ਵਿਸ਼ਵ ਰੰਗਮੰਚ ਦਿਵਸ

(ਵਿਸ਼ਵ ਥੀਏਟਰ ਦਿਵਸ ਤੋਂ ਰੀਡਿਰੈਕਟ)

ਵਿਸ਼ਵ ਰੰਗਮੰਚ ਦਿਵਸ ਜਾਂ ਵਿਸ਼ਵ ਥੀਏਟਰ ਦਿਵਸ 27 ਮਾਰਚ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਇਹ ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ ਨੇ 1961 ਵਿੱਚ ਸਥਾਪਿਤ ਕੀਤਾ ਸੀ।[1]

ਵਿਸ਼ਵ ਰੰਗਮੰਚ ਦਿਵਸ
ਵਿਸ਼ਵ ਰੰਗਮੰਚ ਦਿਵਸ 2010 ਲਈ ਇੱਕ ਪੇਸ਼ਕਾਰੀ
ਕਿਸਮਇੰਟਰਨੈਸ਼ਨਲ
ਮਿਤੀ27 ਮਾਰਚ
ਬਾਰੰਬਾਰਤਾਸਾਲਾਨਾ
ਘਾਸੀਰਾਮ ਕੋਤਵਾਲ ਨਾਟਕ
ਕੋਰਟ ਮਾਰਸ਼ਲ ਨਾਤਕ
ਚਾਣਕਿਆ ਨਾਟਕ

ਇਤਿਹਾਸ

ਜੂਨ 1961 ਵਿੱਚ ‘ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ’ ਦੀ ਵਿਆਨਾ ਵਿਖੇ ਹੋਈ ਨੌਂਵੀਂ ਵਿਸ਼ਵ ਕਾਂਗਰਸ ਵਿੱਚ ਸੰਸਥਾ ਦੇ ਪ੍ਰਧਾਨ ਐਰਵੀ ਕਿਵੀਨਾ ਨੇ ਇਸ ਦੇ ਫਿ਼ਨਿਸ਼ ਸੈਂਟਰ ਦੇ ਬੀਹਾਫ਼ `ਤੇ ਇੱਕ ‘ਵਿਸ਼ਵ ਰੰਗਮੰਚ ਦਿਵਸ’ ਮਿਥਣ ਦਾ ਮਤਾ ਰੱਖਿਆ ਜਿਸ ਦੀ ਤਾਈਦ ਸਕੈਂਡੀਨੈਵੀਆਨਾ ਸੈਂਟਰ ਨੇ ਕੀਤੀ ਜਿਸ ਨੂੰ ਰੰਗਮੰਚ ਖੇਤਰ ਵਿੱਚ ਕੰਮ ਕਰਦੇ ਸਭਨਾਂ ਲੋਕਾਂ ਨੇ ਪ੍ਰਵਾਨਗੀ ਦਿੱਤੀ। ਇਸ ਮਗਰੋਂ ਹਰ ਸਾਲ 27 ਮਾਰਚ ਨੂੰ ਮਨਾਇਆ ਜਾਣ ਲੱਗਾ ਅਤੇ ਪਹਿਲੀ ਵਾਰ ਇਸ ਨੂੰ 1962 ਨੂੰ ਇਸੇ ਦਿਨ ਪੈਰਿਸ ਵਿੱਚ ‘ਥੀਏਟਰ ਆਫ਼ ਨੇਸ਼ਨਜ਼’ ਦੇ ਤੌਰ `ਤੇ ਮਨਾਇਆ ਗਿਆ। ਇਸ ਸਾਲ ਮਗਰੋਂ ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ ਦੇ ਵਿਸ਼ਵ ਭਰ ਵਿਚਲੇ 100 ਤੋਂ ਵੱਧ ਸੈਂਟਰਾਂ ਵਿੱਚ ਮਨਾਇਆ ਜਾ ਰਿਹਾ ਹੈ।

