ਕੁਐਂਟਿਨ ਟੈਰੇਨਟੀਨੋ

ਕੁਐਂਟਿਨ ਜੈਰੋਮੀ ਟੈਰੇਨਟੀਨੋ[1] (English: Quentin Jerome Tarantino, /ˌtærənˈtn/; ਜਨਮ 27 ਮਾਰਚ, 1963 ਇੱਕ ਅਮਰੀਕੀ ਨਿਰਦੇਸ਼ਕ, ਲੇਖਕ ਅਤੇ ਅਦਾਕਾਰ ਹੈ। ਗੈਰ-ਲਕੀਰੀ ਬਿਰਤਾਂਤ, ਵਿਅੰਗਾਤਮਕ ਵਿਸ਼ਾ-ਵਸਤੂ, ਹਿੰਸਾ ਦੇ ਸੁਹਜਵਾਦ, ਸੰਵਾਦ ਦੇ ਲੰਮੇ ਸੀਨ, ਛੋਟੇ-ਵੱਡੇ ਪਾਤਰਾਂ ਨੂੰ ਇੱਕੋ-ਜਿਹੇ ਮਹੱਤਵ ਜਿਸ ਵਿੱਚ ਘੱਟ ਜਾਣੇ ਜਾਣ ਵਾਲੇ ਅਤੇ ਨਵੇਂ ਚਿਹਰੇ ਵੀ ਸ਼ਾਮਿਲ ਹੁੰਦੇ ਹਨ, ਪ੍ਰਚੱਲਿਤ ਸੱਭਿਆਚਾਰ ਦੇ ਹਵਾਲੇ, ਸਾਊਂਡਟਰੈਕ ਜਿਸ ਵਿੱਚ 1960 ਤੋਂ ਲੈ ਕੇ 1980 ਤੱਕ ਦੇ ਗੀਤ ਸ਼ਾਮਿਲ ਹੁੰਦੇ ਹਨ ਅਤੇ ਨਿਓ-ਨੋਇਰ ਸ਼ੈਲੀ ਉਸਦੀਆਂ ਫ਼ਿਲਮਾਂ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਹਨ। ਉਸਨੂੰ ਆਪਣੀ ਪੀੜ੍ਹੀ ਦੇ ਸਭ ਤੋਂ ਵੱਡੇ ਫਿਲਮਕਾਰ ਦੇ ਤੌਰ ਤੇ ਮੰਨਿਆ ਜਾਂਦਾ ਹੈ।

ਕੁਐਂਟਿਨ ਟੈਰੇਨਟੀਨੋ
ਟੈਰੇਨਟੀਨੋ 2015 ਵਿੱਚ ਸੈਨ ਡੀਏਗੋ ਕੌਮਿਕ-ਕੌਨ ਇੰਟਰਨੈਸ਼ਨਲ ਵਿਖੇ ਦ ਹੇਟਫ਼ੁਲ ਏਟ ਦੀ ਪ੍ਰੋਮੋਸ਼ਨ ਲਈ।
ਜਨਮ
ਕੁਐਂਟਿਨ ਜੈਰੋਮੀ ਟੈਰੇਨਟੀਨੋ

(1963-03-27) ਮਾਰਚ 27, 1963 (ਉਮਰ 61)
ਨੌਕਸਵਿਲਾ, ਟੈਨੈਸ਼ੀ, ਸੰਯੁਕਤ ਰਾਜ ਅਮਰੀਕਾ
ਪੇਸ਼ਾ
  • ਨਿਰਦੇਸ਼ਕ
  • ਲੇਖਕ
  • ਅਦਾਕਾਰ
ਸਰਗਰਮੀ ਦੇ ਸਾਲ1987–ਹੁਣ ਤੱਕ
ਸਾਥੀਡੈਨੀਏਲਾ ਪਿਕ(2009–ਹੁਣ ਤੱਕ; ਮੰਗਣੀ ਹੋਈ)
ਦਸਤਖ਼ਤ

