ਢਾਡੀ (ਸੰਗੀਤ)

ਢਾਡੀ (ਜਾਂ ਢਾਢੀ) ਉਹ ਇਨਸਾਨ ਹੁੰਦਾ ਹੈ ਜੋ ਢੱਡ ਵਜਾ ਕੇ ਵਾਰਾਂ ਜਾਂ ਜਸ ਗਾਉਂਦਾ ਹੈ।[1][2][3] ਆਮ ਤੌਰ ’ਤੇ ਢੱਡ ਦੇ ਨਾਲ਼ ਸਾਰੰਗੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ।[4] ਢਾਡੀ ਸਿੱਖ ਗੁਰੂਆਂ ਦੇ ਸਮੇਂ ਹੋਂਦ ਵਿੱਚ ਆਈ ਗਵੱਈਆਂ ਦੀ ਇੱਕ ਵੱਖਰੀ ਟੋਲੀ ਹਨ।[2][4][5][6] ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ਢਾਡੀ ਦੇ ਹਿੱਜੇ ਢਾਢੀ ਹਨ ਅਤੇ ਦੱਸਿਆ ਗਿਆ ਹੈ ਕਿ ਢੱਡ ਵਜਾ ਕੇ ਵਾਰਾਂ ਜਾਂ ਜਸ ਗਾਉਣ ਵਾਲ਼ੇ ਨੂੰ ਢਾਢੀ ਆਖਦੇ ਹਨ[1][3] ਪਰ ਅੱਜ-ਕੱਲ੍ਹ ਢਾਡੀ ਵੀ ਆਮ ਵਰਤਿਆ ਜਾਂਦਾ ਹੈ।

A Dhadi Jatha
ਇਕ ਢਾਡੀ ਜਥਾ ਆਪਣੀ ਪੇਸ਼ਕਾਰੀ ਦੌਰਾਨ

ਇਕ ਲੰਬੇ ਇਤਿਹਾਸ ਤੋਂ ਬਾਅਦ ਢਾਡੀ ਸਿੱਖ ਅਤੇ ਪੰਜਾਬੀ ਸੰਗੀਤ ਦੇ ਪੂਰਕ ਬਣਦੇ ਹੋਏ ਇਸ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਇਸ ਕਲਾ ਦਾ ਦਾਇਰਾ ਹੁਣ ਕਾਫ਼ੀ ਵੱਡਾ ਹੋ ਚੁੱਕਾ ਹੈ ਜਿਸ ਵਿੱਚ ਧਾਰਮਕ ਰਚਨਾਵਾਂ ਤੋਂ ਬਿਨਾਂ ਲੋਕ ਅਤੇ ਜੰਗੀ ਨਾਇਕਾਂ ਦੀ ਦਲੇਰੀ ਦੇ ਕਿੱਸੇ, ਲੋਕ-ਗਾਥਾਵਾਂ, ਪ੍ਰੀਤ ਕਹਾਣੀਆਂ, ਇਤਿਹਾਸ ਅਤੇ ਇਸ਼ਕ ਆਦਿ ਵਿਸ਼ੇ ਵੀ ਜੁੜ ਗਏ ਹਨ।[5][6]

ਮਤਲਬ

ਲਫ਼ਜ਼ ਢਾਢੀ ਨਿਮਰਤਾ ਦੇ ਅਰਥ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰ ਆਇਆ ਹੈ। ਆਪਣੀਆਂ ਲਿਖਤਾਂ ਵਿੱਚ ਬਾਬਾ ਨਾਨਕ ਆਪਣੇ ਆਪ ਨੂੰ ਰੱਬ ਦਾ ਢਾਢੀ ਆਖਦੇ ਹਨ।[5][6] ਇਸ ਲਫ਼ਜ਼ ਦੀ ਵਰਤੋਂ ਤੀਜੇ, ਚੌਥੇ ਅਤੇ ਪੰਜਵੇਂ ਸਿੱਖ ਗੁਰੂ ਅਤੇ ਭਗਤ ਨਾਮਦੇਵ ਦੀਆਂ ਲਿਖਤਾਂ ਵਿੱਚ ਵੀ ਮਿਲਦੀ ਹੈ।[5] ਅੰਗਰੇਜ਼ੀ ਵਿੱਚ ਇਸ ਦਾ ਤਰਜਮਾ minstrel ਅਤੇ bard ਦੇ ਤੌਰ ’ਤੇ ਕੀਤਾ ਜਾਂਦਾ ਹੈ।

ਇਤਿਹਾਸ

ਢਾਡੀਆਂ ਜਾਂ ਢਾਡੀ ਕਲਾ ਦਾ ਇਤਿਹਾਸ ਸੈਂਕੜੇ ਸਾਲਾਂ ਦਾ ਹੈ। ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ ਨੇ ਢਾਡੀ ਕਲਾ ਦੀ ਉੱਨਤੀ ਅਤੇ ਇਸਨੂੰ ਫੈਲਾਉਣ ਲਈ ਕੰਮ ਕੀਤੇ[6][7] ਅਤੇ ਇਸਨੂੰ ਜ਼ਿਮੀਂਦਾਰਾਂ ਦੀਆਂ ਸਿਫ਼ਤਾਂ ਗਾਉਣ ਦੀ ਥਾਂ ਰੱਬ ਦੀ ਸਿਫ਼ਤ ਗਾਉਣ ਵੱਲ ਮੋੜਿਆ।[5] ਮੁੱਖ ਤੌਰ ’ਤੇ ਢਾਡੀ ਛੇਵੇਂ ਸਿੱਖ ਗੁਰੂ ਸਮੇਂ ਉੱਨਤ ਹੋਏ ਜਿਹਨਾਂ ਨੇ ਅਕਾਲ ਤਖ਼ਤ ਕਾਇਮ ਕੀਤਾ ਅਤੇ ਗੁਰਬਾਣੀ ਗਾਉਣ ਲਈ ਢਾਡੀ ਲਾਏ।[6][8] ਬਾਅਦ ਵਿੱਚ ਢਾਡੀ ਕਲਾ ਦੇ ਫੈਲਾਓ ਨਾਲ ਯੋਧਿਆਂ ਦੀਆਂ ਵਾਰਾਂ ਵੀ ਗਾਈਆਂ ਜਾਣ ਲੱਗੀਆਂ।