ਮੰਤਵ

ਮੁੱਖ ਮੰਤਵ ਪ੍ਰਫਾਰਮਿੰਗ ਆਰਟ ਦੀ ਅੰਤਰਰਾਸ਼ਟਰੀ ਪੱਧਰ ਦੀ ਜਾਣਕਾਰੀ ਰੰਗਕਰਮੀਆਂ ਵਿੱਚ ਵੰਡਣਾ ਸੀ ਤਾਂ ਕਿ ਆਪਸੀ ਸੂਝਬੂਝ ਤੇ ਇਸ ਵਿਧਾ ਰਾਹੀਂ ਵਿਸ਼ਵ ਸ਼ਾਂਤੀ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਕੇ ਯੂਨੈਸਕੋ ਦੇ ਨਿਸ਼ਾਨਿਆਂ ਨੂੰ ਵਿਸ਼ਵ ਭਰ ਦੇ ਲੋਕਾਂ ਤੱਕ ਪਹੁੰਚਾਇਆ ਜਾਵੇ। 27 ਮਾਰਚ ਨੂੰ ਹਰੇਕ ਸਾਲ ਕਿਸੇ ਪ੍ਰਮੁੱਖ ਥੀਏਟਰ ਸ਼ਖ਼ਸੀਅਤ ਜਾਂ ਕਿਸੇ ਦੂਸਰੇ ਖੇਤਰ ਦੇ ਪ੍ਰਮੁੱਖ ਵਿਅਕਤੀ ਨੂੰ ਵਿਸ਼ਵ ਭਾਈਚਾਰੇ ਲਈ ਆਪਣੇ ਪ੍ਰਭਾਵ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਜਿਸ ਵੱਲੋਂ ਇੱਕ ਸੰਦੇਸ਼ ਜਾਰੀ ਕੀਤਾ ਜਾਂਦਾ ਹੈ ਜਿਸ ਦਾ 20 ਭਾਸ਼ਾਵਾਂ ਵਿੱਚ ਤਰਜਮਾ ਕਰਕੇ ਵਿਸ਼ਵ ਭਰ ਵਿੱਚ ਲੱਖਾਂ ਕਰੋੜਾਂ ਨਾਟਕ ਪ੍ਰੇਮੀਆਂ ਸਾਹਮਣੇ ਨਾਟ-ਪੇਸ਼ਕਾਰੀਆਂ ਤੋਂ ਪਹਿਲਾਂ ਰੰਗਕਰਮੀਆਂ ਵੱਲੋਂ ਪੜ੍ਹਿਆ ਜਾਂਦਾ ਹੈ। ਸੰਨ 2013 ਦੇ ਵਿਸ਼ਵ ਰੰਗਮੰਚ ਦਿਵਸ ਮੌਕੇ ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ ਵੱਲੋਂ ਇਟਾਲੀਅਨ ਨਾਟਕਕਾਰ ਦੈਰੀਓ ਫ਼ੋਅ ਦਾ ਲਿਖਿਆ ਹੋਇਆ ਜਾਰੀ ਕੀਤਾ ਗਿਆ ਹੈ ਜਿਸਨੂੰ ਸਿਤਾਰ ਵਾਦਕ, ਨਾਟਕਕਾਰ, ਰੰਗਮੰਚ ਨਿਰਦੇਸ਼ਕ, ਅਦਾਕਾਰ, ਤੇ ਸੰਗੀਤਕਾਰ ਦੇ ਤੌਰ `ਤੇ ਵਿਲੱਖਣ ਕਾਰਜ ਕਰਨ ਬਦਲੇ ਸਾਲ 1997 ਦਾ ਨੋਬਲ ਪੁਰਸਕਾਰ ਮਿਲਿਆ ਸੀ।

ਪੰਜਾਬੀ ਰੰਗਮੰਚ

ਪੰਜਾਬ ਵਿੱਚ ਵੀ ਵਿਸ਼ਵ ਰੰਗਮੰਚ ਦਿਵਸ ਕੇਂਦਰੀ ਪੰਜਾਬੀ ਰੰਗਮੰਚ ਸਭਾ ਵੱਲੋਂ ਹਰ ਸਾਲ ਪੰਜਾਬ ਦੇ ਵੱਖ ਵੱਖ ਕੋਨਿਆਂ ਵਿੱਚ ਮਨਾਇਆ ਜਾਂਦਾ ਹੈ। ਜਿਥੇ ਆਮ ਤੌਰ `ਤੇ ਦੋ ਦਿਨ ਤੱਕ ਇਹ ਦਿਵਸ ਮਨਾਇਆ ਜਾਂਦਾ ਹੈ। ਉਥੇ ਸੈਮੀਨਾਰ ਕਰਵਾਏ ਜਾਂਦੇ ਹਨ, ਥੀਏਟਰ ਕਰਮੀਆਂ ਵੱਲੋਂ ਆਪੋ ਆਪਣੇ ਪਹਿਰਾਵਿਆਂ ਵਿੱਚ ਪਰੇਡ ਕੱਢੀ ਜਾਦੀ ਹੈ ਅਤੇ ਦੋਵੇਂ ਦਿਨ ਰਾਤ ਨੂੰ ਨਾਟਕ ਖੇਡੇ ਜਾਦੇ ਹਨ। ਵੈਸੇ ਇਸ ਦਿਵਸ ਦਾ ਮਕਸਦ ਭਾਅਜੀ ਗੁਰਸ਼ਰਨ ਸਿੰਘ ਵੱਲੋਂ ਨਾਟਕ ਨੂੰ ਲੋਕਾਂ ਦੇ ਚੁਲ੍ਹਿਆਂ ਤੱਕ ਪਹੁੰਚਾ ਕੇ ਲਗਭਗ ਚਾਰ ਦਹਾਕਿਆਂ ਤੱਕ ਕੀਤਾ ਗਿਆ ਜਿਨ੍ਹਾਂ ਦੀ ਘਾਲਣਾ ਨੂੰ ਇੱਕ ਇਤਿਹਾਸਕ ਕਾਰਜ ਕਹਿਣ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਵਿਸ਼ਵ ਰੰਗਮੰਚ ਦਿਵਸ ਮਨਾਉਣ ਦੀ ਕੜੀ ਵਿੱਚ ਪੰਜਾਬ ਵਿੱਚ ਨਾਟਸ਼ਾਲਾ ਅੰਮ੍ਰਿਤਸਰ ਵਰਗਾ ਅੰਤਰਰਾਸ਼ਟਰੀ ਸਹੂਲਤਾਂ ਵਾਲਾ ਅਤੀ ਅਧੁਨਿਕ ਥੀਏਟਰ ਜਿਸ ਨੂੰ ਉਦਯੋਗਪਤੀ ਨਾਟਕਕਾਰ ਜਤਿੰਦਰ ਬਰਾੜ ਨੇ ਖੁਦ ਪੈਸੇ ਲਗਾ ਕੇ 1999 ਦੇ ਵਿਸ਼ਵ ਰੰਗਮੰਚ ਦਿਵਸ ਮੌਕੇ ਲੋਕ-ਪੱਖੀ ਨਾਟਕਕਾਰ ਅਜਮੇਰ ਔਲਖ ਹੱਥੋਂ ਉਦਘਾਟਨ ਕਰਵਾ ਕੇ ਰੰਗਮੰਚ ਨੂੰ ਸਮਰਪਿਤ ਕੀਤਾ ਸੀ। ਬਿਆਸ ਵਿਖੇ ਪੇਂਡੂ ਖੇਤਰ ਵਿੱਚ ਸੀਮਿਤ ਸਹੂਲਤਾਂ ਵਾਲੇ ਓਪਨ ਏਅਰ ਥੀਏਟਰ (ਜਿਸ ਨੂੰ ਰੰਗਮੰਚ ਦੇ ਪ੍ਰਤੀਬੱਧ ਰੰਗਕਰਮੀ ਹੰਸਾ ਸਿੰਘ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਲਾ ਕੇ ਤਿਆਰ ਕੀਤਾ) ਦਾ ਉਦਘਾਟਨ ਵੀ 2002 ਵਿੱਚ ਵਿਸ਼ਵ ਰੰਗਮੰਚ ਵਾਲੇ ਦਿਨ ਹੀ ਕੀਤਾ ਗਿਆ ਸੀ। ਇਸੇ ਤਰਾਂ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਵੀ ਗੁਰਸ਼ਰਨ ਰੰਗਮੰਚ ਤਿਆਰ ਕੀਤਾ ਤੇ ਰੰਗਮੰਚ ਨੂੰ ਸਮਰਪਿਤ ਕੀਤਾ। ਪੰਜਾਬੀ ਰੰਗਮੰਚ ਇਸ ਵੇਲੇ ਆਪਣਾ ਇੱਕ ਨਵਾਂ ਇਤਿਹਾਸ ਸਿਰਜ ਰਿਹਾ ਹੈ। ਅੱਜ ਜਿੰਨੀ ਵਰਾਇਟੀ ਪੰਜਾਬੀ ਰੰਗਮੰਚ ਵਿੱਚ ਹੈ ਉਨੀ ਹੋਰ ਕਿਸੇ ਭਾਸ਼ਾ ਦੇ ਰੰਗਮੰਚ ਵਿੱਚ ਨਹੀਂ। ਅੱਜ ਪੰਜਾਬ ਵਿੱਚ ਯੂਨੀਵਰਸਿਟੀਆਂ ਦੇ ਮੁਕਾਬਲਿਆਂ ਦਾ ਰੰਗਮੰਚ, ਸ਼ਹਿਰਾਂ ਦਾ ਥੀਏਟਰਾਂ ਦਾ ਰੰਗਮੰਚ, ਇਤਿਹਾਸਿਕ ਨਾਟਕਾਂ ਦਾ ਰੰਗਮੰਚ, ਤਰਕਸ਼ੀਲ ਰੰਗਮੰਚ, ਖੱਬੇ ਪੱਖੀ ਰਾਜਨੀਤਕ ਪਾਰਟੀਆਂ ਦਾ ਰੰਗਮੰਚ, ਸਾਖਰਤਾ ਸੰਮਤੀਆਂ ਦਾ ਰੰਗਮੰਚ, ਪੇਂਡੂ ਥੜੇ੍ਹ ਦਾ ਰੰਗਮੰਚ, ਬਾਲ ਰੰਗਮੰਚ, ਨੁੱਕੜ ਨਾਟਕ ਆਦਿ ਸਮੇਤ ਬਹੁਤ ਸਾਰੀ ਵੰਨਗੀ ਹੈ। ਪੰਜਾਬੀ ਰੰਗਮੰਚ ਕੋਲ ਆਈ. ਸੀ. ਨੰਦਾ ਤੋਂ ਲੈ ਕੇ ਡਾ.ਗੁਰਦਿਆਲ ਸਿੰਘ ਫੁੱਲ, ਪਿ੍ਰੰਸੀਪਲ ਸੰਤ ਸਿੰਘ ਸੇਖੋਂ, ਡਾ. ਹਰਚਰਨ ਸਿੰਘ, ਹਰਸਰਨ ਸਿੰਘ, ਭਾਅਜੀ ਗੁਰਸ਼ਰਨ ਸਿੰਘ, ਪ੍ਰੋ. ਅਜਮੇਰ ਸਿੰਘ ਔਲਖ, ਡਾ.ਆਤਮਜੀਤ, ਦਵਿੰਦਰ ਦਮਨ, ਜਤਿੰਦਰ ਬਰਾੜ, ਡਾ. ਐੱਸ.ਐੱਨ.ਸੇਵਕ, ਅਤੇ ਉਹਨਾਂ ਤੋਂ ਅਗਲੀ ਪੀੜ੍ਹੀ ਕੇਵਲ ਧਾਲੀਵਾਲ, ਪਾਲੀ ਭੁਪਿੰਦਰ ਸਿੰਘ, ਸਾਹਿਬ ਸਿੰਘ, ਐੱਚ.ਐੱਸ.ਰੰਧਾਵਾ, ਸੋਮਨਾਥ, ਨਿਰਮਲ ਜੋੜਾ, ਜਗਦੀਸ਼ ਸੱਚਦੇਵਾ, ਸਵਰਾਜਬੀਰ, ਤੈ੍ਰਲੋਚਨ ਸਿੰਘ ਆਦਿ ਜਿਹੇ ਨਾਟਕਕਾਰ ਹਨ ਜਿਨ੍ਹਾਂ ਦੀਆਂ ਸਕ੍ਰਿਪਟਾਂ ਦਾ ਮੰਚਣ ਦੇਸ਼ ਵਿਦੇਸ਼ ਵਿੱਚ ਅਕਸਰ ਹੁੰਦਾ ਰਹਿੰਦਾ ਹੈ।