ਉਸਦੇ ਫ਼ਿਲਮ ਕੈਰੀਅਰ ਦੀ ਸ਼ੁੁਰੂਆਤ 1980 ਦੇ ਦਹਾਕੇ ਦੇ ਅੰਤ ਵਿੱਚ ਸ਼ੁਰੂ ਹੋਈ ਸੀ ਜਦੋਂ ਉਸਨੇ ਮਾਈ ਬੈਸਟ ਫ਼ਰੈਂਡਜ਼ ਬਰਥਡੇ ਫ਼ਿਲਮ ਨੂੰ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਸੀ, ਅਤੇ ਜਿਸਦੀ ਸਕ੍ਰੀਨਪਲੇ ਉਸ ਦੁਆਰਾ ਲਿਖੀ ਗਈ ਅਗਲੀ ਫ਼ਿਲਮ ਟਰੂ ਰੋਮਾਂਸ ਦਾ ਆਧਾਰ ਸੀ। 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਉਸਨੇ ਨਿਰਦੇਸ਼ਕ ਦੇ ਤੌਰ ਤੇ ਆਪਣੇ ਸੁਤੰਤਰ ਫ਼ਿਲਮ ਕੈਰੀਅਰ ਦੀ ਸ਼ੁਰੂਆਤ 1992 ਵਿੱਚ ਰੈਜ਼ਰਵਾਇਰ ਡੌਗਸ ਨਾਲ ਕੀਤੀ ਸੀ। ਇਸ ਫ਼ਿਲਮ ਦੀ ਲੋਕਪ੍ਰਿਯਤਾ ਉਸਦੀ ਦੂਜੀ ਫ਼ਿਲਮ ਪਲਪ ਫ਼ਿਕਸ਼ਨ (1994) ਨਾਲ ਬਹੁਤ ਵਧ ਗਈ ਸੀ, ਜਿਹੜੀ ਕਿ ਇੱਕ ਬਲੈਕ ਕੌਮੇਡੀ ਅਪਰਾਧ ਫ਼ਿਲਮ ਸੀ ਅਤੇ ਜਿਸਨੂੰ ਸਮੀਖਕਾਂ ਅਤੇ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ। ਐਂਟਰਟੇਨਮੈਂਟ ਵੀਕਲੀ ਦੁਆਰਾ ਇਸ ਫ਼ਿਲਮ ਨੂੰ 1983 ਤੋਂ 2008 ਤੱਕ ਦੀ ਸਭ ਤੋਂ ਮਹਾਨ ਫ਼ਿਲਮ ਦਾ ਦਰਜਾ ਦਿੱਤਾ ਸੀ।[2] ਬਹੁਤ ਸਾਰੇ ਸਮੀਖਿਆਕਾਰਾਂ ਅਤੇ ਫ਼ਿਲਮ ਵਿਦਵਾਨਾਂ ਨੇ ਇਸ ਫ਼ਿਲਮ ਨੂੰ ਆਧੁਨਿਕ ਸਿਨੇਮੇ ਦਾ ਸਭ ਤੋਂ ਮਹੱਤਵਪੂਰਨ ਕੰਮ ਦਾ ਦਰਜਾ ਦਿੱਤਾ ਸੀ।[3] ਉਸਦੇ ਅਗਲੀ ਫ਼ਿਲਮ ਜੈਕੀ ਬ੍ਰਾਊਨ (1997) 1970 ਵਿੱਚ ਕਾਲੇ ਲੋਕਾਂ ਦੁਆਰਾ ਕੀਤੇ ਜਾਣ ਵਾਲੇ ਸ਼ੋਸ਼ਣ ਤੇ ਅਧਾਰਿਤ ਸੀ ਜਿਹੜੀ ਕਿ ਨਾਵਲ ਰਮ ਪੰਚ ਦਾ ਫ਼ਿਲਮੀ ਰੁਪਾਂਤਰਨ ਸੀ।

