ਰਸ (ਕਾਵਿ ਸ਼ਾਸਤਰ)

ਰਸ (ਸੰਸਕ੍ਰਿਤ: रस, ਸ਼ਬਦੀ ਅਰਥ 'ਰਸਾ' ਜਾਂ 'ਨਿਚੋੜ') ਕਿਸੇ ਕਲਾ-ਕ੍ਰਿਤ ਦੇ ਦੇਖਣ, ਸੁਣਨ ਅਤੇ ਅਧਿਅਨ ਦੇ ਪ੍ਰਭਾਵ ਵਜੋਂ ਜੋ ਸਰੂਰ ਵਾਲੀ ਮਾਨਸਿਕ ਸਥਿਤੀ ਪ੍ਰਾਪਤ ਹੁੰਦੀ ਹੈ, ਉਸੇ ਨੂੰ ਰਸ ਕਿਹਾ ਜਾਂਦਾ ਹੈ। ਰਸ ਨਾਲ ਜਿਸ ਭਾਵ (mood) ਦਾ ਅਨੁਭਵ ਹੁੰਦਾ ਹੈ ਉਹ ਰਸ ਦਾ ਸਥਾਈ ਭਾਵ ਹੁੰਦਾ ਹੈ। ਰਸ, ਛੰਦ ਅਤੇ ਅਲੰਕਾਰ ਕਾਵਿ-ਰਚਨਾ ਦੇ ਜ਼ਰੂਰੀ ਅੰਸ਼ ਹੁੰਦੇ ਹਨ। ਕਿਸੇ ਪ੍ਰਬੰਧਕਾਵਿ ਜਾਂ ਲੰਮੀ ਕਵਿਤਾ ਦੇ ਮਾਰਮਿਕ ਅਤੇ ਕਰੁਣਾਮਈ ਪ੍ਰਸੰਗਾਂ ਨੂੰ ਪੜ੍ਹ-ਸੁਣ ਕੇ ਜਾਂ ਕਿਸੇ ਛੋਟੀ-ਬੜੀ ਕਵਿਤਾ, ਸ਼ੇਅਰ ਆਦਿ ਦੀਆਂ ਭਾਵਪੂਰਨ ਅਤੇ ਸੋਹਣੀਆਂ ਪੰਗਤੀਆਂ ਨੂੰ ਗੁਣ-ਗੁਣਾਉਣ ਉੱਤੇ ਮਨ ਨੂੰ ਜੋ ਪ੍ਰਸੰਨਤਾ, ਸਕੂਨ ਜਾਂ ਸੁਖ ਮਿਲਦਾ ਹੈ, ਉਸ ਲਈ ਭਾਰਤੀ ਕਾਵਿਸ਼ਾਸਤਰ ਵਿਚ 'ਰਸ' ਸ਼ਬਦ ਦਾ ਪ੍ਰਯੋਗ ਹੁੰਦਾ ਆਇਆ ਹੈ ਅਤੇ ਅਜੇਹੇ ਰਸ-ਪ੍ਰਧਾਨ ਕਾਵਿ ਨੂੰ ਉੱਤਮ ਕਾਵਿ ਦਾ ਦਰਜਾ ਦਿੱਤਾ ਗਿਆ ਹੈ।[1] ਰਸ ਦਾ ਅਰਥ ਹੁੰਦਾ ਹੈ - ਸਤ। ਕਲਾ ਤੋਂ ਜੋ ਖੁਸ਼ੀ ਮਿਲਦੀ ਹੈ ਉਹ ਹੀ ਕਲਾ ਦਾ ਰਸ ਹੁੰਦਾ ਹੈ। ਇਹ ਖੁਸ਼ੀ ਅਰਥਾਤ ਰਸ ਲੌਕਿਕ ਨਾ ਹੋਕੇ ਨਿਰਾਲੀ ਹੁੰਦੀ ਹੈ। ਰਸ ਕਵਿਤਾ ਦੀ ਆਤਮਾ ਹੈ। ਸੰਸਕ੍ਰਿਤ ਵਿੱਚ ਕਿਹਾ ਗਿਆ ਹੈ ‘ਰਸਾਤਮਕੰ ਵਾਕਿਅੰ ਕਾਵਿਅੰ’ ਅਰਥਾਤ ਰਸਯੁਕਤ ਵਾਕ ਹੀ ਕਾਵਿ ਹੈ। [2] ਰਸ ਉਹ ਰੂਹਾਨੀ ਸ਼ਕਤੀ ਹੈ, ਜਿਸਦੇ ਕਾਰਨ ਇੰਦਰੀਆਂ ਆਪਣਾ ਕਾਰਜ ਕਰਦੀਆਂ ਹਨ, ਮਨ ਕਲਪਨਾ ਕਰਦਾ ਹੈ, ਸਪਨੇ ਦੀ ਸਿਮਰਤੀ ਰਹਿੰਦੀ ਹੈ। ਰਸ ਆਨੰਦ ਸਰੂਪ ਹੈ ਅਤੇ ਇਹੀ ਆਨੰਦ ਵਿਸ਼ਾਲ ਦਾ, ਵਿਰਾਟ ਦਾ ਅਨੁਭਵ ਵੀ ਹੈ। ਇਹੀ ਆਨੰਦ ਹੋਰ ਸਾਰੇ ਅਨੁਭਵਾਂ ਦਾ ਉਲੰਘਣ ਵੀ ਹੈ। ਆਦਮੀ ਇੰਦਰੀਆਂ ਉੱਪਰ ਸੰਜਮ ਕਰਦਾ ਹੈ, ਤਾਂ ਵਿਸ਼ਿਆਂ ਤੋਂ ਆਪਣੇ ਆਪ ਹਟ ਜਾਂਦਾ ਹੈ। ਪਰ ਉਨ੍ਹਾਂ ਵਿਸ਼ਿਆਂ ਦੇ ਪ੍ਰਤੀ ਲਗਾਉ ਨਹੀਂ ਛੁੱਟਦਾ। ਰਸ ਦਾ ਪ੍ਰਯੋਗ ਸਾਰ ਤੱਤ ਦੇ ਅਰਥ ਵਿੱਚ ਚਰਕ, ਸੁਸ਼ਰੁਤ ਵਿੱਚ ਮਿਲਦਾ ਹੈ। ਦੂਜੇ ਅਰਥਾਂ ਵਿੱਚ, ਅਨਿੱਖੜ ਤੱਤਾਂ ਦੇ ਰੂਪ ਵਿੱਚ ਮਿਲਦਾ ਹੈ। ਸਭ ਕੁੱਝ ਨਸ਼ਟ ਹੋ ਜਾਵੇ, ਵਿਅਰਥ ਹੋ ਜਾਵੇ ਪ੍ਰੰਤੂ ਜੋ ਭਾਵ ਰੂਪ ਅਤੇ ਵਸਤੂ ਰੂਪ ਵਿੱਚ ਕਾਇਮ ਰਹੇ, ਉਹੀ ਰਸ ਹੈ। ਰਸ ਦੇ ਰੂਪ ਵਿੱਚ ਜਿਸਦੀ ਪ੍ਰਾਪਤੀ ਹੁੰਦੀ ਹੈ, ਉਹ ਭਾਵ ਹੀ ਹੈ। ਭਾਵ ਜਦੋਂ ਰਸ ਬਣ ਜਾਂਦਾ ਹੈ, ਤਾਂ ਭਾਵ ਨਹੀਂ ਰਹਿੰਦਾ। ਕੇਵਲ ਰਸ ਰਹਿ ਜਾਂਦਾ ਹੈ। ਉਸ ਦੀ ਆਤਮਾ ਆਪਣਾ ਰੂਪਾਂਤਰ ਕਰ ਲੈਂਦੀ ਹੈ। ਅਨੂਪਮ ਰਸ ਦੀ ਉਤਪੱਤੀ ਹੈ। ਨਾਟ ਦੀ ਪ੍ਰਸਤੁਤੀ ਵਿੱਚ ਸਭ ਕੁੱਝ ਪਹਿਲਾਂ ਤੋਂ ਹੀ ਮਿਲਿਆ ਹੁੰਦਾ ਹੈ, ਗਿਆਤ ਹੁੰਦਾ ਹੈ, ਸੁਣਿਆ ਹੋਇਆ ਜਾਂ ਵੇਖਿਆ ਹੋਇਆ ਹੁੰਦਾ ਹੈ। ਇਸ ਦੇ ਬਾਵਜੂਦ ਕੁੱਝ ਅਨੂਪਮ ਮਹਿਸੂਸ ਹੁੰਦਾ ਹੈ। ਉਹ ਅਨੁਭਵ ਦੂਜੇ ਅਨੁਭਵਾਂ ਨੂੰ ਪਿੱਛੇ ਛੱਡ ਦਿੰਦਾ ਹੈ। ਇਕੱਲਿਆਂ ਹੀ ਅਰਸੀ ਮੰਡਲਾਂ ਵਿੱਚ ਪਹੁੰਚਾ ਦਿੰਦਾ ਹੈ। ਰਸ ਦਾ ਇਹ ਖੁਮਾਰ ਅਪਾਰ ਅਤੇ ਅਕਹਿ ਹੁੰਦਾ ਹੈ।[3]

