ਸੁਰਜਨ ਜ਼ੀਰਵੀ

ਸੁਰਜਨ ਜ਼ੀਰਵੀ (1 ਦਸੰਬਰ 1929 - 24 ਅਕਤੂਬਰ 2023) ਪ੍ਰਸਿੱਧ ਪੰਜਾਬੀ ਪੱਤਰਕਾਰ ਤੇ ਲੇਖਕ ਸਨ। ਉਹ ਲੰਮਾ ਸਮਾਂ ਪੰਜਾਬੀ ਦੇ ਕਮਿਉਨਿਸਟ ਪੱਖੀ ਅਖ਼ਬਾਰ ਨਵਾਂ ਜ਼ਮਾਨਾ ਵਿੱਚ ਕੰਮ ਕਰਦੇ ਰਹੇ ਅਤੇ ਪਿੱਛਲੇ ਲੱਗਪਗ ਡੇਢ ਦਹਾਕੇ ਤੋਂ ਟਰਾਂਟੋ, ਕਨੇਡਾ ਵਿੱਚ ਰਹਿ ਰਹੇ ਸਨ। ਉਹ ਉਥੇ ਪੰਜਾਬੀ ਸਾਹਿਤਕ ਹਲਕਿਆਂ ਦੀਆਂ ਸਰਗਰਮੀਆਂ ਵਿੱਚ ਬੜੀ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ।[1] ਸੁਰਜਨ ਜ਼ੀਰਵੀ ਦਾ ਵਿਆਹ ਅਮ੍ਰਿਤ ਕੌਰ ਨਾਲ ਹੋਇਆ[2]

ਪੰਜਾਬੀ ਦੇ ਸੈਂਕੜੇ ਪੱਤਰਕਾਰ ਜੀਰਵੀ ਦੇ ਸ਼ਾਗਿਰਦ ਹੋਣ ਦਾ ਮਾਣ ਕਰਦੇ ਹਨ।[3] ਉਨ੍ਹਾਂ ਦੇ ਹੋਣ ਕਰਕੇ ਨਵਾਂ ਜ਼ਮਾਨਾ ਨਵੇਂ ਪੱਤਰਕਾਰਾਂ ਲਈ ਇੱਕ ਸਕੂਲ ਦੀ ਹੈਸੀਅਤ ਅਖਤਿਆਰ ਕਰ ਗਿਆ ਸੀ।[4][5]

ਪੱਤਰਕਾਰੀ

ਸੁਰਜਨ ਜ਼ੀਰਵੀ ਭਾਰਤੀ ਕਮਿਉਨਿਸਟ ਪਾਰਟੀ ਦੇ ਸਰਗਰਮ ਕਾਰਕੁੰਨ ਸਨ।1953-54 ਵਿੱਚ ਉਹਨਾਂ ਪਹਿਲਾਂ ‘ਲੋਕ ਯੁੱਗ’ ਪਰਚਾ ਕੱਢਿਆ। ਦੋ ਕੁ ਸਾਲ ਇਹ ਪਰਚਾ ਚੱਲਿਆ। ਉਸ ਤੋਂ ਬਾਦ ‘ਨਵਾਂ ਜ਼ਮਾਨਾ’ ਉਰਦੂ ਵਿੱਚ ਸ਼ੁਰੂ ਕੀਤਾ। ਜਿਸਦੇ ਪਹਿਲੇ ਐਡੀਟਰ ਸਰਦਾਰ ਗੁਰਬਖ਼ਸ਼ ਸਿੰਘ 'ਪ੍ਰੀਤ ਲੜੀ' ਸਨ। ਉਸ ਤੋਂ ਬਾਦ ਸੋਹਣ ਸਿੰਘ ਜੋਸ਼।1962 ਵਿੱਚ ‘ਨਵਾਂ ਜ਼ਮਾਨਾ’ ਦੁਬਾਰਾ ਸ਼ਰੂ ਹੋਇਆ।[6] ਉਹ ਕੈਨੇਡਾ ਆਉਣ ਤਕ ਨਵਾਂ ਜ਼ਮਾਨਾ ਦੇ ਸਮਾਚਾਰ ਸੰਪਾਦਕ ਰਹੇ। ਸੁਰਜਨ ਜ਼ੀਰਵੀ ਦੇ ਚੰਡੇ ਪੂਰਾਂ ਦੇ ਪੂਰ ਪੱਤਰਕਾਰਾਂ ਨੇ ਪੰਜਾਬੀ ਪੱਤਰਕਾਰੀ ਵਿੱਚ ਉੱਚੇ ਅਤੇ ਮਿਆਰੀ ਮਾਰਕੇ ਮਾਰੇ ਹਨ।[7][8]

ਕੈਨੇਡਾ ਪਰਵਾਸ

ਸੁਰਜਨ ਜ਼ੀਰਵੀ 1990 ਵਿੱਚ ਕੈਨੇਡਾ ਪਰਵਾਸ ਕਰ ਗਏ। ਕਮਿਉਨਿਸਟ ਪਾਰਟੀ ਵਲੋਂ ਵੀ ਤਾਕੀਦ ਸੀ ਕਿ ਉਹ ਵਾਪਸ ਨਾ ਆਉਣ। ਉਹ ਪੰਜਾਬ ਦੇ ਕਾਲੇ ਦਿਨਾਂ ਦਾ ਦੌਰ ਸੀ ਤੇ ਪਾਰਟੀ ਉਹਨਾਂ ਲਈ ਫਿਕਰਮੰਦ ਸੀ।[6]

