ਸਮੱਗਰੀ 'ਤੇ ਜਾਓ

ਚਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਕਰ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ ਜ਼ਿਲ੍ਹਾ
ਬਲਾਕਜਗਰਾਵਾਂ
ਉੱਚਾਈ
233 m (764 ft)
ਆਬਾਦੀ
 (2010)
 • ਕੁੱਲ10,000
ਭਾਸ਼ਾਵਾਂ
 • ਅਧਿਕਾਰਿਤਪੰਜਾਬੀ (ਗੁਰਮੁਖੀ)
 • ਖੇਤਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐਸਟੀ)
ਪਿਨ
142035
ਨੇੜੇ ਦਾ ਸ਼ਹਿਰਜਗਰਾਓਂ
ਵੈੱਬਸਾਈਟwww.chakarsports.org

ਚਕਰ', ਭਾਰਤੀ ਪੰਜਾਬ ਬਲਾਕ/ਤਹਿਸੀਲ ਜਗਰਾਓਂ, ਜ਼ਿਲ੍ਹਾ: ਲੁਧਿਆਣਾ ਦਾ ਇੱਕ ਵੱਡਾ ਪਿੰਡ ਹੈ।[1][2][3][4]ਮਾਲਵੇ ਦਾ ਇਹ ਪ੍ਰਸਿੱਧ ਪਿੰਡ ਜ਼ਿਲ੍ਹਾ ਲੁਧਿਆਣਾ ਦੀ ਦੱਖਣੀ ਪੱਛਮੀ ਹੱਦ ਤੇ ਗੁਰੂ ਗੋਬਿੰਦ ਸਿੰਘ ਮਾਰਗ ਉੱਪਰ ਸਥਿਤ ਹੈ। ਚਕਰ ਦੀ ਨਕਸ਼ਾ ਸਥਿਤੀ 30°38'37"N 75°23'48"E ਅਤੇ ਸਮੁੰਦਰੀ ਤਲ ਤੋਂ ਔਸਤ ਉਚਾਈ ੨੩੩ ਮੀਟਰ ਹੈ|

ਇਤਿਹਾਸ

ਲਗਭਗ 1000 ਸਾਲ ਪੁਰਾਣਾ ਤੇ ਕਰੀਬ 11000 ਹਜ਼ਾਰ ਦੀ ਆਬਾਦੀ ਵਾਲਾ ਇਹ ਪਿੰਡ ਕਿਸੇ ਸਮੇਂ ਆਹਲੂਵਾਲੀਆ ਮਿਸਲ ਅਤੇ ਕਪੂਰਥਲਾ ਰਿਆਸਤ ਦਾ ਪਿੰਡ ਰਿਹਾ ਹੈ। ਅਜੇ ਵੀ ਇਸਦਾ ਪੁਰਾਣਾ ਮਾਲ ਵਿਭਾਗ ਦਾ ਰਿਕਾਰਡ ਕਪੂਰਥਲੇ ਤੋਂ ਹੀ ਮਿਲਦਾ ਹੈ। ਮੌਜੂਦਾ ਪਿੰਡ ਚਕਰ ਪਹਿਲਾਂ ਪਿੰਡ ਦੇ ਆਸੇ ਪਾਸੇ 4-5 ਥਾਵਾਂ ਤੇ ਵਸਿਆ ਹੋਇਆ ਸੀ। ਪੁਰਾਣੇ ਥੇਹ ਇਸ ਗੱਲ ਦੀ ਹਾਮੀ ਭਰਦੇ ਹਨ। ਇਨ੍ਹਾਂ ਦੇ ਵਿਚਕਾਰ ਜੱਸਾ ਸਿੰਘ ਆਹਲੂਵਾਲੀਆ ਨੇ 7 ਬੁਰਜ਼ਾਂ ਵਾਲਾ ਕੱਚਾ ਕਿਲਾ ਬਣਾਇਆ ਹੋਇਆ ਸੀ।ਇਸ ਦੇ ਥੱਲੇ ਦੀ ਇੱਕ ਵੱਡਾ ਬਹੀਨ (ਨਾਲਾ) ਜਾਂਦਾ ਸੀ ਜਿਸ ਰਾਹੀਂ ਗੰਦੇ ਪਾਣੀ ਦਾ ਨਿਕਾਸ ਸੀ।

