ਜਪੁਜੀ ਸਾਹਿਬ

ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ।[1] ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ।[2] ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।

ਜਪੁ
ਲੇਖਕ - ਗੁਰੂ ਨਾਨਕ
ਮੂਲ ਸਿਰਲੇਖਜਪੁ
ਪਹਿਲੀ ਵਾਰ ਪ੍ਰਕਾਸ਼ਿਤਆਦਿ ਗ੍ਰੰਥ, 1604
ਦੇਸ਼ਭਾਰਤ
ਭਾਸ਼ਾਪੰਜਾਬੀ
ਸ਼ੈਲੀਰੂਹਾਨੀ ਕਾਵਿ
ਲਾਈਨਾਂ38 ਪੌੜੀਆਂ
ਪੰਨੇ1-8
ਇਸਤੋਂ ਬਾਅਦਸੋ ਦਰੁ ਰਾਗੁ ਆਸਾ ਮਹਲਾ 1

ਜਪੁਜੀ ਸਾਹਿਬ ਦੇ ਕੁੱਲ 40 ਅੰਗ ਹਨ, ਦਰਸ਼ਨ ਅਤੇ ਸੰਗੀਤ ਸਹਿਤ ਕੁੱਲ ਕਲਾ ਪਸਾਰਾਂ ਨਾਲ ਓਤਪੋਤ ਹੋ ਇੱਕ ਸੰਪੂਰਨ ਨਾਯਾਬ ਕਲਾਕ੍ਰਿਤੀ ਹਨ ਅਤੇ ਨਾਲੋਂ ਨਾਲ ਹਰ ਇਕਾਈ ਦੀ ਆਪਣੀ ਵੱਖਰੀ ਪਛਾਣ ਅਤੇ ਅਹਿਮੀਅਤ ਹੈ ਅਤੇ ਹਰੇਕ ਆਪਣੇ ਆਪ ਵਿੱਚ ਸੰਪੂਰਨ ਪ੍ਰਗੀਤਕ ਕਾਵਿਮਈ ਕਲਾਕ੍ਰਿਤੀ ਹੈ।

ਵ੍ਯੁਪੱਤੀ

ਜਪ (ਸੰਸਕ੍ਰਿਤ: जप) ਦਾ ਅਰਥ ਹੈ ਮੰਤਰ ਦਾ ਜਾਪ।

ਸੰਸਕ੍ਰਿਤ ਦਾ ਸ਼ਬਦ ਜਪ ਜਪ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ "ਨੀਵੀਂ ਆਵਾਜ਼ ਵਿੱਚ ਬੋਲਣਾ, ਅੰਦਰੋਂ ਦੁਹਰਾਉਣਾ, ਬੁੜਬੁੜਾਉਣਾ"।

ਹੇਠਾਂ ਜਾਪ ਦੇ ਕੁਝ ਪ੍ਰਵਾਨਿਤ ਅਰਥ ਹਨ:

ਜਪ (ਉ) ਦਾ ਪਰੰਪਰਾਗਤ ਅਰਥ ਹੈ ਪਾਠ ਕਰਨਾ, ਦੁਹਰਾਉਣਾ ਜਾਂ ਜਾਪ ਕਰਨਾ।

ਜਪ ਦਾ ਅਰਥ ਵੀ ਸਮਝਣਾ ਹੈ। ਗੁਰਬਾਣੀ ਹਵਾਲਾ ਦਿੰਦੀ ਹੈ ਐਸਾ ਗਿਆਨੁ ਜਪੋ ਮਨ ਮੇਰੇ, ਹੋਵਉ ਚਾਕਰ ਸਚੇ ਕੇਰੇ, ਜਿੱਥੇ ਜਪ ਸ਼ਬਦ ਦਾ ਅਰਥ ਹੈ ਬੁੱਧੀ ਨੂੰ ਸਮਝਣਾ।