ਰਸ ਸੂਤ੍ਰ

ਭਰਤ ਮੁਨੀ ਨੇ ਰਸ ਸੂਤ੍ਰ "ਵਿਭਾਵਾਨੁਭਾਵਵਯਭਿਚਾਰਿਸੰਯੋਗਾਦਰਸਨਿਸ਼ਪੱਤਿ" ਵਿੱਚ ਰਸ ਦੇ ਲੱਛਣ ਅਤੇ ਸਰੂਪ ਨੂੰ ਪੇਸ਼ ਕੀਤਾ ਹੈ।[4] ਅਰਥਾਤ ਵਿਭਾਵ, ਅਨੁਭਾਵ ਅਤੇ ਵਿਅਭਿਚਾਰ(ਸੰਚਾਰਿ) ਭਾਵ ਦੇ ਸੰਯੋਗ (ਮੇਲ) ਨਾਲ 'ਰਸ' ਦੀ ਉਤਪੱਤੀ ਹੁੰਦੀ ਹੈ। ਜਿਵੇਂ- ਗੁੜ, ਇਮਲੀ, ਪਾਣੀ, ਨਮਕ, ਮਿਰਚ, ਮਸਾਲਾ ਆਦਿ ਪਦਾਰਥ ਦੇ ਸੰਯੋਗ ਨਾਲ ਇੱਕ ਅਦੁਤੀ ਆਨੰਦ ਦੇਣ ਵਾਲੇ ਪੀਣਯੋਗ ਰਸ ਦੀ ਨਿਸ਼ਪੱਤੀ ਹੁੰਦੀ ਹੈ; ਉਸੇ ਤਰ੍ਹਾਂ ਅਨੇਕ ਭਾਵਾਂ ਦੇ ਉਤਪੰਨ ਅਥਵਾ ਅਨੁਭੂਤ ਹੋਣ ਨਾਲ ਵਿਭਾਵ ਆਦਿ ਦੁਆਰਾ ਪੁਸ਼ਟ ਰਤੀ ਆਦਿ ਸਥਾਈਭਾਵ ਹੀ ਰਸ ਦੇ ਸਰੂਪ ਨੂੰ ਪ੍ਰਾਪਤ ਹੁੰਦੇ ਹਨ।[5]

ਰਸ ਬਾਰੇ ਆਚਾਰੀਆਂ ਦੇ ਮਤ

ਰਸ ਦੇ ਪਹਿਲੇ ਵਿਆਖਿਆਕਾਰ ਭਰਤਮੁਨੀ ਹਨ। ਉਹ ਰਸ ਨੂੰ 'ਸੁਆਦ' ਨਹੀਂ ਆਖਦੇ, ਸਗੋਂ ਇਸ ਨੂੰ ਇਕ ਪਦਾਰਥ ਸਮਝ ਕੇ 'ਸੁਆਦਲਾ' ਆਖਦੇ ਹਨ। ਉਹ ਇਸ ਨੂੰ ਅਨੁਭੂਤੀ ਨਹੀਂ ਮੰਨਦੇ, ਸਗੋਂ ਅਨੁਭੂਤੀ ਦਾ ਵਿਸ਼ਾ ਮੰਨਦੇ ਹਨ। ਉਹ ਕਹਿੰਦੇ ਹਨ ਕਿ ਜਿਵੇਂ ਸਬਜ਼ੀ-ਭਾਜੀ ਨਾਲ ਮਿਲ ਕੇ ਅੰਨ (ਰੋਟੀ) ਰਸਦਾਰ ਅਤੇ ਸੰਚਾਰੀ ਭਾਵਾਂ ਦੇ ਮੇਲ ਨਾਲ ਸਥਾਈ ਭਾਵ ਰਸਦਾਇਕ ਅਤੇ ਸੁਆਦਲੇ ਬਣ ਜਾਂਦੇ ਹਨ। ਸਥਾਈਭਾਵਾਂ ਦੀ ਸਥਿਤੀ, ਉਨ੍ਹਾਂ ਦੇ ਅਨੁਸਾਰ ਅੰਨ ਵਾਂਗ ਹੁੰਦੀ ਹੈ। ਆਚਾਰੀਆਂ ਭਰਤ ਦਾ ਰਸ ਬਾਰੇ ਦ੍ਰਿਸ਼ਟੀਕੋਣ ਵਸਤੂਵਾਦੀ ਸੀ।

