇ ਤੌਰ `ਤੇ ਕਾਬਜ਼ ਜਮਾਤ ਦੇ ਰਾਜ ਨੂੰ ਚਲਾਉਣ ਵਿੱਚ ਸਹਾਇਤਾ ਕਰਨ ਵਾਲਾ ਉਪਕਰਨ ਸਮਝਦਾ ਹੈ ਜੋ ਪੁਲਿਸ-ਤਸ਼ੱਦਦ ਤੇ ਕਾਨੂੰਨੀ ਸਜ਼ਾ ਦਾ ਡਰ ਪਾਉਣ ਦੀ ਥਾਂ ਸਮਾਜਿਕ ਵਹਿਸ਼ਕਾਰ ਦੇ ਡਰ ਦੁਆਰਾ ਸੱਤਾਧਾਰੀ ਜਮਾਤ ਦੇ ਰਾਜ ਨੂੰ ਚਲਾਉਣ ਵਿੱਚ ਸਹਾਇਤਾ ਕਰਦਾ ਹੈ।’[10] ਇਸ ਪ੍ਰਕਾਰ ਭਾਵੇਂ ਵਿਚਾਰਧਾਰਾ ਦਾ ਸੰਬੰਧ ਉੱਚ-ਉਸਾਰ ਨਾਲ ਹੁੰਦਾ ਹੈ ਭਾਵ ਵਿਚਾਰਧਾਰਾ ਵੀ ਆਧਾਰ ਭਾਵ ਆਰਥਿਕਤਾ ਦੁਆਰਾ ਨਿਰਧਾਰਿਤ ਹੁੰਦੀ ਹੈ ਪਰ ਆਧਾਰ ਤੇ ਉੱਚ-ਉਸਾਰ ਦਾ ਸੰਬੰਧ ਦਵੰਦਾਤਮਿਕ ਹੋਣ ਕਾਰਨ ਵਿਚਾਰਧਾਰਾ ਵੀ ਮੋੜਵੇਂ ਰੂਪ ਵਿੱਚ ਆਧਾਰ `ਤੇ ਅਸਰ ਕਰਦੀ ਹੈ ਅਤੇ ਆਧਾਰ ਦਾ ਪੁਨਰ-ਉਤਪਾਦਨ ਕਰਦੀ ਹੈ। ਸੋਵੀਅਤ ਯੂਨੀਅਨ ਦੇ ਖ਼ਤਮ ਹੋਣ ਤੋਂ ਬਾਅਦ ਫੂਕੋਜਾਮਾ ਨੇ ਕਿਹਾ ਕਿ “ਇਹ ਸਿਰਫ਼ ਸ਼ੀਤ ਯੁੱਧ ਦਾ ਅੰਤ ਨਹੀਂ ਬਲਕਿ ਇਸ ਨਾਲ ਇਤਿਹਾਸ ਦਾ ਵੀ ਅੰਤ ਹੋ ਗਿਆ ਹੈ ਅਤੇ ਇਹ ਮਨੁੱਖ ਦੇ ਵਿਚਾਰਧਾਰਾਈ ਵਿਕਾਸ ਦਾ ਵੀ ਅੰਤਿਮ ਪੜਾਅ ਹੈ ਅਤੇ ਪੱਛਮੀ ਉਦਾਰਵਾਦੀ ਲੋਕਤੰਤਰ ਦਾ ਸੰਸਾਰੀਕਰਨ ਹੀ ਮਾਨਵੀ ਸੱਤਾ ਦਾ ਅੰਤਿਮ ਰੂਪ ਹੈ।[11] ਇਤਿਹਾਸ ਦੇ ਅੰਤ ਦਾ ਭਾਵ ਇਹ ਨਹੀਂ ਹੈ ਕਿ ਸੰਸਾਰ ਵਿੱਚ ਘਟਨਾਵਾਂ ਨਹੀਂ ਵਾਪਰਨਗੀਆਂ। ਬਲਕਿ ਇਹ ਇੱਕ ਰਾਜਨੀਤਿਕ ਤੇ ਦਾਰਸ਼ਨਿਕ ਸੰਕਲਪ ਹੈ ਜੋ ਇਹ ਮੰਨਦਾ ਹੈ ਕਿ ਸਮਾਜ ਰਾਜਨੀਤਿਕ, ਆਰਥਿਕ ਤੇ ਸਮਾਜਿਕ ਜੀਵਨ ਦੇ ਪੱਧਰ `ਤੇ ਆਪਣੇ ਅੰਤਿਮ ਪੜਾਅ `ਤੇ ਪਹੁੰਚ ਗਿਆ ਹੈ। ਇਸ ਤੋਂ ਬਾਅਦ ਕੋਈ ਸਮਾਜਿਕ ਤਬਦੀਲੀ ਨਹੀਂ ਵਾਪਰੇਗੀ। ਲੋਕਾਂ ਨੇ ਉਦਾਰਵਾਦੀ ਲੋਕਤੰਤਰ ਨੂੰ ਸਵੀਕਾਰ ਕਰ ਲਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਹੀ ਵਿਕਾਸ ਹੋਵੇਗਾ। ਇਸ ਸਮੇਂ ਦੌਰਾਨ ਹੀ ਡੇਨੀਅਲ ਬੈੱਲ ਨੇ ‘ਦਿ ਕਲਚਰਲ ਕੰਟਰਾਡਿਕਸ਼ਨਜ਼ ਆਫ਼ ਕੈਪੀਟਿਲਜ਼ਮ (1979) ਵਿੱਚ ਵਿਚਾਰਧਾਰਾ ਦੇ ਅੰਤ ਦਾ ਐਲਾਨ ਕਰ ਦਿੱਤਾ।