ਕਰੀਰ

ਖੁਸ਼ਕ ਇਲਾਕੇ ਦਾ ਝਾੜੀਦਾਰ ਬੂਟਾ

ਕਰੀਰ ਜਾਂ ਕੈਰ ਜਾਂ ਕੇਰਿਆ ਜਾਂ ਕੈਰਿਆ ਇੱਕ ਮਧਰੇ ਜਾਂ ਛੋਟੇ ਕੱਦ ਦਾ ਇੱਕ ਝਾੜੀਨੁਮਾ ਦਰਖ਼ਤ ਹੈ। ਵਿਗਿਆਨ ਦੀ ਭਾਸ਼ਾ ਵਿੱਚ ਕਰੀਰ ਨੂੰ ਕੈਪਾਰਿਸ ਡੈਸੀਡੂਆ (Capparis decidua) ਕਹਿੰਦੇ ਹਨ।

ਕਰੀਰ
ਕਰੀਰ ਦਾ ਦਰਖਤ
Scientific classification
Kingdom:
ਪਲਾਂਟੀ
Order:
ਬ੍ਰਾਸੀਕਾਲਸ
Family:
ਕਾਰੀਕਾਸੀਏ
Genus:
ਕੈਪਾਰਿਸ
Species:
ਸੀ ਡੈਸੀਡੂਆ
Binomial name
ਕੈਪਾਰਿਸ ਡੈਸੀਡੂਆ
ਫੋਰਸਕ

ਹੁਲੀਆ

ਇਹ ਦਰਖ਼ਤ ਆਮ ਤੌਰ 'ਤੇ 5 ਮੀਟਰ ਯਾਨੀ 15 ਫੁੱਟ ਤੋਂ ਵੱਡਾ ਨਹੀਂ ਪਾਇਆ ਜਾਂਦਾ।[1] ਇਹ ਆਮ ਤੌਰ 'ਤੇ ਰੇਤਲੇ ਖੁਸ਼ਕ ਬੀਆਬਾਨ ਖੇਤਰਾਂ ਵਿੱਚ ਪਾਇਆ ਜਾਂਦਾ ਹੈ। ਇਹ ਦੱਖਣ ਅਤੇ ਮਧ ਏਸ਼ੀਆ, ਅਫਰੀਕਾ, ਅਤੇ ਥਾਰ ਦੇ ਮਾਰੂਥਲ ਵਿੱਚ ਮੁੱਖ ਤੌਰ 'ਤੇ ਕੁਦਰਤੀ ਤੌਰ 'ਤੇ ਮਿਲਦਾ ਹੈ। ਕਰੀਰ ਦੇ ਪੱਤੇ ਬੱਸ ਨਾਮ ਲਈ ਹੁੰਦੇ ਹਨ ਅਤੇ ਉਹ ਵੀ ਨਵੇਂ ਨਿਕਲਦੇ ਟੂਸਿਆਂ ਤੇ ਹੀ ਨਜ਼ਰ ਪੈਂਦੇ ਹਨ। ਇਸ ਨੂੰ ਦੋ ਵਾਰ ਫਲ ਲੱਗਦੇ ਹਨ: ਮਈ ਅਤੇ ਅਕਤੂਬਰ ਵਿੱਚ। ਡੇਲੇ ਲੱਗਣ ਤੋਂ ਪਹਿਲਾਂ ਕੇਸਰੀ ਭਾਅ ਮਾਰਦੇ ਫੁੱਲ ਲੱਗਦੇ ਹਨ, ਜਿਹਨਾਂ ਨੂੰ ਪੰਜਾਬ ਦੇ ਮਾਲਵਾ ਖੇਤਰ ਵਿੱਚ ‘ਬਾਟਾ’ ਕਿਹਾ ਜਾਂਦਾ ਹੈ।[2] ਕੱਚੇ ਡੇਲਿਆਂ ਵਿੱਚ 35.73% ਖੁਸ਼ਕ ਪਦਾਰਥ, 18,76% ਪ੍ਰੋਟੀਨ, 5.97% ਚਰਬੀ, 57,36 ਫੀਸਦੀ ਕਾਰਬੋਹਾਈਡਰੇਟ, 12.5% ਕੱਚਾ ਫਾਈਬਰ, 580 ਮਿਲੀਗ੍ਰਾਮ ਸੋਡੀਅਮ, 48 ਮਿਲੀਗ੍ਰਾਮ ਫਾਸਫੋਰਸ ਹੁੰਦੀ ਹੈ।ਇਸ ਦੇ ਹਰੇ ਫਲਾਂ (ਡੇਲਿਆਂ) ਦਾ ਪ੍ਰਯੋਗ ਸਬਜੀ ਅਤੇ ਅਚਾਰ ਬਣਾਉਣ ਵਿੱਚ ਕੀਤਾ ਜਾਂਦਾ ਹੈ। ਇਸ ਦੀ ਸਬਜੀ ਅਤੇ ਅਚਾਰ ਅਤਿਅੰਤ ਸਵਾਦੀ ਹੁੰਦੇ ਹਨ। ਪੱਕੇ ਲਾਲ ਰੰਗ ਦੇ ਫਲ ਖਾਣ ਦੇ ਕੰਮ ਆਉਂਦੇ ਹਨ। ਹਰੇ ਫਲ ਨੂੰ ਸੁਕਾ ਕੇ ਉਸ ਦੀ ਵਰਤੋਂ ਕੜ੍ਹੀ ਬਣਾਉਣ ਵਿੱਚ ਕੀਤੀ ਜਾਂਦੀ ਹੈ। ਸੁੱਕੇ ਕੈਰ ਫਲ ਦੇ ਚੂਰਣ ਨੂੰ ਲੂਣ ਦੇ ਨਾਲ ਲੈਣ ਉੱਤੇ ਤੱਤਕਾਲ ਢਿੱਡ ਦਰਦ ਨੂੰ ਆਰਾਮ ਆ ਜਾਂਦਾ ਹੈ।

ਭਾਰਤੀ ਪਰੰਪਰਾ ਵਿੱਚ

ਮਹਾਂਭਾਰਤ ਵਿੱਚ ਕਰੀਰ ਦਾ ਵਰਣਨ ਪੀਲੂ ਅਤੇ ਸ਼ਮੀ ਦੇ ਨਾਲ ਕੀਤਾ ਗਿਆ ਹੈ। ਮਹਾਂਭਾਰਤ ਦੇ ਕਰਣ ਪਰਵ ਅਧਿਆਏ 30 ਸਲੋਕ 10 ਵਿੱਚ ਇੱਕ ਬਾਹੀਕ ਜੋ ਕੁਰੁ – ਜੰਗਲ ਦੇਸ਼ ਵਿੱਚ ਆਪਣੀ ਪਤਨੀ ਨੂੰ ਯਾਦ ਕਰਦਾ ਹੈ ਕਿ ਕਦੋਂ ਉਹ ਸਤਲੁਜ ਨਦੀ ਪਾਰ ਕਰ ਜਾਵੇਗਾ ਅਤੇ ਸ਼ਮੀ, ਪੀਲੂ ਅਤੇ ਕਰੀਰ ਦੇ ਵਣਾਂ ਵਿੱਚ ਜੌਂ ਦੇ ਸੱਤੂਆਂ ਦੇ ਬਣੇ ਲੱਡੂ ਦਾ ਬਿਨਾਂ ਪਾਣੀ ਦੇ ਦਹੀ ਦੇ ਨਾਲ ਸਵਾਦ ਲੈ ਸਕੇਗਾ।

  • ਸ਼ਮੀ ਪੀਲੁ ਕਰੀਰਾਣਾਂ ਵਨੇਸ਼ੁ ਸੁਖਵਰਤਮਸੁ (śamī pīlu karīrāṇāṃ vaneṣu sukhavartmasu)
  • ਅਪੂਪਾਨ ਸੱਤੂ ਪਿੰਡੀਸ਼ ਚ ਖਾਥੰਤੋ ਮਦਿਤਾਂਵਿਤਾ: (apūpān saktu piṇḍīś ca khādanto mathitānvitāḥ)