ਸ਼ੰਕੁਕ ਦੇ ਅਨੁਸਾਰ ਵਿਭਾਵ, ਅਨੁਭਾਵ ਅਤੇ ਸੰਚਾਰਿ ਭਾਵ ਦੇ ਆਧਾਰ ’ਤੇ ਪਾਠਕ ਜਾਂ ਦਰਸ਼ਕ ਰਸ ਦਾ ਅਨੁਮਾਨ ਕਰਦਾ ਹੈ। ਸਥਾਈ ਭਾਵ ਅਤੇ ਰਸ ਦਾ ਅਨੁਭਾਵ ਪ੍ਰਤੱਖ ਰੂਪ ਵਿਚ ਨਹੀਂ ਕੀਤਾ ਜਾ ਸਕਦਾ। ਸ਼ੰਕੁਕ ਨਿਆਇਸ਼ਾਸਤਰ ਦੇ ਅਨੁਸਾਰ ਰਸ ਦੀ ਵਿਆਖਿਆ ਕਰਦੇ ਹਨ, ਕਿਉਂਕਿ ਉਹ ਇਕ ਉੱਘੇ ਨਿਆਇਸ਼ਾਸਤਰੀ ਵੀ ਸਨ। ਸ਼ੰਕੁਕ ਵੀ ਭੱਟ ਲੋਲੱਟ ਵਾਂਗ ਸਥਾਈ ਭਾਵ ਦੀ ਸਥਿਤੀ ਮੂਲ ਪਾਤਰ ਵਿਚ ਹੀ ਮੰਨਦੇ ਹਨ। ਸ਼ੰਕੁਕ ਦਾ ਰਸ ਬਾਰੇ ਇਹ ਨਜ਼ਰੀਆ ਵੀ ਵਸਤੂਵਾਦੀ ਹੀ ਹੈ।[6]

ਰਸ ਦੀਆਂ ਕਿਸਮਾਂ

ਨਾਟ-ਸ਼ਾਸਤਰ ਵਿੱਚ ਰਸ ਦੀਆਂ ਨੌਂ ਕਿਸਮਾਂ ਦੱਸੀਆਂ ਗਈਆਂ ਹਨ।

  • ਸ਼ਿੰਗਾਰ (शृङ्गारं), ਸਥਾਈ ਭਾਵ : ਰਤੀ
  • ਹਾਸ (हास्यं), ਸਥਾਈ ਭਾਵ : ਹਾਸ
  • ਰੌਦਰ (रौद्रं), ਸਥਾਈ ਭਾਵ : ਕ੍ਰੋਧ
  • ਕਰੁਣਾ (कारुण्यं), ਸਥਾਈ ਭਾਵ : ਸ਼ੋਕ
  • ਬੀਭਤਸ (बीभत्सं), ਸਥਾਈ ਭਾਵ : ਘਿਰਣਾ
  • ਭਿਆਨਕ (भयानकं), ਸਥਾਈ ਭਾਵ : ਭੈ, ਡਰ
  • ਵੀਰ (वीरं), ਸਥਾਈ ਭਾਵ : ਉਤਸਾਹ
  • ਅਦਭੁੱਤ (अद्भुतं), ਸਥਾਈ ਭਾਵ : ਹੈਰਾਨੀ
  • ਸ਼ਾਂਤ (शांत), ਸਥਾਈ ਭਾਵ : ਨਿਰਵੇਦ
  • ਵਤਸਲ ਰਸ (परस्पर रस), ਸਥਾਈ ਭਾਵ : ਵਾਤਸਲਯ ਜਾਂ ਵਾਤਸਲਤਾ
  • ਭਕਤੀ ਰਸ (भक्ति रस), ਸਥਾਈ ਭਾਵ : ਰੱਬ ਸਬੰਧੀ ਪ੍ਰੇਮ