ਸਨਮਾਨ

ਟੋਰਾਂਟੋ ਵਿੱਚ ਸੁਰਜਨ ਜ਼ੀਰਵੀ ਨੂੰ ਪੱਤਰਕਾਰੀ ਲਈ ਉਨ੍ਹਾ ਦੇ ਵਡਮੁੱਲੇ ਯੋਗਦਾਨ ਲਈ 'ਵਿਰਾਸਤ ਪੀਸ ਸੰਸਥਾ' ਵੱਲੋਂ 'ਲਾਈਫ ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਤ ਕੀਤਾ ਗਿਆ।[9][10]

ਰਚਨਾਵਾਂ

ਪ੍ਰਸਿੱਧ ਲੇਖ

  • ਕਾਰਲ ਮਾਰਕਸ: ਇੱਕ ਅਦਭੁੱਤ ਗਾਥਾ[11]
  • ਖ਼ਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਰੂਪ[12]
  • ਜਮਹੂਰੀਅਤ: ਕੁੱਝ ਪ੍ਰਸ਼ਨ[13]
  • ਖੂਬਸੂਰਤੀ ਦੇ ਮੁਖੌਟੇ ਪਿਛੇ ਲੁਕੀ ਦਰਿੰਦਗੀ[14]
  • ਦੋ ਗੱਲਾਂ ‘ਮੇਰੀ ਪੱਤਰਕਾਰੀ ਦੇ ਰੰਗ’ ਬਾਰੇ.......... ਲੇਖ਼[15]
  • ਸਾਡਾ ਦੇਸ਼ ਬੀਮਾਰ ਹੈ[16]

ਲੇਖਾਂ ਦਾ ਵਿਸ਼ਾ

‘ਇਹ ਹੈ ਬਾਰਬੀ ਸੰਸਾਰ’ ਲੇਖ ਵਿੱਚ ਉਸ ਨੇ ਅਮਰੀਕੀ ਬਹੁ-ਕੌਮੀ ਕੰਪਨੀਆਂ ਵਲੋਂ ਬੱਚਿਆਂ ਲਈ ਮਾਪਿਆਂ ਦੇ ਮੋਹ ਨੂੰ ਕੁਸ਼ਲਤਾ ਨਾਲ ਕੈਸ਼ ਕਰਨ ਦੀ ਕੋਸ਼ਿਸ਼ ਵਿੱਚ ਬਾਰਬੀ ਦਾ ਸਿਲਸਿਲਾ ਸ਼ੁਰੂ ਕਰਨ ਦੀ ਪਰੋਖ ਸਾਜਿਸ਼ ਦਾ ਪਰਦਾ ਫਾਸ਼ ਕੀਤਾ ਹੈ। ਹਰ ਸਾਲ ਕਿਸੇ ਸੱਚੀਂ-ਮੁਚੀਂ ਦੀ ਕੁੜੀ ਨੂੰ ‘ਬਾਰਬੀ’ ਬਣਾਉਣ ਲਈ ਚੁਣਿਆ ਜਾਂਦਾ ਹੈ ਫਿਰ ਉਸ ਦੀ ਸ਼ਕਲ ਦੀਆਂ ਗੁਡੀਆਂ ਤਿਆਰ ਕੀਤੀਆਂ ਅਤੇ ਵੇਚੀਆਂ ਜਾਂਦੀਆਂ ਹਨ। ਫਿਰ ਇਨ੍ਹਾਂ ਦੇ ਡਰੈਸਾਂ ਨੂੰ ਬਾਜਾਰ ਵਿੱਚ ਲਿਆ ਕੇ ਹੋਰ ਪੈਸੇ ਵਸੂਲ ਕੀਤੇ ਜਾਂਦੇ ਹਨ ਅਤੇ ਫਿਰ ਬਾਰਬੀ ਲਈ ਫਰਨੀਚਰ, ਭਾਂਡੇ, ਦਿਲ ਲਾਉਣ ਲਈ ਸੁਹਣਾ ਮੁੰਡਾ ਅਤੇ ਫਿਰ ਉਨ੍ਹਾਂ ਦਾ ਘਰ, ਕਾਰਾਂ-ਗਲ ਕੀ ਨਿੱਤ ਨਵੀਂ ਮੰਗ ਪੈਦਾ ਕਰਨ ਲਈ ਪਹਿਲਾਂ ਇਨ੍ਹਾਂ ਵਸਤਾਂ ਨੂੰ ਬਾਜ਼ਾਰ ਵਿੱਚ ਸੁਟਿਆ ਜਾਂਦਾ ਹੈ। ਇਸ ਕਹਾਣੀ ਨੂੰ ਜਿੰਨਾ ਵੀ ਵਧਾ ਲਵੋ ਇਹ ਸਿਲਸਿਲਾ ਖਤਮ ਹੋਣ ਵਾਲਾ ਨਹੀਂ। ਅਸਲ ਵਿੱਚ ਬਾਰਬੀ ਆਪਣੇ ਆਪ ਵਿੱਚ ਵੀ ਪ੍ਰਤੀਕ ਹੈ ਅਜਿਹੀ ਲੁਟ ਖਸੁਟ ਦਾ।[17]

ਹਵਾਲੇ