ਬਹੀਨ ਉੱਤੇ ਇੱਕ ਕੰਧ ਸੀ ਜਿਸ ਬਾਰੇ ਵਿਸ਼ਵਾਸ ਸੀ ਕਿ ਜੋ ਵੀ ਇਸ ਕੰਧ ਨੂੰ ਭੰਨੇਗਾ, ਉਹ ਅੰਨ੍ਹਾ ਹੋ ਜਾਵੇਗਾ। ਇੱਕ ਸਾਧੂ ਨੇ ਇਸ ਅੰਧ ਵਿਸ਼ਵਾਸ ਖਤਮ ਕੀਤਾ ਅਤੇ ਲੋਕਾਂ ਦੀ ਸੌਖ ਸਹੂਲਤ ਲਈ ਕੰਧ ਭੰਨੀ। ਇਹ ਬੁਰਜ਼ ਸੰਨ 1947 ਤੱਕ ਸਹੀ ਸਲਾਮਤ ਸਨ ਜਿਨ੍ਹਾਂ ਵਿਚੋਂ ਦੋ ਬੁਰਜ ਤਾਂ 1960 ਤੱਕ ਸਲਾਮਤ ਰਹੇ। ਫਿਰ ਫ਼ਤਿਹ ਸਿੰਘ ਆਹਲੂਵਾਲੀਆ ਜੋ ਜੱਸਾ ਸਿੰਘ ਆਹਲੂਵਾਲੀਆ ਦਾ ਪੋਤਰਾ ਸੀ, ਮਹਾਰਾਜਾ ਰਣਜੀਤ ਸਿੰਘ ਨਾਲ ਕੁੱਝ ਮਨ ਮੁਟਾਵ ਹੋਣ ਕਾਰਨ ਜਦੋਂ ਜਗਰਾਉਂ ਵਿਖੇ ਆ ਗਿਆ ਸੀ, ਨੇ ਇਸ ਕਿਲੇ ਦਾ ਪੱਕਾ ਦਰਵਾਜ਼ਾ ਬਣਾਇਆ ਅਤੇ ਆਪਣੇ ਵਿਸ਼ਵਾਸ ਪਾਤਰ ਨਗਾਹੀਆ ਸਿੰਘ ਕਿੰਗਰਾ ਨੂੰ ਇਸ ਕਿਲੇ ਵਿੱਚ ਵਸਇਆ। ਉਸ ਤੋਂ ਬਾਅਦ ਆਲੇ ਦੁਆਲੇ ਦੇ ਥੇਹਾਂ ਤੋਂ ਉੱਠ ਕੇ ਲੋਕ ਇਸ ਕਿਲੇ ਦੇ ਆਲੇ ਦੁਆਲੇ ਵਸ ਗਏ।ਕਿਲੇ ਦੇ ਅੰਦਰ ਕੇਵਲ ਕਿੰਗਰਾ ਗੋਤ ਦੇ ਲੋਕਾਂ ਦੀ ਰਿਹਾਇਸ਼ ਸੀ ਅਤੇ ਬਾਅਦ ਵਿੱਚ ਇਨ੍ਹਾਂ ਦਾ ਦੋਹਤਰਾ ਜੈਮਲ ਸਿੰਘ ਜੈਦ ਪਿੰਡ 'ਪੱਤੋ ਹੀਰਾ ਸਿੰਘ' ਤੋਂ ਆ ਕੇ ਰਹਿਣ ਲੱਗਾ। ਸਿੱਧੂ ਗੋਤ ਦੇ ਲੋਕ ਕਿਲੇ ਦੇ ਦੱਖਣ ਵੱਲ ਪਏ ਹੋਏ ਥੇਹ ਤੋਂ ਉੱਠ ਕੇ ਕਿਲੇ ਦੇ ਦੱਖਣ ਵੱਲ ਵਸ ਗਏ ਅਤੇ ਸੰਧੂ ਉੱਤਰ ਵੱਲ। ਪੂਰਬ ਵੱਲ ਰਲਵੇਂ ਮਿਲਵੇਂ ਲੋਕ ਵਸ ਗਏ।ਇਸ ਤਰ੍ਹਾਂ ਇਸ ਪਿੰਡ ਦੇ ਚਾਰ ਅਗਵਾੜ ਬਣੇ ਜਿਨ੍ਹਾਂ ਨੂੰ ਪੱਤੀਆਂ ਕਿਹਾ ਜਾਂਦਾ ਹੈ ਕਿਲਾ, ਸੰਧੂ, ਬੇਹਣ ਅਤੇ ਬਾਬੇ ਕੀ।[5]