[12] ਇਸੇ ਤਰ੍ਹਾਂ ਹੀ ਕਈ ਵਿਦਵਾਨ ਮਨੁੱਖੀ ਸਮਾਜ ਦੇ ਉਤਰ-ਆਧੁਨਿਕਤਾ ਦੇ ਯੁੱਗ ਵਿੱਚ ਪ੍ਰਵੇਸ਼ ਕਰਨ ਦੇ ਆਧਾਰ `ਤੇ ਇਹ ਮੰਨਣ ਲੱਗ ਪਏ ਸੀ ਸਮਾਜ ਵਿੱਚ ਇਕਹਿਰੀ ਵਿਚਾਰਧਾਰਾ ਦੀ ਸਥਾਪਤੀ ਵਾਲੇ ਯੁੱਗ ਦਾ ਅੰਤ ਹੋ ਗਿਆ ਹੈ, ਕਿਉਂਕਿ ਉਤਰ-ਆਧੁਨਿਕਤਾ ਮਹਾਂ-ਬਿਰਤਾਂਤ ਦੀ ਥਾਂ ਅਲਪ-ਬਿਰਤਾਂਤ ਨੂੰ ਮਹੱਤਤਾ ਦਿੰਦੀ ਹੈ। ਇਹ ਆਪਣੇ ਨਾਲ ਸਥਾਨਕਤਾ, ਵਿਲੱਖਣਤਾ ਅਤੇ ਬਹੁਲਤਾ ਦੇ ਸੰਕਲਪ ਸਾਹਮਣੇ ਲੈ ਕੇ ਆਉਂਦੀ ਹੈ। ਇਹ ਪਰਮ ਸਿਧਾਂਤ ਦੀ ਥਾਂ ਅਲਪ ਸਿਧਾਂਤ ਨੂੰ ਪ੍ਰਮੁੱਖ ਮੰਨਦੀ ਹੈ। ਇਸ ਪ੍ਰਵਿਰਤੀ ਦਾ ਮੰਨਣਾ ਹੈ ਕਿ ਕਿਸੇ ਵੀ ਮਾਡਲ ਦੇ ਪਰਮ ਸਿਧਾਂਤ ਨਹੀਂ ਬਣਾਏ ਜਾ ਸਕਦੇ ਅਤੇ ਨਾ ਹੀ ਉਹਨਾਂ ਨੂੰ ਹਰ ਸਮਾਜ `ਤੇ ਲਾਗੂ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਈ ਵਿਦਵਾਨ ਉਤਰ-ਆਧੁਨਿਕ ਸਥਿਤੀ ਵਿੱਚ ਇਕਹਿਰੀ ਵਿਚਾਰਧਾਰਾ ਦੀ ਸਰਦਾਰੀ ਦੀ ਥਾਂ ਬਹੁ-ਵਿਚਾਰਧਾਰਾਵਾਂ ਦੇ ਸਮਾਨਾਂਤਰ ਵਿਚਰਨ ਦੇ ਵਿਚਾਰ ਪੇਸ਼ ਕਰਦੇ ਹਨ। ਪਰ ਜ਼ਿਜ਼ਕ(Zizek)ਨੇ ਕਿਹਾ ਕਿ ‘ਉਤਰ-ਆਧੁਨਿਕ ਵਿਚਾਰਧਾਰਾ ਦਾ ਵਿਚਾਰ ਆਪਣੇ ਆਪ ਵਿੱਚ ਹੀ ਇੱਕ ਅੰਨ੍ਹੀ ਵਿਚਾਰਧਾਰਾ ਦਾ ਹੀ ਰੂਪ ਹੈ। ਇੱਕ ਪ੍ਰਕਾਰ ਦੀ ਗ਼ਲਤ ਸਨਕ ਦੀ ਗ਼ਲਤ ਚੇਤਨਾ।… ਉਹ ਇਸ ਨੂੰ ਉਤਰ ਆਧੁਨਿਕ ਜਾਲ ਕਹਿੰਦਾ ਹੈ।[13] ਵਿਚਾਰਧਾਰਾ ਸੰਬੰਧੀ ਕਿਹਾ ਜਾ ਸਕਦਾ ਹੈ ਕਿ ਹਰ ਵਰਗ ਜਾਂ ਜਮਾਤ ਦੇ ਆਪਣੇ ਹਿੱਤਾਂ ਦੇ ਅਨੁਕੂਲ ਸਾਂਝੇ ਵਿਚਾਰ ਹੁੰਦੇ ਹਨ। ਇਹ ਵਿਚਾਰ ਉਸ ਵਰਗ ਦੇ ਇਤਿਹਾਸਿਕ ਅਨੁਭਵ ਅਤੇ ਬੌਧਿਕ ਚਿੰਤਨ ਦੀ ਉਪਜ ਹੁੰਦੇ ਹਨ, ਜਿਸ ਦੇ ਕੇਂਦਰ ਵਿੱਚ ਸਮਾਜਿਕ ਜਾਂ ਰਾਜਨੀਤਿਕ ਵਿਵਸਥਾ ਨਾਲ ਸੰਬੰਧਤ ਉਲੀਕੇ ਸਮੂਰਤ ਜਾਂ ਅਮੂਰਤ ਪ੍ਰੋਗਰਾਮ ਹੁੰਦੇ ਹਨ। ਇਸ ਦੀ ਸਫਲਤਾ ਲਈ ਕਿਸੇ ਵਿਸ਼ੇਸ਼ ਜਮਾਤ ਜਾਂ ਵਰਗ ਨੂੰ ਪ੍ਰਤੀਬੱਧ ਸੰਘਰਸ਼ ਕਰਨਾ ਪੈਂਦਾ ਹੈ। ਇਸ ਪ੍ਰਕਾਰ ਦੇ ਵਿਚਾਰਾਂ ਦੇ ਸਮੂਹਿਕ ਰੂਪ ਨੂੰ ਉਸ ਵਰਗ ਦੀ ਵਿਚਾਰਧਾਰਾ ਕਿਹਾ ਜਾਂਦਾ ਹੈ। ਹਰ ਵਰਗ ਨੂੰ ਆਪਣੀ ਵਿਚਾਰਧਾਰਾ `ਤੇ ਪੂਰਨ ਭਰੋਸਾ ਹੁੰਦਾ ਹੈ। ਉਹ ਆਪਣੀ ਵਿਚਾਰਧਾਰਾ ਨੂੰ ਤਰਕਾਂ-ਵਿਤਰਕਾਂ ਰਾਹੀਂ ਸਹੀ ਸਿੱਧ ਕਰਨ ਦੇ ਯਤਨ `ਚ ਰਹਿੰਦਾ ਹੈ। ਇਸ ਲਈ ਵਿਚਾਰਧਾਰਾਵਾਂ ਲਈ ਸਹੀ ਜਾ ਗ਼ਲਤ ਹੋਣਾ ਜ਼ਰੂਰੀ ਨਹੀਂ ਹੁੰਦਾ। ਮੈਟਾ ਵਿਚਾਰਧਾਰਾਈ ਆਲੋਚਨਾ ਵਿੱਚ ਵਿਚਾਰਧਾਰਾ ਸੰਬੰਧੀ ਮੁਲਾਂਕਣ ਦੀ ਇਹ ਪ੍ਰਵਿਰਤੀ ਪ੍ਰਚਲਿਤ ਹੈ ਕਿ ‘ਵਿਚਾਰਧਾਰਾ ਯਥਾਰਥ ਸੰਬੰਧੀ ਕੁੱਝ ਸਾਧਾਰਨ ਧਾਰਨਾਵਾਂ `ਤੇ ਆਧਾਰਿਤ ਵਿਚਾਰਾਂ ਦਾ ਇੱਕ ਵਿਸਤ੍ਰਿਤ ਪ੍ਰਬੰਧ ਹੈ ਤੇ ਉਸ ਲਈ ਇਹ ਜ਼ਰੂਰੀ ਨਹੀਂ ਕਿ ਉਹ ਸੱਚ ਜਾਂ ਯਥਾਰਥਕ ਤੱਥਾਂ `ਤੇ ਆਧਾਰਿਤ ਹੋਵੇ। ਉਹ ਸੱਚ ਜਿਸ `ਤੇ ਵਿਚਾਰਧਾਰਾ ਦਾ ਪ੍ਰਬੰਧ ਸਿਰਜਿਆ ਗਿਆ ਹੁੰਦਾ ਹੈ, ਤੱਥਾਂ `ਤੇ ਆਧਾਰਿਤ ਹੋ ਵੀ ਸਕਦਾ ਹੈ ਅਤੇ ਨਹੀਂ ਵੀ।`[14] ਇਸ ਲਈ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਣ ਵਾਲੇ ਆਪਣੀ ਵਿਚਾਰਧਾਰਾ ਪ੍ਰਤੀ ਪੂਰੇ ਵਿਸ਼ਵਾਸਪਰਕ ਹੁੰਦੇ ਹਨ ਤੇ ਉਹਨਾਂ ਨੂੰ ਆਪਣੀ ਵਿਚਾਰਧਾਰਾ `ਤੇ ਪੂਰਾ ਭਰੋਸਾ ਹੁੰਦਾ ਹੈ। ਇਸ ਪ੍ਰਕਾਰ ਵਿਚਾਰਧਾਰਾ ਦਾ ਸੰਕਲਪ ਆਪਣੇ ਆਰੰਭਕ ਸਮੇਂ ਤੋਂ ਲੈ ਕੇ ਸਮਕਾਲੀ ਸਮੇਂ ਤੱਕ ਦਾਰਸ਼ਨਿਕ ਤੇ ਰਾਜਨੀਤਿਕ ਵਾਦ-ਵਿਵਾਦ ਦਾ ਵਿਸ਼ਾ ਰਿਹਾ ਹੈ। ਡੈਸਟਟ ਦੀ ਟਰੇਸੀ(Destutt de Tracy) ਦੁਆਰਾ ਇਸ ਸ਼ਬਦ ਨੂੰ ਵਿਚਾਰਾਂ ਦੇ ਵਿਗਿਆਨ ਦੇ ਇੱਕ ਪੱਖ ਲਈ ਵਰਤੇ ਜਾਣ ਤੋ ਲੈ ਕੇ ਉੱਤਰ-ਆਧੁਨਿਕ ਸਥਿਤੀ ਤੱਕ ਇਹ ਸ਼ਬਦ ਸੰਕਲਪ ਦਾ ਰੂਪ ਧਾਰਨ ਕਰਦਾ ਹੈ। ਮਾਰਕਸ ਸਮਾਜ ਵਿਚਲੇ ਪੈਦਾਵਾਰੀ ਸਾਧਨਾਂ `ਤੇ ਕਾਬਜ਼ ਜਮਾਤ ਦੀ ਲੁਕਵੇਂ ਰੂਪ ਵਿੱਚ ਸਹਾਇਤਾ ਕਰਨ ਤੇ ਲੁਕਾਈ ਨੂੰ ਭਰਮਾਉਣ ਵਾਲੀ ਵਿਚਾਰਧਾਰਾ ਨੂੰ ਭਰਮ ਚੇਤਨਾ ਦੇ ਤੌਰ `ਤੇ ਪ੍ਰਭਾਸ਼ਿਤ ਕਰਦਾ ਹੈ। ਇਸ ਭਰਮ ਚੇਤਨਾ ਵਾਲੀ ਬੁਰਜ਼ੂਆ ਵਿਚਾਰਧਾਰਾ ਦੇ ਵਿਰੋਧ ਵਿੱਚ ਪ੍ਰੋਲੇਤਾਰੀ ਵਿਚਾਰਧਾਰਾ ਨੂੰ ਪੇਸ਼ ਕਰਦਾ ਹੈ। ਲੈਨਿਨ ਪ੍ਰੋਲੇਤਾਰੀ ਵਿਚਾਰਧਾਰਾ ਦੇ ਆਧਾਰ `ਤੇ ਹੀ ਸੋਵੀਅਤ ਰੂਸ ਵਿੱਚ ਸਮਾਜਵਾਦੀ ਰਾਜ ਦੀ ਸਥਾਪਨਾ ਕਰਦਾ ਹੈ। ਇਸ ਸਮੇਂ ਤੋਂ ਹੀ ਸਮਾਜਵਾਦੀ ਸੋਵੀਅਤ ਦੇਸ਼ਾਂ ਅਤੇ ਸਾਮਰਾਜੀ ਦੇਸ਼ਾਂ ਵਿੱਚ ਵਿਚਾਰਧਾਰਕ ਪੱਧਰ `ਤੇ ਸ਼ੀਤ ਯੁੱਧ ਸ਼ੁਰੂ ਹੋ ਜਾਂਦਾ ਹੈ। ਲੰਮੇ ਸਮੇਂ ਚੱਲੇ ਇਸ ਯੁੱਧ ਵਿੱਚ ਸੋਵੀਅਤ ਦੇਸ਼ ਹਾਰ ਜਾਂਦੇ ਹਨ ਅਤੇ 1989 ਵਿੱਚ ਸੋਵੀਅਤ ਯੂਨੀਅਨ ਦੀ ਸਮਾਜਵਾਦੀ ਸਟੇਟ ਬਿਖਰ ਜਾਂਦੀ ਹੈ। ਇਸ ਤੋਂ ਬਾਅਦ ਸਾਮਰਾਜਵਾਦੀ ਦੇਸ਼ ਵਿਚਾਰਧਾਰਕ ਪੱਧਰ `ਤੇ ਵਿਸ਼ਵ ਨੂੰ ਆਪਣੀ ਪਕੜ ਵਿੱਚ ਲੈਂਦੇ ਹੋਏ ਆਪਣੀ ਵਿਚਾਰਧਾਰਾ ਨੂੰ ਉਦਾਰਵਾਦੀ ਲੋਕਤੰਤਰ ਰਾਹੀਂ ਲੁਕਾਈ ਦਾ ਹਿੱਸਾ ਬਣਾਉਣ ਦਾ ਯਤਨ ਕਰਦੇ ਹਨ। ਇਸ ਸਮੇਂ ਦੌਰਾਨ ਹੀ ਮਨੁੱਖੀ ਸਮਾਜ ਦੇ ਉਤਰ-ਆਧੁਨਿਕ ਯੁੱਗ ਵਿੱਚ ਪ੍ਰਵੇਸ਼ ਕਰਨ ਅਤੇ ਇਕਹਿਰੀ ਵਿਚਾਰਧਾਰਾ ਦੇ ਅੰਤ ਵਾਲੇ ਵਿਚਾਰ ਸਾਹਮਣੇ ਆਉਂਦੇ ਹਨ। ਇੱਕੀਵੀਂ ਸਦੀ ਸਮਾਜਿਕ, ਰਾਜਨੀਤਿਕ ਤੇ ਆਰਥਿਕ ਤਬਦੀਲੀਆਂ ਕਾਰਨ ਵਿਸ਼ੇਸ਼ ਹੈ। ਇਸ ਵਿਸ਼ੇਸ਼ਤਾ ਦਾ ਕਾਰਨ ਵਿਕਸਿਤ ਪੂੰਜੀਵਾਦ ਦੁਆਰਾ ਪੈਦਾ ਕੀਤੀ ਅਜਿਹੀ ਸਮਾਜਿਕ ਵਿਵਸਥਾ ਹੈ ਜੋ ਮਹਾਂ-ਬਿਰਤਾਂਤ ਦੀ ਥਾਂ ਅਲਪ ਬਿਰਤਾਂਤ ਨੂੰ ਕੇਂਦਰ ਵਿੱਚ ਰੱਖਦੀ ਹੈ। ਇਸ ਦੇ ਨਾਲ ਹੀ ਇਸ ਸਮਾਜਿਕ ਵਿਵਸਥਾ ਵਿੱਚ ਵਿਲੱਖਣਤਾਵਾਂ, ਵਿਕੇਂਦਰੀਕਰਨ, ਸਮਾਨੰਤਰਤਾ ਅਤੇ ਬਹੁਲਤਾ ਦੇ ਸੰਕਲਪ ਸਾਹਮਣੇ ਲਿਆਂਦੇ ਜਾ ਰਹੇ ਹਨ। ਵਿਚਾਰਧਾਰਾ ਦੇ ਪੱਖ ਤੋਂ ਇਸ ਸਦੀ ਵਿੱਚ ਇੱਕ ਵਿਚਾਰਧਾਰਾ ਦੇ ਸੰਕਲਪ ਨੂੰ ਰੱਦ ਕਰਕੇ ਸਮਾਨੰਤਰ ਬਹੁ-ਵਿਚਾਰਧਾਰਾਵਾਂ ਪ੍ਰਚਲਿਤ ਹੋਣ ਦੇ ਸੰਕਲਪ ਨੂੰ ਸਾਹਮਣੇ ਲਿਆਂਦਾ ਜਾ ਰਿਹਾ ਹੈ। ਖੁੱਲ੍ਹੀ ਆਰਥਿਕਤਾ, ਖੁੱਲ੍ਹੀ ਸਮਾਜਿਕਤਾ ਤੇ ਉਦਾਰਵਾਦੀ ਦ੍ਰਿਸ਼ਟੀਕੋਣ ਦੇ ਰੂਪ ਵਿੱਚ ਵਿਸ਼ਵੀਕਰਨ ਦਾ ਸੰਕਲਪ ਸਮੁੱਚੇ ਵਿਸ਼ਵ ਨੂੰ ਇੱਕ ਗਲੋਬਲ ਪਿੰਡ ਦੇ ਰੂਪ ਵਿੱਚ ਪੇਸ਼ ਕਰ ਰਿਹਾ ਹੈ। ਵਿਸ਼ਵੀਕਰਨ ਦਾ ਖ਼ਾਸਾ ਉਪਭੋਗਤਾਵਾਦੀ ਹੈ। ਜਿਸ ਕਾਰਨ ਇਹ ਮਨੁੱਖੀ ਮਾਨਸਿਕਤਾ ਨੂੰ ਉਪਭੋਗਤਾਵਾਦੀ ਸੱਭਿਆਚਾਰ ਦਾ ਸ਼ਿਕਾਰ ਬਣਾ ਰਿਹਾ ਹੈ। ਵਿਸ਼ਵੀਕਰਨ ਦੇ ਸੰਕਲਪ ਨੂੰ ਉਤਰ-ਆਧੁਨਿਕਤਾਵਾਦੀ ਵਿਚਾਰਧਾਰਾ ਦੇ ਤੌਰ `ਤੇ ਪਰਿਭਾਸ਼ਿਤ ਕੀਤਾ ਜਾਣ ਲੱਗਾ ਹੈ, ਜਿਸ ਦੇ ਮੂਲ ਲੱਛਣ ਵੱਧ ਤੋਂ ਵੱਧ ਮੁਨਾਫ਼ਾ ਅਤੇ ਸੱਤਾ ਪ੍ਰਾਪਤੀ ਕਹੇ ਜਾ ਸਕਦੇ ਹਨ। ਵਿਸ਼ਵੀਕਰਨ ਦੀ ਇਸ ਵਿਚਾਰਧਾਰਾ ਨੇ ਪਛੜੇ ਮੁਲਕ ਦੇ ਮਜ਼ਦੂਰ ਦੀ ਚੇਤਨਾ ਤੱਕ ਨੂੰ ਵੀ ਉਪਭੋਗਤਾਵਾਦ ਦੇ ਜਾਲ ਵਿੱਚ ਫਸਾ ਲਿਆ ਹੈ। ਸਮਾਜ ਦੇ ਮੱਧਵਰਗ ਨੂੰ ਇਹ ਸਭ ਤੋਂ ਵੱਧ ਪ੍ਰਭਾਵਿਤ ਕਰ ਰਹੀ ਹੈ। ਉਹ ਆਪਣੀ ਜ਼ਿੰਦਗੀ ਜਿਊਣ ਦਾ ਆਧਾਰ ਉਪਭੋਗਤਾਵਾਦੀ ਕਦਰਾਂ ਕੀਮਤਾਂ ਨੂੰ ਬਣਾਉਣ ਲੱਗਾ ਹੈ, ਜਿਸ ਕਾਰਨ ਉਸ ਦੀ ਉੱਚਤਾ ਅਤੇ ਪਛਾਣ ਇਨ੍ਹਾਂ ਵਸਤਾਂ ਦੇ ਇਕੱਤਰੀਕਰਨ ਤੇ ਉਪਭੋਗ ਨਾਲ ਮਾਪੀ ਜਾਣ ਲੱਗੀ ਹੈ। ਸਮੁੱਚਾ ਵਿਸ਼ਵ ਹੀ ਇੱਕ ਬਾਜ਼ਾਰ ਦਾ ਰੂਪ ਧਾਰਨ ਕਰ ਗਿਆ ਪ੍ਰਤੀਤ ਹੁੰਦਾ ਹੈ। ਜਿਸ ਕਾਰਨ ਸਮਾਜ ਵਿੱਚੋਂ ਹਰ ਵਸਤ ਨੂੰ ਵੇਚੀ ਅਤੇ ਖ਼ਰੀਦੀ ਜਾਣ ਵਾਲੀ ਵਸਤ ਵਜੋਂ ਪੇਸ਼ ਕੀਤਾ ਜਾਣ ਲੱਗਾ ਹੈ। ਵਸਤੂਕਰਨ ਦੀ ਇਸ ਪ੍ਰਕਿਰਿਆ ਕਾਰਨ ਸਮਾਜ ਦੇ ਰੂਪ ਨੂੰ ਵਸਤੂ ਦੁਆਰਾ ਹੀ ਨਿਰਧਾਰਿਤ ਕੀਤਾ ਜਾਣ ਲੱਗਾ ਹੈ। ਵਿਕਸਿਤ ਪੂੰਜੀਵਾਦ ਦੀ ਪ੍ਰੋੜ੍ਹਤਾ ਕਰਨ ਵਾਲੇ ਚਿੰਤਕਾਂ ਨੇ ਉਦਾਰਵਾਦੀ ਲੋਕਤੰਤਰ ਨੂੰ ਸਮਾਜਿਕ ਵਿਕਾਸ ਦਾ ਅੰਤਿਮ ਪੜਾਅ ਦੱਸਿਆ ਹੈ। ਉਹਨਾਂ ਦਾ ਮੰਨਣਾ ਹੈ ਕਿ ਵਿਕਸਿਤ ਪੂੰਜੀਵਾਦ ਦੀ ਆਪਣੀ ਯੁੱਧ-ਨੀਤੀ ਅਤੇ ਦਾਅ-ਪੇਚਾਂ ਦੇ ਸਿੱਟੇ ਵਜੋਂ ਮਜ਼ਦੂਰ ਜਮਾਤ ਆਪਣੀ ਵਿਦਰੋਹ ਭਰਪੂਰ ਜਮਾਤੀ ਚੇਤਨਾ ਤੋਂ ਵਿਹੂਣੀ ਹੋ ਗਈ ਹੈ। ਜਿਸ ਕਾਰਨ ਕੋਈ ਹੋਰ ਸਮਾਜਿਕ ਤਬਦੀਲੀ ਸੰਭਵ ਨਹੀਂ। ਵਿਰੋਧ ਜਮਾਤੀ, ਸੰਗਠਿਤ, ਬੱਝਵਾਂ ਅਤੇ ਏਕੀਕ੍ਰਿਤ ਹੋਣ ਦੀ ਥਾਂ ਟੁੱਟਵੇਂ ਟੁਕੜਿਆਂ ਵਿੱਚ ਵੰਡ ਕੇ ਤੱਤ ਫੱਟ ਰੂਪ ਵਿੱਚ ਪ੍ਰਗਟ ਹੋਣ ਦੇ ਰਾਹ ਪੈ ਗਿਆ ਹੈ। ਇਸ ਪ੍ਰਕਾਰ ਉਹ ਇਕਹਿਰੇ ਪਰਿਪੇਖ ਦੀ ਥਾਂ ਸਮਾਨਾਂਤਰ ਬਹੁ-ਪਰਿਪੇਖੀ ਵਿਚਾਰਧਾਰਾਵਾਂ ਦੇ ਪ੍ਰਚਲਿਤ ਹੋਣ ਦੀ ਗੱਲ ਕਰਕੇ ਜਮਾਤੀ ਸਮਾਜ ਦੀ ਮੁੱਖ ਵਿਰੋਧਤਾਈ ਨੂੰ ਸਾਹਮਣੇ ਰੱਖਣ ਦੀ ਥਾਂ ਗੌਣ ਵਿਰੋਧਤਾਈਆਂ `ਤੇ ਟੇਕ ਰੱਖਣ ਦੀ ਵਕਾਲਤ ਕਰਦੇ ਪ੍ਰਤੀਤ ਹੋ ਰਹੇ ਹਨ। ਉਤਰ-ਆਧੁਨਿਕਤਾ ਦਾ ਸਮਰਥਨ ਕਰਨ ਵਾਲੇ ਇਸ ਨੂੰ ਮਾਨਵ ਪੱਖੀ ਸੰਕਲਪਾਂ ਨਾਲ ਜੋੜ ਕੇ ਪੇਸ਼ ਕਰ ਰਹੇ ਹਨ। ਉਹਨਾਂ ਅਨੁਸਾਰ ਉਤਰ-ਆਧੁਨਿਕਤਾ ਦੇ ਆਉਣ ਨਾਲ ਹਾਸ਼ੀਏ `ਤੇ ਪਏ ਪੱਖ ਕੇਂਦਰ ਵਿੱਚ ਆਏ ਹਨ। ਜਿਵੇਂ, ਦੱਬੀਆਂ ਕੌਮੀਅਤਾਂ, ਨਾਰੀ ਵਰਗ, ਨਿਮਨ ਕਿਸਾਨ ਵਰਗ, ਦਲਿਤ ਵਰਗ, ਪਰਵਾਸੀ ਵਰਗ ਅਤੇ ਹੋਰ ਨਸਲੀ ਵਰਗ ਆਦਿ ਦੀ ਪਛਾਣ ਦੇ ਮਸਲੇ ਵਿਸ਼ਵ ਪੱਧਰ `ਤੇ ਅਗਰ-ਭੂਮੀ ਵਿੱਚ ਆ ਰਹੇ ਹਨ। ਉਹਨਾਂ ਦਾ ਮੰਨਣਾ ਹੈ ਕਿ ਆਧੁਨਿਕਤਾ ਨੇ ਤਰਕਸ਼ੀਲਤਾ ਤੇ ਵਿਗਿਆਨਿਕ ਤਰੱਕੀ ਦੇ ਨਾਂ `ਤੇ ਪ੍ਰਕਿਰਤੀ ਅਤੇ ਕਿਰਤੀ ਮਨੁੱਖ ਦੀ ਅੰਨ੍ਹੀ ਲੁੱਟ ਕੀਤੀ ਹੈ, ਜਿਸ ਨਾਲ ਪ੍ਰਕਿਰਤੀ ਤੇ ਮਨੁੱਖਤਾ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਦੇ ਵਿਰੋਧ ਵਜੋਂ ਹੀ ਉਤਰ-ਆਧੁਨਿਕਤਾ ਮਹਾਂ-ਬਿਰਤਾਂਤਾਂ ਦੇ ਏਕਾਧਿਕਾਰ ਦੀ ਥਾਂ ਲਘੂ-ਬਿਰਤਾਂਤਾਂ ਦੀ ਪੁਨਰ ਪਛਾਣ `ਤੇ ਬਲ ਦਿੰਦੀ ਹੈ। ਇਸ ਦੇ ਮੂਲ ਮੁੱਦੇ ਵੀ ਕੁਦਰਤੀ ਵਾਤਾਵਰਨ ਦਾ ਉਜਾੜਾ ਅਤੇ ਹਾਸ਼ੀਆਗ੍ਰਸਤ ਵਰਗਾਂ ਦੀ ਮਿਟ ਰਹੀ ਪਛਾਣ ਬਣਦੇ ਹਨ। ਇਸ ਸੰਦਰਭ ਵਿੱਚ ਇਕਹਿਰੀ ਵਿਚਾਰਧਾਰਾ ਦੀ ਥਾਂ ਬਰਾਬਰ ਵਿਚਾਰਧਾਰਾਵਾਂ ਦੇ ਵਿਚਰਨ ਦੀ ਪ੍ਰੋੜ੍ਹਤਾ ਕਰਨ ਵਾਲੇ ਵਿਚਾਰ ਸਾਹਮਣੇ ਆਉਂਦੇ ਹਨ। ਇਸ ਸੰਬੰਧੀ ਸੁਤਿੰਦਰ ਸਿੰਘ ਨੂਰ ਦੇ ਵਿਚਾਰ ਵੀ ਵੇਖੇ ਜਾ ਸਕਦੇ ਹਨ। ਉਹਨਾਂ ਅਨੁਸਾਰ, “ਅਸੀਂ ਇੱਕ ਵਿਚਾਰਧਾਰਾ ਦੀ ਜਕੜ ਵਿੱਚੋਂ ਨਿਕਲ ਚੁੱਕੇ ਹਾਂ, ਬਰਾਬਰ ਵਿਚਾਰਧਾਰਾਵਾਂ ਦੀ ਹੋਂਦ ਨੂੰ ਸਵੀਕਾਰ ਕਰਦਿਆਂ ਵੀ ਅਸੀਂ ਅਲਥੂਸਰ ਵਾਂਗ ਮਾਨਵੀ ਸਰੋਕਾਰਾਂ ਦਾ ਵਿਰੋਧ ਕਰਦੀ ਹਰ ਕਿਸਮ ਦੀ ਕੱਟੜ ਵਿਚਾਰਧਾਰਾ ਦੀ ਪਛਾਣ ਕਰ ਲੈਂਦੇ ਹਾਂ। ਮਾਨਵੀ ਦ੍ਰਿਸ਼ਟੀ ਤੋਂ ਵਿਸਤ੍ਰਿਤ ਹੁੰਦੀ ਵਿਚਾਰਧਾਰਾ ਦਾ ਸੰਬੰਧ ਪ੍ਰਕਿਰਤੀ, ਸੁਖਾਵੇਂ ਸੰਬੰਧ, ਬ੍ਰਹਿਮੰਡ ਦੇ ਰਹੱਸਾਂ ਦੀ ਚੇਤਨਾ, ਵਿਗਿਆਨਿਕ ਦ੍ਰਿਸ਼ਟੀ, ਪ੍ਰਗਤੀ, ਨਵੀਨਤਾ ਸੁਹਜ ਨਾਲ ਇਕਸਾਰ ਰੂਪ ਵਿੱਚ ਜੁੜਦਾ ਹੈ। ਇਸ ਲਈ ਵਿਚਾਰਧਾਰਾ ਨਾ ਹੀ ਹੁਣ ਭਰਮ ਚੇਤਨਾ ਦਾ ਨਾਂਅ ਹੈ, ਨਾ ਹੀ ਆਰਥਿਕ ਨਿਸ਼ਚਿਤਾਵਾਦ ਨਾਲ ਸੰਬੰਧ ਹੈ, ਨਾ ਹੀ ਦ੍ਰਿਸ਼ਟੀ ਦਾ ਸੰਕੀਰਣਤਾ ਨਾਲ।”[15] ਇਸ ਪ੍ਰਕਾਰ ਵਿਚਾਰਧਾਰਾ ਦੇ ਪੱਧਰ `ਤੇ ਉਤਰ-ਆਧੁਨਿਕ ਚਿੰਤਨ ਨੂੰ ਨਵ-ਬਸਤੀਵਾਦੀ ਚਿੰਤਨ ਦੇ ਸਮਾਨੰਤਰ ਇੱਕ ਪ੍ਰਗਤੀਸ਼ੀਲ ਵਿਚਾਰਧਾਰਾ ਵਜੋਂ ਵਿਕਸਿਤ ਕੀਤੇ ਜਾਣ ਵਾਲੇ ਵਿਚਾਰ ਦੇ ਤੌਰ `ਤੇ ਪੇਸ਼ ਕੀਤਾ ਜਾ ਰਿਹਾ ਹੈ।[16] ਪਰ ਮਾਰਕਸਵਾਦੀ ਚਿੰਤਕਾਂ ਨੂੰ ਉਤਰ-ਆਧੁਨਿਕਤਾ ਦੀ ਵਿਸ਼ਵੀਕਰਨ ਵਾਲੀ ਵਿਚਾਰਧਾਰਾ ਪੂੰਜੀਵਾਦੀ ਵਿਵਸਥਾ ਨੂੰ ਜਾਇਜ਼ ਠਹਿਰਾਉਣ ਵਾਲੇ ਬੁੱਧੀਜੀਵੀਆਂ ਦਾ ਵਿਚਾਰ ਤੰਤਰ ਹੀ ਜਾਪਦਾ ਹੈ। ਉੱਤਰ-ਆਧੁਨਿਕ ਵਿਚਾਰਧਾਰਾ ਨੂੰ ਮਾਨਵ ਮੁਕਤੀ ਦਾ ਮਾਧਿਅਮ ਮੰਨ ਲੈਣਾ ਉਹਨਾਂ ਲਈ ਭ੍ਰਾਂਤੀ-ਪੂਰਨ ਚੇਤਨਾ ਹੀ ਹੈ। ਤਸਕੀਨ ਅਨੁਸਾਰ, “ਇਸ ਲਈ ਉਹ ਸੱਭਿਆਚਾਰਕ ਤਰਕਾਂ ਨੂੰ ਉਸਾਰ ਕੇ ਵਿਸ਼ਵੀਕਰਨ ਦੇ ਨਵੇਂ ਅਰਥਾਂ ਰਾਹੀਂ ਅਵਾਮ ਨੂੰ ਸੌੜੇ ਹਿੱਤਾਂ ਦਾ ਸ਼ਿਕਾਰ ਬਣਾ ਰਹੀ ਹੈ। ਐਥਨੀਸਿਟੀ ਰਾਹੀਂ ਜਾਤਾਂ, ਨਸਲਾਂ, ਸਮੂਹਾਂ ਦੇ ਸਥਾਨਕ ਸੱਭਿਆਚਾਰਾਂ ਦੇ ਗੋਰਵਾਂ ਨੂੰ ਮਹੱਤਵ ਦੇ ਕੇ ਕੌਮਾਂਤਰੀ ਮਜ਼ਦੂਰ ਲਹਿਰ ਨੂੰ ਵੰਡਣਾ ਹੁਣ ਉਸ ਦਾ ਮੁੱਖ ਉਦੇਸ਼ ਹੈ।”