ਕਿਲ ਬਿਲ, ਜਿਹੜੀ ਕਿ ਇੱਕ ਬਦਲੇ ਦੀ ਕਹਾਣੀ ਸੀ, ਅਤੇ ਜਿਸ ਵਿੱਚ ਕੁੰਗ ਫ਼ੂ ਫ਼ਿਲਮਾਂ, ਜਾਪਾਨੀ ਮਾਰਸ਼ਲ ਆਰਟ ਅਤੇ ਸਪਾਗੈਟੀ ਵੈਸਟਰਨ ਜਿਹੀ ਲੜਾਕੂ ਸਮਰੱਥਾ ਦੀ ਮਿਲੀ-ਜੁਲੀ ਸ਼ੈਲੀ ਸ਼ਾਮਿਲ ਸੀ। ਇੱਕ ਸਾਲ ਪਿੱਛੋਂ 2004 ਵਿੱਚ ਇਸਦਾ ਅਗਲਾ ਭਾਗ ਕਿਲ ਬਿਲ 2 ਰਿਲੀਜ਼ ਕੀਤਾ ਗਿਆ। ਇਸ ਪਿੱਛੋਂ 2007 ਵਿੱਚ ਆਪਣੇ ਦੋਸਤ ਰੌਬਰਟ ਰੌਡਰੀਗੁਏਜ਼ ਨਾਲ ਮਿਲ ਕੇ ਦੋ ਫ਼ਿਲਮਾਂ ਦੇ ਸੰਗ੍ਰਹਿ ਡੈੱਥ ਪਰੂਫ਼ (2007) ਅਤੇ ਗਰਾਇੰਡਹਾਊਸ ਦਾ ਨਿਰਦੇਸ਼ਨ ਕੀਤਾ। ਇਸ ਪਿੱਛੋਂ ਉਸਦੀ ਬਹੁਤ ਦੇਰ ਤੋਂ ਉਡੀਕੀ ਜਾ ਰਹੀ ਫ਼ਿਲਮ ਇੰਗਲੋਰੀਅਸ ਬਾਸਟਰਡਸ ਨੂੰ 2009 ਵਿੱਚ ਰਿਲੀਜ਼ ਕੀਤਾ ਗਿਆ, ਇਸ ਫ਼ਿਲਮ ਦੀ ਕਹਾਣੀ ਨਾਜ਼ੀ ਜਰਮਨਾਂ ਦੇ ਰਾਜਨੀਤਿਕ ਲੀਡਰਾਂ ਨੂੰ ਸਮੂਹਿਕ ਤੌਰ ਤੇ ਮਾਰਨ ਬਾਰੇ ਇੱਕ ਕਾਲਪਨਿਕ ਇਤਿਹਾਸਿਕ ਫ਼ਿਲਮ ਹੈ। ਉਸ ਪਿੱਛੋਂ ਉਸ ਦੁਆਰਾ ਨਿਰਦੇਸ਼ਿਤ ਫ਼ਿਲਮ ਜੈਂਗੋ ਅਨਚੇਂਡ ਆਈ, ਇਹ ਫ਼ਿਲਮ ਉਸਦੇ ਕੈਰੀਅਰ ਦੀ ਸਭ ਤੋਂ ਵੱਧ ਪੈਸਾ (425 ਮਿਲੀਅਨ ਡਾਲਰ) ਕਮਾਉਣ ਵਾਲੀ ਫ਼ਿਲਮ ਹੈ। ਉਸਦੀ ਅਗਲੀ ਫ਼ਿਲਮ ਪੱਛਮੀ ਰਹੱਸਮਈ ਫ਼ਿਲਮ ਦ ਹੇਟਫ਼ੁਲ ਏਟ ਸੀ ਜਿਹੜੀ ਕਿ 25 ਦਿਸੰਬਰ 2015 ਨੂੰ ਰਿਲੀਜ਼ ਹੋਈ ਸੀ।