ਮੂਲ ਮੰਤਰ ਤੋਂ ਬਾਦ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ "ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥" ਨਾਲ ਸਪਸ਼ਟ ਕੀਤਾ ਹੈ ਹੈ ਕਿ 'ਕੇਵਲ ਸਰੀਰ ਨੂੰ ਸਾਫ਼ ਕਰਨ ਨਾਲ ਮਨ ਨੂੰ ਸਾਫ ਨਹੀਂ ਕੀਤਾ ਜਾ ਸਕਦਾ, ਚੁੱਪ ਕਰਕੇ ਹੀ ਸ਼ਾਂਤੀ ਨਹੀਂ ਮਿਲ ਸਕਦੀ, ਭੋਜਨ ਦੁਆਰਾ ਹੀ ਮਨੁੱਖ ਆਪਣੀ ਭੁੱਖ ਮਿਟਾ ਨਹੀਂ ਸਕਦਾ, ਪਵਿੱਤਰ ਹੋਣ ਲਈ ਬ੍ਰਹਮ ਦੇ ਪਿਆਰ ਵਿੱਚ ਰਹਿਣਾ ਚਾਹੀਦਾ ਹੈ। ਰੱਬ ਦੀ ਨੇੜਤਾ ਜਾਪ, ਸਿਮਰਨ ਇਲਾਹੀ ਮਦਦ ਅਤੇ ਹਿਰਦੇ ਦੀ ਸਫ਼ਾਈ ਨਾਲ ਹੀ ਪ੍ਰਾਪਤ ਹੋ ਸਕਦੀ ਹੈ।[3] ਦੂਜੀ ਪਉੜੀ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਪਰਮਾਤਮਾ ਦੇ ਹੁਕਮ ਨਾਲ ਜ਼ਿੰਦਗੀ ਵਿੱਚ ਉਤਰਾਅ ਚੜਾਅ ਆਉਂਦਾ ਹੈ, ਉਹੀ ਹੈ ਜੋ ਦੁੱਖ ਅਤੇ ਖੁਸ਼ਹਾਲੀ ਦਾ ਕਾਰਨ ਬਣਦਾ ਹੈ, ਉਸੇ ਦਾ ਹੁਕਮ ਮੁੜ ਜਨਮ ਤੋਂ ਮੁਕਤ ਕਰਦਾ ਹੈ, ਅਤੇ ਇਹ ਉਸਦਾ ਹੁਕਮ ਹੈ ਜਿਸ ਦੁਆਰਾ ਮਨੁੱਖ ਸਦਾ ਜਨਮ ਚੱਕਰ ਦੇ ਚੱਕਰ ਵਿੱਚ ਰਹਿੰਦਾ ਹੈ। ਹੁਕਮ ਵਿੱਚ ਚੱਲ ਰਹੇ ਇਸ ਵਿਰਾਟ ਕਾਰੋਬਾਰ ਨੂੰ ਸਮਝ ਕਿ ਹੀ ਹਊਮੈ ਤੋਂ ਮੁਕਤ ਹੋਇਆ ਜਾ ਸਕਦਾ। ਬੰਦੇ ਨੂੰ ਉਸਦੀ ਰਜ਼ਾ ਵਿੱਚ ਰਹਿਣਾ ਤੇ ਅਮਲ ਕਰਨਾ ਲਾਜ਼ਮੀ ਹੈ।[3] ਤੀਜੀ ਪਉੜੀ ਵਿੱਚ ਗੁਣ-ਕੀਰਤਨ ਦਾ ਮਹੱਤਵ ਸਥਾਪਿਤ ਹੋਇਆ ਹੈ। ਗੁਣ-ਕੀਰਤਨ ਦੁਆਰਾ ਹੀ ਉਸ ਸੱਚੇ ਦੀਆਂ ਅਸੀਮ ਬਖ਼ਸ਼ਿਸ਼ਾਂ ਦਾ ਅਹਿਸਾਸ ਹੋ ਸਕਦਾ ਹੈ। ਉਸ ਦੀਆਂ ਬਖ਼ਸ਼ਿਸ਼ਾਂ ਦੀ ਬਰਸਾਤ ਹਮੇਸ਼ਾ ਜਾਰੀ ਰਹਿੰਦੀ ਹੈ।[3] ਪੰਜਵੀਂ ਪਉੜੀ ਕਹਿੰਦੀ ਹੈ ਕਿ ਉਸਦੇ ਕੋਲ ਬੇਅੰਤ ਗੁਣ ਹਨ, ਇਸ ਲਈ ਉਸ ਨੂੰ ਆਪਣਾ ਨਾਮ ਗਾਉਣਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ ਅਤੇ ਉਸ ਦੇ ਪਿਆਰ ਨੂੰ ਆਪਣੇ ਦਿਲ ਵਿੱਚ ਬਣਾਈ ਰੱਖਣਾ ਚਾਹੀਦਾ ਹੈ। "ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।" ਸਵੇਰ ਦੀ ਘੜੀ ਸ਼ੁਭ ਅਤੇ ਰੂਹਾਨੀ ਸ਼ਾਂਤੀ ਨਾਲ ਸਰਸਾਰ ਹੁੰਦੀ ਹੈ।[3][4]