ਸ਼ਿੰਗਾਰ ਰਸ

ਸ਼ਿੰਗਾਰ ਰਸ ਨੂੰ ਰਸਾਂ ਦਾ ਰਾਜਾ ਕਿਹਾ ਜਾਂਦਾ ਹੈ। ਰਤੀ (ਪ੍ਰੇਮ) ਇਸਦਾ ਸਥਾਈ ਭਾਵ ਹੈ। ਇਸ ਵਿੱਚ ਰਤੀ ਦਾ ਭਾਵ ਇਸ਼ਕ ਮਜ਼ਾਜੀ ਵੱਲ ਇਸ਼ਾਰਾ ਕਰਦਾ ਹੈ।

ਹਾਸ ਰਸ

ਭਰਤ ਮੁਨੀ ਨੇ ਸ਼ਿੰਗਾਰ ਰਸ ਤੋਂ ਹਾਸ ਰਸ ਦੀ ਉਤਪੱਤੀ ਮੰਨੀ ਹੈ। ਇਸ ਦਾ ਸਥਾਈ ਭਾਵ ਹਾਸ ਹੈ। ਇਹ ਅਨੋਖੇ ਮਨੋਭਾਵਾਂ ਦੀ ਸਿਰਜਣਾ ਕਰਦਾ ਹੈ। ਇਹ ਇੱਕ ਮਾਨਸਿਕ ਪ੍ਰਕਿਰਿਆ ਹੈ।

ਰੌਦਰ ਰਸ

ਜਿੱਥੇ ਦੁਸ਼ਮਣਾਂ ਅਤੇ ਵਿਰੋਧੀਆਂ ਦੁਆਰਾ ਅਪਮਾਨ ; ਵੱਡਿਆਂ ਦੀ ਨਿੰਦਾ; ਦੇਸ਼ ਅਤੇ ਧਰਮ ਦੇ ਅਪਮਾਨ ਕਾਰਣ ਬਦਲੇ ਦੀ ਭਾਵਨਾ ਪੈਦਾ ਹੁੰਦੀ ਹੈ, ਉਥੇ 'ਰੌਦਰ ਰਸ' ਹੁੰਦਾ ਹੈ। 'ਕੋ੍ਧ' ਇਸਦਾ ਸਥਾਈ ਭਾਵ ਹੈ।

ਕਰੁਣਾ ਰਸ

ਮਨਚਾਹੀ ਵਸਤੂ ਦੀ ਹਾਨੀ ਅਤੇ ਅਣਚਾਹੀ ਵਸਤੂ ਦੀ ਪ੍ਰਾਪਤੀ ਤੋਂ ਜਿਥੇ ਸ਼ੋਕ ਭਾਵ ਦੀ ਪੁਸ਼ਟੀ ਹੋਵੇ ਕਰੁਣਾ ਰਸ ਹੁੰਦਾ ਹੈ। ਇਸਦਾ ਸਥਾਈ ਭਾਵ 'ਸ਼ੋਕ' ਹੈ।[7]

ਬੀਭਤਸ ਰਸ

ਘ੍ਰਿਣਤ ਸ਼ੈ ਨੂੰ ਵੇਖਣ ਜਾਂ ਸੁਣਨ ਕਰਕੇ ਜਿੱਥੇ ਘ੍ਰਿਣਾ ਜਾਂ ਜੁਗਪੁਸਾ ਭਾਵ ਦਾ ਉਦਭਵ ਹੋਵੇ ਓਥੇ ਬੀਭਤਸ ਰਸ ਹੁੰਦਾ ਹੈ। ਬੀਭਤਸ ਰਸ ਦਾ ਸਥਾਈ ਭਾਵ 'ਘ੍ਰਿਣਾ' ਹੈ।

ਭਿਆਨਕ ਰਸ

ਕਿਸੇ ਡਰਾਵਣੇ ਦ੍ਰਿਸ਼, ਪ੍ਰਾਣੀ ਜਾਂ ਪਦਾਰਥ ਨੂੰ ਦੇਖ ਕੇ ਅਥਵਾ ਉਸ ਬਾਰੇ ਸੁਣ ਜਾਂ ਪੜ੍ਹ ਕੇ ਮਨ ਵਿਚ ਵਿਦਮਾਨ 'ਭੈ' ਜਦੋਂ ਪ੍ਰਬਲ ਰੂਪ ਧਾਰਣ ਕਰਕੇ ਪੁਸ਼ਟ ਹੁੰਦਾ ਹੈ ਤਾਂ 'ਭਯਾਨਕ' ਰਸ ਦੀ ਅਨੁਭੂਤੀ ਹੁੰਦੀ ਹੈ। ਭਿਆਨਕ ਰਸ ਦਾ ਸਥਾਈ ਭਾਵ 'ਭੈ' ਹੈ।[8]

