ਖੱਬੇ-ਪੱਖੀ ਰਾਜਨੀਤੀ

ਖੱਬੇ-ਪੱਖੀ ਰਾਜਨੀਤੀ, ਰਾਜਨੀਤੀ ਵਿੱਚ ਉਸ ਪੱਖ ਜਾਂ ਵਿਚਾਰਧਾਰਾ ਨੂੰ ਕਹਿੰਦੇ ਹਨ ਜੋ ਕਾਣੀ-ਵੰਡ ਵਾਲੇ ਸਮਾਜ ਨੂੰ ਬਦਲਕੇ ਉਸ ਵਿੱਚ ਬਰਾਬਾਰੀ ਲਿਆਉਣਾ ਚਾਹੁੰਦੀ ਹੈ।[1][2][3][4] ਇਸ ਵਿਚਾਰਧਾਰਾ ਵਿੱਚ ਸਮਾਜ ਦੇ ਉਹਨਾਂ ਲੋਕਾਂ ਲਈ ਹਮਦਰਦੀ ਜਤਾਈ ਜਾਂਦੀ ਹੈ ਜੋ ਕਿਸੇ ਵੀ ਕਾਰਨ ਹੋਰ ਲੋਕਾਂ ਦੀ ਤੁਲਣਾ ਵਿੱਚ ਪਛੜ ਗਏ ਹੋਣ ਜਾਂ ਕਮਜ਼ੋਰ ਹੋਣ ਅਤੇ ਇਸ ਧਾਰਨਾ ਨੂੰ ਅਧਾਰ ਬਣਾਇਆ ਜਾਂਦਾ ਹੈ ਕਿ ਸਮਾਜ ਵਿੱਚ ਮੌਜੂਦ ਤਰਕਹੀਣ ਨਾਬਰਾਬਰੀ ਨੂੰ ਮਿਟਾਉਣਾ ਲੋੜੀਂਦਾ ਹੈ।[3]

ਰਾਜਨੀਤੀ ਦੇ ਸੰਦਰਭ ਵਿੱਚ ਖੱਬੇ-ਪੱਖੀ ਅਤੇ ਸੱਜੇ-ਪੱਖੀ ਸ਼ਬਦਾਂ ਦੀ ਵਰਤੋਂ ਫ਼ਰਾਂਸੀਸੀ ਇਨਕਲਾਬ (1789–1799) ਦੇ ਦੌਰਾਨ ਸ਼ੁਰੂ ਹੋਈ। ਫ਼ਰਾਂਸ ਵਿੱਚ ਇਨਕਲਾਬ ਤੋਂ ਪਹਿਲਾਂ ਦੀ ਅਸਟੇਟਸ ਜਨਰਲ (Estates General) ਨਾਮਕ ਸੰਸਦ ਵਿੱਚ ਬਾਦਸ਼ਾਹ ਨੂੰ ਹਟਾ ਕੇ ਲੋਕਰਾਜ ਲਿਆਉਣਾ ਲੋਚਣ ਵਾਲੇ ਅਤੇ ਧਰਮ ਨਿਰਪੱਖਤਾ ਲੋਚਣ ਵਾਲੇ ਅਕਸਰ ਖੱਬੇ ਪਾਸੇ ਬੈਠਦੇ ਸਨ। ਜਦਕਿ ਸੱਜੇ ਪਾਸੇ ਬੈਠਣ ਵਾਲੇ ਪੁਰਾਣੀ ਤਰਜ਼ ਦੀ ਹਕੂਮਤ ਦੀ ਤਰਫ਼ਦਾਰੀ ਕਰਨ ਵਾਲੇ ਹੁੰਦੇ ਸਨ। ਖੱਬਾ ਪੱਖ (Left) ਪਦ ਹੋਰ ਵੀ ਤੂਲ ਫੜ ਗਿਆ ਜਦੋਂ 1815 ਵਿੱਚ ਫ਼ਰਾਂਸੀਸੀ ਰਾਜਤੰਤਰ ਬਹਾਲ ਹੋ ਜਾਣ ਦੇ ਬਾਅਦ ਇਹਦੀ ਵਰਤੋਂ "ਆਜ਼ਾਦਾਂ" ਲਈ ਵੀ ਕੀਤੀ ਜਾਣ ਲੱਗੀ।[5] ਆਧੁਨਿਕ ਕਾਲ ਵਿੱਚ ਸਮਾਜਵਾਦ ਅਤੇ ਸਾਮਵਾਦ (ਕਮਿਊਨਿਜ਼ਮ) ਨਾਲ ਸੰਬੰਧਿਤ ਵਿਚਾਰਧਾਰਾਵਾਂ ਨੂੰ ਖੱਬੇ-ਪੱਖੀ ਰਾਜਨੀਤੀ ਵਿੱਚ ਗਿਣਿਆ ਜਾਂਦਾ ਹੈ।

ਹਵਾਲੇ