ਲੋਕਧਾਰਾ ਵਿੱਚ

ਪੰਜਾਬੀ ਲੋਕਧਾਰਾ ਵਿੱਚ

ਪੰਜਾਬੀ ਲੋਕਵਿਸ਼ਵਾਸ ਹੈ ਕਿ ਕਰੀਰ ਉੱਤੇ ਸ਼ੀਤਲਾ ਮਾਤਾ ਦਾ ਨਿਵਾਸ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਮਾਤਾ(ਚੇਚਕ) ਨਿਕਲੇ ਤਾਂ ਕਰੀਰ ਦੀ ਜੜ੍ਹਾਂ ਵਿੱਚ ਪਾਣੀ ਪਾਉਣ ਨਾਲ ਮਾਤਾ ਖੁਸ਼ ਹੁੰਦੀ ਹੈ। ਇਸ ਤਰ੍ਹਾਂ ਦਾਗ ਗਹਿਰੇ ਨਹੀਂ ਹੁੰਦੇ ਅਤੇ ਪੀੜਤ ਦਾ ਕੋਈ ਅੰਗ ਵੀ ਭੰਗ ਨਹੀਂ ਹੁੰਦਾ।[3]

ਬੁਝਾਰਤਾਂ

  • ਪਹਿਲੀ ਬੁਝਾਰਤ:

ਬਾਤ ਪਾਵਾਂ ਬਤੋਲੀ ਪਾਵਾਂ,
ਬੁੱਝੀਂ ਬਾਬਾ ਅਲੀ ਬਲੀ।
ਪੱਤ ਭਾਲਿਆਂ ਲੱਭਦਾ ਨਹੀਂ,
ਫਲ ਵਿਕੇਂਦਾ ਗਲੀ ਗਲੀ।

  • ਦੂਜੀ ਬੁਝਾਰਤ:

ਜੜ੍ਹ ਹਰੀ ਫੁੱਲ ਕੇਸਰੀ,
ਬਿਨ ਪੱਤਿਆਂ ਦੇ ਛਾਂ।
ਜਾਂਦਾ ਰਾਹੀ ਸੌਂ ਗਿਆ,
ਤਕ ਕੇ ਗੂੜ੍ਹੀ ਛਾਂ।

ਵਿਆਹ ਦੇ ਗੀਤਾਂ ਵਿੱਚ

ਚੰਦਨ ਚੌਂਕੀ ਮੈਂ ਡਾਹੀ ਭਾਬੋ!
ਕੋਈ ਚਾਰੇ ਪਾਵੇ ਕਰੀਰ
ਚੌਂਕੀ ’ਤੇ ਤੂੰ ਐਂ ਸਜੇਂ,
ਜਿਮੇਂ ਰਾਜੇ ਦੇ ਨਾਲ
ਨੀਂ ਭਾਬੋ ਪਿਆਰੀਏ ਨੀਂ ‘ਵਜੀਰ’।

ਰਾਜਸਥਾਨੀ ਲੋਕਧਾਰਾ ਵਿੱਚ

ਰਾਜਸਥਾਨੀ ਭਾਸ਼ਾ ਵਿੱਚ ਕੈਰ ਉੱਤੇ ਕਹਾਵਤਾਂ ਪ੍ਰਚੱਲਤ ਹਨ। ਕੁੱਝ ਕਹਾਵਤਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ:

ਬੈਠਣੋ ਛਾਇਆ ਮੈਂ ਹੁਓ ਭਲਾਂ ਕੈਰ ਹੀ, ਰਹਣਾਂ ਭਾਆਂ ਮੈਂ ਹੁਓ ਭਲਾਂ ਦੁਸ਼ਮਣੀ ਹੀ। ਅਰਥਾਤ ਬੈਠੋ ਛਾਇਆ ਵਿੱਚ ਚਾਹੇ ਕੈਰ ਹੀ ਹੋਵੇ ਅਤੇ ਰਹੋ ਭਰਾਵਾਂ ਦੇ ਵਿੱਚ ਚਾਹੇ ਦੁਸ਼ਮਣੀ ਹੀ ਹੋਵੇ।

ਗੈਲਰੀ

ਹਵਾਲੇ