[17] ਇਸ ਪ੍ਰਕਾਰ ਇਸ ਦਾ ਵਿਰੋਧ ਕਰਨ ਵਾਲੇ ਇਸ ਉਤਰ-ਆਧੁਨਿਕ ਚਿੰਤਨ ਨੂੰ ਸਥਾਪਤੀ ਦੀ ਵਿਚਾਰਧਾਰਾ ਦਾ ਅੰਗ ਮੰਨਦੇ ਹਨ। ਉਹ ਇਸ ਨੂੰ ਭਰਮ ਚੇਤਨਾ ਦੇ ਰੂਪ ਵਜੋਂ ਲੈਂਦੇ ਹੋਏ ਪਛਾਣ, ਨਸਲੀ ਤੇ ਜਾਤੀ ਸਮੂਹਾਂ ਦੀ ਸੌੜੀ ਰਾਜਨੀਤੀ ਤੱਕ ਮਹਿਦੂਦ ਕਰ ਦਿੰਦੇ ਹਨ।1991 ਤੋਂ ਬਾਅਦ ਭਾਰਤ ਨੇ ਉਦਾਰੀਕਰਨ, ਨਿੱਜੀਕਰਨ ਤੇ ਵਿਸ਼ਵੀਕਰਨ ਦੀਆਂ ਨੀਤੀਆਂ `ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਪਰਿਪੇਖ ਵਿੱਚ ਹੀ ਉਤਰ ਆਧੁਨਿਕ ਚੇਤਨਾ ਵੀ ਚੇਤ-ਅਚੇਤ ਰੂਪ ਵਿੱਚ ਵਿਕਸਿਤ ਨਵ-ਪੂੰਜੀਵਾਦੀ ਪੱਛਮੀ ਦੇਸ਼ਾਂ ਨਾਲ ਸੰਵਾਦ ਰਚਾਉਂਦੀ ਹੋਈ ਪੰਜਾਬ ਸਮੇਤ ਭਾਰਤ ਦੇ ਸਮਾਜਿਕ ਜੀਵਨ ਪ੍ਰਬੰਧ ਨੂੰ ਪ੍ਰਭਾਵਿਤ ਕਰ ਰਹੀ ਹੈ। ਪੰਜਾਬੀ ਜੀਵਨ ਵਿਸ਼ਵੀਕਰਨ ਦੀ ਉਪਭੋਗਤਾਵਾਦੀ ਪ੍ਰਵਿਰਤੀ ਦਾ ਵੀ ਸ਼ਿਕਾਰ ਹੋ ਰਿਹਾ ਹੈ ਤੇ ਉੱਤਰ ਆਧੁਨਿਕਤਾ ਦੀ ਸਥਾਨੀਕਰਨ ਤੇ ਆਪਣੀ ਵੱਖਰੀ ਸੱਭਿਆਚਾਰਕ ਪਛਾਣ ਵਾਲੀ ਪ੍ਰਵਿਰਤੀ ਤੋਂ ਪ੍ਰਭਾਵਿਤ ਹੋ ਕੇ ਆਪਣੀ ਵੱਖਰੀ ਪਛਾਣ ਨੂੰ ਵਿਸ਼ਵ ਸੰਦਰਭ ਵਿੱਚ ਸਥਾਪਿਤ ਕਰਨ ਲਈ ਤਰਲੋ-ਮੱਛੀ ਵੀ ਹੋ ਰਿਹਾ ਹੈ। ਇਸ ਦੇ ਨਾਲ ਪੰਜਾਬੀ ਨਾਰੀ ਚਿੰਤਨ, ਪੰਜਾਬੀ ਦਲਿਤ ਚਿੰਤਨ ਤੇ ਪੰਜਾਬੀ ਪਰਵਾਸੀ ਚਿੰਤਨ ਵੀ ਪੰਜਾਬੀ ਵਿਚਾਰਧਾਰਾਕ-ਚਿੰਤਨ ਦਾ ਅਹਿਮ ਹਿੱਸਾ ਬਣਦੇ ਜਾ ਰਹੇ ਹਨ। ਇਸ ਪ੍ਰਕਾਰ ਵਿਸ਼ਵ ਸੰਦਰਭ ਵਿੱਚ ਇੱਕੀਵੀਂ ਸਦੀ ਦੇ ਨਵ-ਪੂੰਜੀਵਾਦੀ ਅਤੇ ਨਵ-ਬਸਤੀਵਾਦੀ ਮੁਹਾਂਦਰੇ ਨੇ ਵਿਚਾਰਧਾਰਾ ਦਾ ਸਰੂਪ ਤੇ ਪ੍ਰਕਾਰਜ ਬਦਲਿਆ ਹੈ ਅਤੇ ਇਸਨੂੰ ਆਪਣੀਆਂ ਲੋੜਾਂ ਅਨੁਸਾਰ ਢਾਲ ਕੇ ਮਨੁੱਖੀ ਚਿੰਤਨ ਨੂੰ ਇਸ ਪ੍ਰਤੀ ਵੱਖ-ਵੱਖ ਪੱਖਾਂ ਤੋਂ ਚਿੰਨਤ ਕਰਨ ਲਈ ਪ੍ਰੇਰਿਆ ਹੈ।