ਵਿਦੇਸ਼ੀ ਪੰਜਾਬੀ ਰੰਗਮੰਚ

ਹਿੰਦੁਸਤਾਨ ਤੋਂ ਬਾਹਰ ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਦੇਸ਼ਾਂ ਵਿੱਚ ਪੰਜਾਬੀ ਰੰਗਮੰਚ ਕੀਤਾ ਜਾ ਰਿਹਾ ਹੈ। ਕੈਨੇਡਾ ਦੀ ਗੱਲ ਕਰੀਏ ਤਾਂ ਇਥੇ ਨਵੇਂ ਨਾਟਕ ਸਿਰਜੇ ਜਾ ਰਹੇ ਹਨ। ਦਰਅਸਲ ਜਿੰਨੀ ਵੱਡੀ ਗਿਣਤੀ ਵਿੱਚ ਪੰਜਾਬੀ ਦਾ ਰੰਗਮੰਚ ਇਸ ਵੇਲੇ ਟੋਰਾਂਟੋ ਮਹਾਂਨਗਰ ਦੇ ਸ਼ਹਿਰਾਂ ਵਿੱਚ ਹੋ ਰਿਹਾ ਹੈ ਉਨ੍ਹਾਂ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿਚਲੇ ਸ਼ਹਿਰਾਂ ਵਿੱਚ ਕਿਤੇ ਵੀ ਨਹੀਂ ਹੋ ਰਿਹਾ ਜਿਸ `ਤੇ ਇਥੋਂ ਦੇ ਰੰਗਕਰਮੀ ਮਾਣ ਕਰ ਸਕਦੇ ਹਨ। ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਇਸ ਵੇਲੇ ਜੋ ਤਜਰਬੇ ਕੀਤੇ ਜਾ ਰਹੇ ਹਨ ਅਤੇ ਜਿਸ ਤਰਾਂ ਅਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਉਹਨਾਂ ਤੋਂ ਲੱਗਦਾ ਹੈ ਕਿ ਪੰਜਾਬੀ ਰੰਗਮੰਚ ਦਾ ਭਵਿੱਖ ਕਾਫ਼ੀ ਰੋਸ਼ਨ ਹੈ।

ਬਾਹਰੀ ਲਿੰਕ

ਹਵਾਲੇ