ਪਿੰਡ ਦਾ ਨਾਮਕਰਨ

  • ਸ਼ੁਰੂ ਸ਼ੁਰੂ ਵਿੱਚ ਪਿੰਡ ਦੀ ਮੁੱਖ ਆਬਾਦੀ ਕਿਲੇ ਦਰਵਾਜ਼ੇ ਵਿੱਚ ਹੀ ਰਹਿੰਦੀ ਸੀ। ਇੱਥੇ ਉਸ ਸਮੇਂ ਦੇ ਰਾਜਿਆਂ ਦੀ ਘੋੜਸਵਾਰ ਫ਼ੌਜ ਦੇ ਕੁੱਝ ਸਿਪਾਹੀ ਰਹਿੰਦੇ ਹੁੰਦੇ ਸਨ। ਪਿੰਡ ਦੀ ਕੁੱਝ ਆਬਾਦੀ ਲੋਪੋ ਵਾਲੇ ਰਾਹ ਤੇ ਵੀ ਵਸੀ ਹੋਈ ਸੀ। ਇਹ ਜ਼ਿਆਦਾਤਰ ਸੰਧੂ ਗੋਤ ਦੇ ਲੋਕ ਸਨ। ਇੱਥੇ ਹੀ ਉਨ੍ਹਾਂ ਦੇ ਇਸ਼ਟ ‘ਬਾਬਾ ਕਾਲਾ ਮਹਿਰ’ ਦੀ ਜਗਾ ਬਣੀ ਹੋਈ ਸੀ। ਜਿਧਰ ਹੁਣ ਗੁਰਦੁਆਰਾ ਮਹਿਦੇਆਣਾ ਸਾਹਿਬ ਹੈ ਉਸ ਪਾਸੇ ਖੋਲਿਆਂ ਵੱਲ ਕਿੰਗਰਾ ਗੋਤ ਦੇ ਲੋਕ ਰਹਿੰਦੇ ਸਨ।ਇੱਕ ਬਸਤੀ ਹਠੂਰ ਦੇ ਰਾਹ ’ਤੇ ਸੀ। ਕੁੱਝ ਲੋਕ ਕੁੱਸੇ ਦੇ ਰਾਹ ਵੱਲ ਥੇਹ ’ਤੇ ਰਹਿੰਦੇ ਸਨ ਜਿਸ ਨੂੰ ‘ਘਣੀਏ ਕੀ ਥੇਹ’ ਵੀ ਕਿਹਾ ਜਾਂਦਾ ਸੀ।ਇਹ ਬਾਬੇ ਕੇ ਅਗਵਾੜ ਦੇ ਲੋਕ ਸਨ। ਪਿੰਡ ਦੇ ਨਾਮਕਰਨ ਬਾਰੇ ਇੱਕ ਧਾਰਨਾ ਇਹ ਵੀ ਹੈ ਕਿ ਇਸਦਾ ਸੰਬੰਧ ਛੇਵੇਂ ਗੁਰੂ ਹਰਗੋਬਿੰਦ ਜੀ ਨਾਲ ਜੁੜਦਾ ਹੈ। ਜਦੋਂ ਛੇਵੇਂ ਗੁਰੂ ਜੀ ਇੱਥੇ ਆਏ ਤਾਂ ਉਸ ਸਮੇਂ ਇੱਥੇ ਕਾਫ਼ੀ ਜੰਗਲ ਸਨ। ਗੁਰੂ ਜੀ ਦੇ ਦਰਸ਼ਨ ਕਰਨ ਲਈ ਸਾਰੇ ਲੋਕ ਇੱਕਠੇ ਹੋ ਗਏ।ਗੁਰੂ ਜੀ ਕਾਫ਼ੀ ਦੇਰ ਪ੍ਰਵਚਨ ਅਤੇ ਵਿਚਾਰ ਵਟਾਂਦਰਾ ਕਰਦੇ ਰਹੇ।ਫਿਰ ਉਨ੍ਹਾਂ ਨੇ ਲੋਕਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕੋਈ ਤਕਲੀਫ ਤਾਂ ਨਹੀਂ? ਪੁਰਾਤਨ ਸਮਿਆਂ ਵਿੱਚ ਲੁੱਟਾਂ ਖੋਹਾਂ ਆਮ ਹੀ ਹੋ ਜਾਂਦੀਆਂ ਸਨ। ਚਾਰੇ ਪਾਸਿਆਂ ਤੋਂ ਇਕੱਠੇ ਹੋਏ ਲੋਕ ਵੀ ਇਸ ਗੱਲ ਤੋਂ ਪ੍ਰੇਸ਼ਾਨ ਸਨ। ਸੋ ਉਨ੍ਹਾਂ ਨੇ ਆਪਣੀ ਇਹ ਸਮੱਸਿਆ ਗੁਰੂ ਜੀ ਨਾਲ ਸਾਂਝੀ ਕੀਤੀ ਕਿ ਵੇਲੇ ਕੁਵੇਲੇ ਮੁਸਲਮਾਨ ਧਾੜਵੀ ਸਾਨੂੰ ਲੁੱਟ ਲੈਂਦੇ ਹਨ। ਫਿਰ ਗੁਰੂ ਜੀ ਨੇ ਕਿਹਾ ਕਿ ਕੱਚੇ ਕਿਲੇ ਵਿੱਚ ਘੋੜ ਸਵਾਰ ਰਹਿੰਦਿਆਂ ਅਜਿਹਾ ਹੋਣਾ ਨਹੀਂ ਚਾਹੀਦਾ। ਤੁਸੀਂ ਲੋਕ ਏਨੇ ਪਾਸੇ ਖਿੱਲਰ ਕੇ ਕਿਉਂ ਬੈਠੇ ਹੋ ? ਇੱਕ ਥਾਂ ਇਕੱਠੇ ਕਿਉਂ ਨਹੀਂ ਹੋ ਜਾਂਦੇ? ਤੁਸੀਂ ਆਪਣੀ ਸੁਰੱਖਿਆ ਲਈ ਪਿੰਡ ਦੇ ਚਾਰੇ ਪਾਸੇ ਇੱਕ ਘੇਰੇ ਵਿੱਚ ਘਰ ਕਿਉਂ ਨਹੀਂ ਪਾ ਲੈਂਦੇ ? ਤੁਸੀਂ ਇੱਕ ਤਰ੍ਹਾਂ ਨਾਲ ਗੋਲ ਚੱਕਰ ਬਣਾ ਕੇ ਬੈਠ ਭਾਵ ਵਸ ਜਾਵੋ। ਇਸ ਤਰ੍ਹਾਂ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਵੇਗਾ।ਇਸ ਤਰ੍ਹਾਂ ਚਾਰੇ ਪਾਸਿਆਂ ਤੋਂ ਸਾਰੇ ਲੋਕ ਹੌਲੀ ਹੌਲੀ ਇੱਕ ਥਾਂ ਵਸੇਬਾ ਕਰਨ ਲੱਗੇ ਤੇ ਇਸ ਪਿੰਡ ਦਾ ਨਾਮ ਚਕਰ ਪੈ ਗਿਆ।

ਕੁੱਝ ਲੋਕਾਂ ਦਾ ਖਿਆਲ ਹੈ ਕਿ ਰਾਏਕੋਟ ਪਰਗਣੇ ਦੇ ਮਾਲਕ ਰਾਏਕੱਲਾ ਦੇ ਵਡੇਰਿਆਂ ਵਿੱਚੋਂ ਸਭ ਤੋਂ ਪਹਿਲਾਂ ਮੁਕਲ ਨਾਮ ਦਾ ਰਾਜਪੂਤ ਵੀ ਰਾਜਸਥਾਨ ਤੋਂ ਆ ਕੇ ਇਸੇ ਪਿੰਡ ਵਿੱਚ ਵਸਿਆ ਅਤੇ ਉਸਦੀ ਚੌਥੀ ਪੀੜ੍ਹੀ ਵਿੱਚੋਂ ਤੁਲਸੀ ਨਾਮੀ ਵਿਅਕਤੀ ਨੇ ਇਸਲਾਮ ਧਾਰਨ ਕਰ ਲਿਆ। ਉਸਨੂੰ ਰਾਏਕੋਟ ਦਾ ਉਹ ਪਰਗਣਾ ਮਿਲਿਆ ਜਿਸ ਨੂੰ ਸ਼ੇਖ ਚੱਕੂ ਨਾਮ ਦਾ ਪਰਗਣਾ ਕਿਹਾ ਜਾਂਦਾ ਸੀ। ਮੁਕਲ ਦੀ ਚੌਦਵੀਂ ਵੰਸ਼ ਵਿਚੋਂ ਰਾਏ ਕੱਲ੍ਹਾ ਅਜ਼ੀਜ਼ਉੱਲਾ ਹੋਇਆ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਗੰਗਾ ਸਾਗਰ ਬਖਸ਼ਿਆ। ਕੁੱਝ ਲੋਕ ਇਹ ਵੀ ਮੰਨਦੇ ਹਨ ਕਿ ਉਪਰੋਕਤ ਸ਼ੇਖ ਚੱਕੂ ਦੇ ਨਾਮ ਵਿਚਲੇ ਚੱਕੂ ਸ਼ਬਦ ਤੋਂ ਹੀ ਹੌਲੀ ਹੌਲੀ ਪਿੰਡ ਦਾ ਨਾਮ ਚਕਰ ਪਿਆ ਹੈ।