ਬੀਰ ਰਸ

ਜਿੱਥੇ ਯੁੱਧ, ਦਾਨ, ਧਰਮ ਆਦਿ ਦੇ ਸੰਬੰਧ ਵਿਚ ਉਤਸ਼ਾਹ ਦੀ ਪੁਸ਼ਟੀ ਹੋਵੇ। ਉਥੇ ਬੀਰ ਰਸ ਹੁੰਦਾ ਹੈ। ਵੀਰ ਰਸ ਦਾ ਸਥਾਈ ਭਾਵ 'ਉਤਸਾਹ' ਹੈ।

ਅਦਭੁਤ ਰਸ

ਕਿਸੇ ਅਲੌਕਿਕ ਪਦਾਥਰ ਦੇ ਵੇਖਣ-ਸੁਣਨ ਤੋਂ ਉਤਪੰਨ ਹੋਣ ਵਾਲੀ ਹੈਰਾਨੀ ਨਾਮਕ ਚਿੱਤਵਿ੍ੱਤੀ ਨੂੰ 'ਵਿਸ਼ਮੈ' ਜਾਂ ਅਦਭੁਤ ਕਹਿੰਦੇ ਹਨ । ਅਦਭੁਤ ਰਸ ਦਾ ਸਥਾਈ ਭਾਵ 'ਵਿਸਮੈ' ਹੈ।[9]

ਸ਼ਾਂਤ ਰਸ

ਸ਼ਾਸਤਰਾਂ ਦੁਆਰਾ ਨਿਰੂਪਿਤ ਬ੍ਰਹਮ ਅਤੇ ਜਗਤ ਬਾਰੇ ਗੰਭੀਰ ਵਿਚਾਰ ਕਰਨ ਤੋਂ ਉਤਪੰਨ ਸੰਸਾਰਿਕ ਵਿਸ਼ਿਆਂ ਬਾਰੇ ਜੋ ਵਿਰਕਤੀ ਉਤਪੰਨ ਹੁੰਦੀ ਹੈ, ਉਸ ਚਿਤ-ਵਿ੍ਤੀ ਨੂੰ ਸ਼ਾਂਤ ਰਸ ਕਹਿੰਦੇ ਹਨ। ਸ਼ਾਂਤ ਰਸ ਦਾ ਸਥਾਈ ਭਾਵ 'ਨਿਰਵੇਦ' ਹੈ।[10]

ਵਤਸਲ ਰਸ

ਵਤਸਲ ਰਸ ਦਾ ਜਿਕਰ ਕੀਤੇ ਵੀ ਨਹੀਂ ਮਿਲਦਾ ਮੰਮਟ ਨੇ ਇਸਨੂੰ ਪੁੱਤਰ ਆਦਿ ਦੇ ਪ੍ਰਤੀ ਰਤੀ (ਸਨੇਹ) ਭਾਵ ਦੀ ਸ਼ੇਣੀ ਵਿੱਚ ਰੱਖਿਆ ਹੈ। ਇਸ ਦਾ ਸਥਾਈ ਭਾਵ ‘ਵਾਤਸਲਯ’ ਜਾਂ ‘ਵਾਤਸਲਤਾ’ ਹੈ।[11]

ਭਕਤੀ ਰਸ

ਰੱਬ ਦੇ ਪ੍ਰਤੀ ਭਕਤੀ ਭਾਵ, ਆਸਥਾ ਰੱਖਣ ਜਾਂ ਰੱਬ ਸਬੰਧੀ ਪ੍ਰੇਮ ਵੇਲੇ ਭਕਤੀ ਰਸ ਉਤਪੰਨ ਹੁੰਦਾ ਹੈ। ਇਸ ਦਾ ਸਥਾਈ ਭਾਵ ‘ਰੱਬ ਸਬੰਧੀ ਪ੍ਰੇਮ’ ਭਾਵ ਹੈ

ਹਵਾਲੇ