ਅਨੁਵਾਦ

ਜਪੁਜੀ ਸਾਹਿਬ ਅੰਗਰੇਜ਼ੀ, ਫ਼ਾਰਸੀ, ਹਿੰਦੀ ਅਤੇ ਉਰਦੂ ਸਹਿਤ ਅਨੇਕਾਂ ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਗਏ ਹਨ।

ਫ਼ਾਰਸੀ ਅਨੁਵਾਦ

ਗੁਰੂ ਨਾਨਕ ਦੇਵ ਜੀ ਦੀ ਪੰਜਾਬੀ ਸਾਹਿਤ ਦੀ ਚੋਟੀ ਦੀ ਸਰਬਕਾਲੀ ਰਚਨਾ ਜਪੁ ਜੀ ਸਾਹਿਬ ਦਾ ਫ਼ਾਰਸੀ ਅਨੁਵਾਦ ਗੁਲਵੰਤ ਸਿੰਘ[5] ਅਤੇ ਭਾਈ ਲਕਸ਼ਵੀਰ ਸਿੰਘ ਨੇ ਕੀਤਾ ਹੈ।

ਮੁਨਾਜਾਤ-ਏ-ਬਾਮਦਾਦੀ, ਜਪੁ ਜੀ ਸਾਹਿਬ, ਅਸਲ-ਓ-ਤਰਜਮਾ ਬ ਸ਼ਿਅਰ-ਏ-ਫ਼ਾਰਸੀ ਭਾਈ ਲਕਸ਼ਵੀਰ ਸਿੰਘ ‘ਮੁਜ਼ਤਰ’ ਨਾਭਵੀ ਨੇ ਕੀਤਾ ਹੈ।[6] ਇਹ ਅਨੁਵਾਦ 1969 ਵਿੱਚ ਫ਼ਾਰਸੀ ਵਿੱਚ ਛਪ ਗਿਆ ਸੀ ਅਤੇ ਫ਼ਾਰਸੀ ਹਲਕਿਆਂ ਵਿੱਚ ਖਾਸ ਕਰ ਇਰਾਨ ਵਿੱਚ ਖੂਬ ਪੜ੍ਹੀ ਜਾਣ ਵਾਲੀ ਰਚਨਾ ਹੈ। ਫ਼ਾਰਸੀ ਸ਼ਬਦ ‘ਮੁਨਾਜਾਤ’ ਦਾ ਅਰਥ ਹੈ ਉਹ ਗੀਤ ਜੋ ਰੂਹਾਨੀ ਸਰੋਕਾਰਾਂ ਨੂੰ ਮੁਖ਼ਾਤਿਬ ਹੋਵੇ ਅਤੇ ‘ਬਾਮਦਾਦੀ’ ਸਵੇਰ ਦਾ ਵਕਤ।

ਉਰਦੂ ਅਨੁਵਾਦ

ਉਰਦੂ ਅਨੁਵਾਦ ਵਿੱਚ ਵੀ ਜਪੁ ਜੀ ਸਾਹਿਬ ਦੇ ਕਈ ਅਨੁਵਾਦ ਹੋਏ ਹਨ।ਇੱਕ ਅਨੁਵਾਦ ਲਾਲ ਸਿੰਘ ਆਨੰਦ ਨੇ ਕੀਤਾ ਹੈ।[7] ਲਾਹੌਰ ਦੇ ਖਵਾਜਾ ਦਿਲ ਮੁਹੰਮਦ ਨੇ ਵੀ ਜਪੁਜੀ ਸਾਹਿਬ ਦਾ ਉਰਦੂ ਵਿੱਚ ਅਨੁਵਾਦ ਕੀਤਾ ਸੀ।[8]

ਕਸ਼ਮੀਰੀ ਅਨੁਵਾਦ

ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਬੋਰਵਾਹ ਪਿੰਡ ਦੇ ਵਸਨੀਕ ਅਸਦੁੱਲਾਹ ਅਸਦ ਨੇ ਗ੍ਰੰਥ ਜਪਜੀ ਸਾਹਿਬ ਦਾ ਕਸ਼ਮੀਰੀ ਬੋਲੀ ਵਿੱਚ ਅਨੁਵਾਦ ਕੀਤਾ ਹੈ।[9]

ਹਵਾਲੇ

ਬਾਹਰਲੇ ਲਿੰਕ