ਬੈਲੇ

ਬੈਲੇ ਇੱਕ ਕਿਸਮ ਦਾ ਪ੍ਰਦਰਸ਼ਨੀ ਨਾਚ ਹੈ ਜੀਹਦਾ ਅਰੰਭ 15ਵੀਂ ਸਦੀ ਦੇ ਇਤਾਲਵੀ ਨਵਯੁੱਗ ਦੇ ਦਰਬਾਰਾਂ 'ਚ ਹੋਇਆ ਅਤੇ ਬਾਅਦ ਵਿੱਚ ਫ਼ਰਾਂਸ ਅਤੇ ਰੂਸ ਵਿੱਚ ਇਹਦਾ ਵਿਕਾਸ ਇੱਕ ਸੰਗੀਤ ਸਮਾਰੋਹ ਨਾਚ ਵਜੋਂ ਹੋਇਆ। ਉਸ ਸਮੇਂ ਤੋਂ ਲੈ ਕੇ ਬੈਲੇ ਨਾਚ ਦਾ ਇੱਕ ਮਸ਼ਹੂਰ ਅਤੇ ਬਹੁਤ ਹੀ ਤਕਨੀਕੀ ਰੂਪ ਹੋ ਨਿੱਬੜਿਆ ਹੈ ਜੀਹਦੀ ਫ਼ਰਾਂਸੀਸੀ ਪਰਿਭਾਸ਼ਕੀ ਉੱਤੇ ਅਧਾਰਤ ਆਪਣੀ ਫ਼ਰਹੰਗ ਜਾਂ ਸ਼ਬਦਾਵਲੀ ਹੈ। ਇਹ ਆਲਮੀ ਪੱਧਰ ਉੱਤੇ ਕਾਫ਼ੀ ਅਸਰ ਰਸੂਖ਼ ਵਾਲ਼ਾ ਨਾਚ ਹੈ ਅਤੇ ਇਸਨੇ ਨਾਚ ਦੀਆਂ ਹੋਰ ਕਈ ਕਿਸਮਾਂ ਵਿੱਚ ਵਰਤੀਆਂ ਜਾਂਦੀਆਂ ਤਕਨੀਕਾਂ ਦੀ ਨੀਂਹ ਰੱਖੀ ਹੈ। ਬੈਲੇ ਨੂੰ ਸਿੱਖਣ ਅਤੇ ਇਸ ਵਿੱਚ ਮੁਹਾਰਤ ਪ੍ਰਾਪਤ ਕਰਨ ਵਾਸਤੇ ਸਾਲਾਂ ਬੱਧੀ ਸਿਖਲਾਈ ਦੀ ਲੋੜ ਪੈਂਦੀ ਹੈ ਅਤੇ ਲਿਆਕਤ ਨੂੰ ਕਾਇਮ ਰੱਖਣ ਲਈ ਚੋਖਾ ਅਭਿਆਸ ਲਾਜ਼ਮੀ ਹੈ। ਇਹਨੂੰ ਦੁਨੀਆ ਭਰ ਦੇ ਬੈਲੇ ਸਕੂਲਾਂ ਵਿੱਚ ਸਿਖਾਇਆ ਜਾਂਦਾ ਹੈ।

ਦੇਗਾਸ ਦੀ ਰਚਨਾ ਦਅ ਡਾਂਸ ਕਲਾਸ, 1874 ਵਿੱਚ ਰਿਵਾਇਤੀ ਬੈੱਲ ਤੁਤੂ

ਬੈਲੇ ਤੋਂ ਭਾਵ ਇੱਕ ਬੈਲੇ ਨਾਚ ਕਾਰਜ ਵੀ ਹੋ ਸਕਦਾ ਹੈ ਜੀਹਦੇ ਵਿੱਚ ਬੈਲੇ ਰਚਨਾ ਲਈ ਨਾਚ-ਲਿਖਾਈ ਅਤੇ ਸੰਗੀਤ ਸ਼ਾਮਲ ਹੁੰਦਾ ਹੈ। ਇਹਦੀ ਇੱਕ ਪ੍ਰਸਿੱਧ ਮਿਸਾਲ ਦਅ ਨੱਟਕਰੈਕਰ ਹੈ ਜੋ ਕਿ ਮੌਰੀਅਸ ਪੇਤੀਪਾ ਅਤੇ ਲੇਵ ਇਵਾਨੋਵ ਵੱਲੋਂ ਲਿਖੇ ਨਾਚ ਅਤੇ ਪਿਓਤਰ ਇਲਇਚ ਚਾਈਕੋਵਸਕੀ ਵੱਲੋਂ ਲਿਖੇ ਸੰਗੀਤ ਵਾਲ਼ਾ ਦੋ ਨਾਟਕੀ ਅੰਕਾਂ ਦਾ ਬੈਲੇ ਹੈ।

ਨਿਰੁਕਤੀ

ਬੈਲੇ ਸ਼ਬਦ ਫ਼ਰਾਂਸੀਸੀ ਤੋਂ ਆਇਆ ਹੈ ਅਤੇ 1630 ਦੇ ਲਗਭਗ ਅੰਗਰੇਜ਼ੀ ਵਿੱਚ ਉਧਾਰ ਲਿਆ ਗਿਆ ਅਤੇ ਉਸ ਤੋਂ ਮਗਰੋਂ ਪੰਜਾਬੀ ਵਿੱਚ ਦਾਖ਼ਲ ਹੋਇਆ। ਅੱਗੋਂ ਫ਼ਰਾਂਸੀਸੀ ਸ਼ਬਦ ਦਾ ਸਰੋਤ ਵੀ ਇਤਾਲਵੀ balletto/ਬਾਲੈਤੋ ਵਿੱਚ ਹੈ, ਜੋ ਕਿ ballo/ਬਾਲੋ (ਨਾਚ) ਦਾ ਛੁਟੇਰਾ ਰੂਪ ਹੈ ਜੋ ਲਾਤੀਨੀ ballo/ਬਾਲੋ, ballare/ਬਾਲਾਰੇ, ਭਾਵ "ਨੱਚਣਾ" ਤੋਂ ਆਇਆ ਹੈ,[1][2] ਜੋ ਅੱਗੋਂ ਯੂਨਾਨੀ "βαλλίζω" (ਬਾਲੀਜ਼ੋ/ballizo), "ਨੱਚਣਾ-ਕੁੱਦਣਾ" ਤੋਂ ਆਇਆ ਹੈ।[2][3]

ਹਵਾਲੇ