ਉਸ ਵੇਲ਼ੇ ਨੀਵੀਂ ਜ਼ਾਤ ਦੇ ਲੋਕ, ਮਿਰਾਸੀ, ਹੀ ਗਾਇਆ ਕਰਦੇ ਸਨ ਕਿਉਂਕਿ ਉੱਚੀਆਂ ਜ਼ਾਤਾਂ ਵਿੱਚ ਗਾਉਣ ਨੂੰ ਚੰਗਾ ਕੰਮ ਨਹੀਂ ਸੀ ਸਮਝਿਆ ਜਾਂਦਾ। ਮਿਰਾਸੀ ਮੁਸਲਮਾਨ ਸਨ ਜਿਸ ਕਰ ਕੇ ਢਾਡੀ ਕਲਾ ਸਿਰਫ਼ ਕਿਸੇ ਖ਼ਾਸ ਧਰਮ ਤੱਕ ਬੱਝੀ ਨਹੀਂ ਰਹੀ।[6]

ਛੇਵੇਂ ਸਿੱਖ ਗੁਰੂ ਨੇ ਇਸ ਕਲਾ ਨੂੰ ਉੱਨਤ ਕੀਤਾ ਅਤੇ ਇਸ ਦੇ ਦਾਇਰੇ ਨੂੰ ਵੀ ਵਧਾਇਆ।[2][4][9] ਹੁਣ ਗੁਰਬਾਣੀ ਦੇ ਨਾਲ਼-ਨਾਲ਼ ਇਸ ਵਿੱਚ ਨਾਇਕਾਂ ਦੀ ਬਹਾਦਰੀ ਅਤੇ ਦਲੇਰੀ ਦੇ ਕਿੱਸੇ ਆਦਿ ਵਿਸ਼ੇ ਵੀ ਸ਼ਾਮਲ ਹੋ ਗਏ।[2][6] ਉਸ ਵੇਲ਼ੇ ਦੇ ਦੋ ਢਾਡੀ, ਭਾਈ ਨੱਥਾ ਅਤੇ ਭਾਈ ਅਬਦੁੱਲਾ[5][7][9] ਅੱਜ ਵੀ ਆਦਰ ਨਾਲ਼ ਯਾਦ ਕੀਤੇ ਜਾਂਦੇ ਹਨ। ਭਾਈ ਅਬਦੁੱਲਾ ਵਧੀਆ ਕਵੀ ਸਨ ਆਪਣੀਆਂ ਲਿਖੀਆਂ ਰਚਨਾਵਾਂ ਵੀ ਗਾਇਆ ਕਰਦੇ ਸਨ।

ਢਾਡੀ ਜਥਾ

ਦੇਸ ਰਾਜ ਦੇ ਢਾਡੀ ਜਥੇ ਦੀ ਇੱਕ ਪੇਸ਼ਕਾਰੀ

ਜਥਾ ਦਾ ਮਤਲਬ ਹੈ ਇੱਕ ਟੋਲਾ ਜਾਂ ਗਰੁੱਪ। ਸੋ ਢਾਡੀ ਗਾਇਕਾਂ ਦੇ ਟੋਲੇ ਨੂੰ ਢਾਡੀ ਜਥਾ ਆਖਦੇ ਹਨ ਜਿਸ ਵਿੱਚ ਆਮ ਤੌਰ ’ਤੇ ਤਿੰਨ ਜਾਂ ਚਾਰ ਢਾਡੀ ਹੁੰਦੇ ਹਨ: ਇੱਕ ਸਾਰੰਗੀ ਮਾਸਟਰ, ਦੋ ਢੱਡ ਵਾਲ਼ੇ ਅਤੇ ਇੱਕ ਬੁਲਾਰਾ ਜੋ ਵਾਰ ਜਾਂ ਕਿੱਸੇ ਬਾਰੇ ਜਾਣਕਾਰੀ ਦਿੰਦਾ ਹੋਇਆ ਆਮ ਸ਼ਬਦਾਂ ਵਿੱਚ ਬੋਲਦਾ ਹੈ।[5] ਢਾਡੀ ਜਥੇ ਆਮ ਤੌਰ ’ਤੇ ਜਥੇ ਦੇ ਮੋਹਰੀ ਜਾਂ ਮੁਖੀ ਦੇ ਨਾਂ ਨਾਲ਼ ਜਾਣੇ ਜਾਂਦੇ ਹਨ ਜਿਵੇਂ ਕਿ ਗੁਰਬਖ਼ਸ਼ ਸਿੰਘ ਅਲਬੇਲਾ ਦਾ ਢਾਡੀ ਜਥਾ।

ਤਸਵੀਰ:Https://dhadijathabibian.files.wordpress.com/2015/02/vlcsnap-2015-02-06-20h48m59s59.png
dhadi jatha

ਇਹ ਵੀ ਵੇਖੋ

ਹਵਾਲੇ