ਟੈਰੇਨਟੀਨੋ ਦੀਆਂ ਫ਼ਿਲਮਾਂ ਨੂੰ ਆਰਥਿਕ ਸਫ਼ਲਤਾ ਦੇ ਨਾਲ-ਨਾਲ ਸਮੀਖਕਾਂ ਵੱਲੋਂ ਵੀ ਕਾਫ਼ੀ ਸਰਾਹਨਾ ਮਿਲੀ। ਉਸਨੇ ਬਹੁਤ ਸਾਰੇ ਅਵਾਰਡ ਜਿੱਤੇ ਹਨ ਜਿਹਨਾਂ ਵਿੱਚ ਦੋ ਅਕਾਦਮੀ ਇਨਾਮ, ਦੋ ਗੋਲਡਨ ਗਲੋਬ ਅਵਾਰਡ, ਦੋ ਬਾਫ਼ਟਾ ਅਵਾਰਡ ਅਤੇ ਪਾਲਮੇ ਦਿਓਰ ਅਵਾਰਡ ਸ਼ਾਮਿਲ ਹੈ। ਉਸਨੂੰ ਐਮੀ ਅਤੇ ਗ੍ਰੈਮੀ ਅਵਾਰਡਾਂ ਲਈ ਨਾਮਜ਼ਦ ਵੀ ਕੀਤਾ ਜਾ ਚੁੱਕਾ ਹੈ। 2005 ਵਿੱਚ ਸਲਾਨਾ ਟਾਈਮ 100 ਦੁਆਰਾ ਉਸਦਾ ਨਾਮ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਐਲਾਨਿਆ ਗਿਆ ਸੀ।[4] ਫ਼ਿਲਮਕਾਰ ਅਤੇ ਇਤਿਹਾਸਕਾਰ ਪੀਟਰ ਬੋਗਡੈਨੋਵਿਚ ਨੇ ਉਸਨੂੰ ਉਸਦੇ ਸਮੇਂ ਦਾ ਸਭ ਤੋਂ ਸਭ ਤੋਂ ਪ੍ਰਭਾਵਸ਼ਾਲੀ ਨਿਰਦੇਸ਼ਕ ਦੱਸਿਆ ਹੈ।[5]

ਮੁੱਢਲਾ ਜੀਵਨ

ਟੈਰੇਨਟੀਨੋ ਦਾ ਜਨਮ 27 ਮਾਰਚ, 1963 ਨੂੰ ਨੌਕਸਵਿਲਾ, ਟੈਨੈਸ਼ੀ ਵਿਖੇ ਹੋਇਆ ਸੀ। ਉਸਦੇ ਪਿਤਾ ਦਾ ਨਾਂ ਟੋਨੀ ਟੈਰੇਨਟੀਨੋ ਸੀ ਜੋ ਕਿ ਇਤਾਲਵੀ ਮੂਲ ਦਾ ਸੀ ਅਤੇ ਉਸਦੀ ਮਾਂ ਆਇਰਿਸ਼ ਮੂਲ ਦੀ ਸੀ। ਕੁਐਂਟਿਨ ਦਾ ਨਾਮ ਕੁਇੰਟ ਐਸਪਰ ਦੇ ਨਾਮ ਤੋਂ ਲਿਆ ਗਿਆ ਸੀ ਜਿਸਦਾ ਕਿਰਦਾਰ ਸੀਬੀਐਸ ਦੇ ਲੜੀਵਾਰ ਗਨਸਮੋਕ ਵਿੱਚ ਬਰਟ ਰੇਨਲਡਸ ਦੁਆਰਾ ਨਿਭਾਇਆ ਗਿਆ ਸੀ। ਕੁਐਂਟਿਨ ਦੀ ਮਾਂ ਦਾ ਉਸਦੇ ਪਿਤਾ ਨਾਲ ਮਿਲਾਪ ਉਸਦੀ ਲਾਸ ਐਂਜਲਸ ਦੀ ਫੇਰੀ ਤੇ ਹੋਇਆ ਸੀ, ਜਿੱਥੇ ਟੋਨੀ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ। ਉਸਨੇ ਆਪਣੇ ਮਾਂ-ਪਿਓ ਤੋਂ ਆਜ਼ਾਦੀ ਦੇ ਲਈ ਉਸ ਨਾਲ ਵਿਆਹ ਕਰਾ ਲਿਆ ਸੀ, ਪਰ ਉਹਨਾਂ ਦਾ ਵਿਆਹ ਬਹੁਤੇ ਸਮੇਂ ਤੱਕ ਨਾ ਚੱਲਿਆ। 1966 ਵਿੱਚ ਟੈਰੇਨਟੀਨੋ ਅਤੇ ਉਸਦੀ ਮਾਂ ਲਾਸ ਐਂਜਲਸ ਆ ਗਏ ਜਿੱਥੇ ਉਹ ਦੱਖਣੀ ਤੱਟ ਉੱਪਰ ਰਹਿਣ ਲੱਗੇ ਜੋ ਕਿ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਸੀ। ਟੈਰੇਨਟੀਨੋ ਇੱਥੇ ਹੀ ਵੱਡਾ ਹੋਇਆ।[6][7]

ਹਵਾਲੇ

ਹੋਰ ਪੜ੍ਹੋ

ਬਾਹਰਲੇ ਲਿੰਕ