ਹੋਰ ਜਾਣਕਾਰੀ

ਪਿੰਡ ਚਕਰ ਦੀ ਧਰਤੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਕਾਰਨ ਪਵਿੱਤਰ ਅਤੇ ਖਾਸ ਮੰਨਿਆ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀ ਵਿਸ਼ਾਲ ਤੇ ਬੁਲੰਦ ਸੱਤ ਮੰਜ਼ਲੀ ਇਮਾਰਤ ਤੇ ਲਗਭਗ ਓਨਾ ਹੀ ਉੱਚਾ ਨਿਸ਼ਾਨ ਸਾਹਿਬ ਪਿੰਡ ਦੀ ਮੁੱਖ ਸ਼ਾਨ ਹੈ। ਸਭ ਤੋਂ ਵਧੀਆ ਗੱਲ ਇਹੀ ਹੈ ਕਿ ਬਹੁਤ ਵੱਡਾ ਪਿੰਡ ਹੋਣ ਦੇ ਬਾਵਜੂਦ ਇੱਥੇ ਸਿਰਫ਼ ਇੱਕ ਹੀ ਗੁਰਦੁਆਰਾ ਸਾਹਿਬ ਹੈ। ਇਹ ਪਿੰਡ ਵਿਚਲੇ ਲੋਕਾਂ ਦੀ ਧੁਰ ਡੂੰਘੀ ਏਕਤਾ ਦੀ ਇੱਕ ਮਿਸਾਲ ਹੈ, ਇੱਕ ਗਵਾਹੀ ਹੈ। ਇਹ ਗੁਰੂ ਸਾਹਿਬਾਨਾਂ ਦੀ ਹੀ ਕ੍ਰਿਪਾ ਹੈ ਕਿ ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਤੋਂ ਬਿਨਾਂ ਇੱਕ ਮੰਦਰ ਅਤੇ ਇੱਕ ਮਸੀਤ ਹੈ। ਭਾਵੇਂ ਕਿ ਵਕਤ ਦੇ ਨਾਲ ਮਸੀਤ ਦੀ ਸਿਰਫ ਇੱਕ ਨਿਸ਼ਾਨੀ ਹੀ ਬਚੀ ਹੈ ਪਰ ਕਬਰਾਂ ਨੂੰ ਬੜੀ ਹਿਫ਼ਾਜਤ ਨਾਲ ਸਾਂਭ ਸੰਭਾਲ ਕੇ ਰੱਖਿਆ ਹੋਇਆ ਹੈ। ਦਿਨ-ਤਿਉਹਾਰ ਕੋਈ ਵੀ ਹੋਵੇ ਸਿੱਖ, ਹਿੰਦੂ, ਮੁਸਲਮਾਨ ਸਾਰੇ ਰਲ ਕੇ ਮਨਾਉਂਦੇ ਹਨ। ਇਸ ਮਿੱਟੀ ਦੀ ਖਾਸੀਅਤ ਹੈ ਕਿ ਕਾਰਨ ਭਾਵੇਂ ਕੋਈ ਵੀ ਹੋਵੇ ਇਹ ਪਿੰਡ ਚਰਚਾ ਵਿੱਚ ਹੀ ਰਹਿੰਦਾ ਹੈ। ਅੱਜ ਕੱਲ੍ਹ ਇਹ ਚਕਰ ਦੇ ਪੁੱਤਰਾਂ ਵੱਲੋਂ ਆਪਣੇ ਤੌਰ ਤੇ ਪਾਏ ਜਾ ਰਹੇ ਸੀਵਰੇਜ, ਪਿੰਡ ਨੂੰ ਮਾਡਲ ਤੇ ਮਾਡਰਨ ਬਣਾਉਣ ਦੇ ਯਤਨਾਂ ਅਤੇ ਖੇਡਾਂ ਖਾਸਕਰ ਬਾਕਸਿੰਗ ਵਿੱਚ ਪ੍ਰਾਪਤੀਆਂ ਕਾਰਨ ਚਰਚਾ ਵਿੱਚ ਹੈ। ਪਿਛਲੇ 2 - 3 ਸਾਲਾਂ ਵਿੱਚ ਤਾਂ ਪਿੰਡ ਦਾ ਨਕਸ਼ਾ ਹੀ ਬਦਲ ਗਿਆ ਹੈ |

ਹਵਾਲਾ

ਹਵਾਲੇ

ਬਾਹਰੀ ਪੰਨੇ

🔥 Top keywords: ਮੁੱਖ ਸਫ਼ਾਛੋਟਾ ਘੱਲੂਘਾਰਾਖ਼ਾਸ:ਖੋਜੋਸੁਰਜੀਤ ਪਾਤਰਗੁਰੂ ਨਾਨਕਪੰਜਾਬੀ ਭਾਸ਼ਾਗੁਰਮੁਖੀ ਲਿਪੀਭਾਈ ਵੀਰ ਸਿੰਘਗੁਰੂ ਅਰਜਨਨਾਂਵਪੰਜਾਬੀ ਮੁਹਾਵਰੇ ਅਤੇ ਅਖਾਣਵੱਡਾ ਘੱਲੂਘਾਰਾਗੁਰੂ ਅਮਰਦਾਸਗੁਰੂ ਗ੍ਰੰਥ ਸਾਹਿਬਲੋਕਧਾਰਾਭਾਰਤ ਦਾ ਸੰਵਿਧਾਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾਮੱਧਕਾਲੀਨ ਪੰਜਾਬੀ ਸਾਹਿਤਗੁਰੂ ਗੋਬਿੰਦ ਸਿੰਘਮਾਰਕਸਵਾਦਪੰਜਾਬੀ ਆਲੋਚਨਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਸੱਭਿਆਚਾਰਗੁਰੂ ਤੇਗ ਬਹਾਦਰਪੰਜਾਬ, ਭਾਰਤਅਕਬਰਦੂਜੀ ਸੰਸਾਰ ਜੰਗਵਾਕਗੁਰੂ ਅੰਗਦਅਰਸਤੂ ਦਾ ਅਨੁਕਰਨ ਸਿਧਾਂਤਪੰਜਾਬ ਦੇ ਮੇਲੇ ਅਤੇ ਤਿਓੁਹਾਰਸ਼ਿਵ ਕੁਮਾਰ ਬਟਾਲਵੀਡਾ. ਹਰਿਭਜਨ ਸਿੰਘਪੰਜਾਬ ਦੇ ਲੋਕ-ਨਾਚਪੜਨਾਂਵਵਿਕੀਪੀਡੀਆ:ਬਾਰੇ