ਬਹਾਈ ਧਰਮ

ਬਹਾਈ ਧਰਮ (Persian: بهائی [bæhɒːʔiː]) ਇੱਕ ਏਕੀਸ਼ਰਵਾਦੀ ਧਰਮ ਹੈ ਜੋ 19ਵੀਂ ਸਦੀ ਵਿੱਚ ਇਰਾਨ ਵਿੱਚ ਬਹਾਉਲ੍ਹਾ ਵੱਲੋਂ ਸਥਾਪਤ ਕੀਤਾ ਗਿਆ ਸੀ ਅਤੇ ਜਿਹਦਾ ਮੁੱਖ ਉਦੇਸ਼ ਸਮੁੱਚੀ ਮਨੁੱਖਤਾ ਦੀ ਰੂਹਾਨੀ ਏਕਤਾ ਹੈ।[1] ਦੁਨੀਆ ਦੇ 200 ਤੋਂ ਵੱਧ ਦੇਸ਼ਾਂ ਅਤੇ ਰਾਜਖੇਤਰਾਂ ਵਿੱਚ ਲਗਭਗ 50 ਤੋਂ 60 ਲੱਖ ਬਹਾਈ ਰਹਿੰਦੇ ਹਨ।[2][3] ਇਹ ਧਰਮ ਸਭ ਧਰਮਾਂ ਦੀ ਏਕਤਾ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਇਸ ਦੀ ਵਿਗਿਆਨ ਪ੍ਰਤੀ ਪਹੁੰਚ ਸਕਾਰਾਤਮਕ ਹੈ। ਇਰਾਨ ਦੇ ਸ਼ੀਆ ਧਾਰਮਿਕ ਆਗੂ ਇਸ ਫ਼ਿਰਕੇ ਦੇ ਇਸ ਲਈ ਵਿਰੁੱਧ ਹਨ ਕਿ ਬਹਾਈ ਫ਼ਿਰਕੇ ਦੇ ਲੋਕ ਬਹਾਉੱਲਾ ਨੂੰ ਪੈਗੰਬਰ ਮੰਨਦੇ ਹਨ ਜਦੋਂਕਿ ਇਸਲਾਮ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੂੰ ਆਖ਼ਰੀ ਪੈਗੰਬਰ ਮੰਨਦਾ ਹੈ। ਬਹਾਈ ਫ਼ਿਰਕੇ ਨੂੰ ਅਫ਼ਗਾਨਿਸਤਾਨ,ਮਿਸਰ, ਇੰਡੋਨੇਸ਼ੀਆ ਤੇ ਹੋਰ ਮੁਸਲਿਮ ਦੇਸ਼ਾਂ ਵਿਚ ਵੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਰਾਨ ’ਚ ਇਹ ਵਿਤਕਰਾ 20ਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਸ਼ੁਰੂ ਹੋਇਆ ਤੇ 1955 ’ਚ ਤਹਿਰਾਨ ਸਥਿਤ ਬਹਾਈ ਧਾਰਮਿਕ ਕੇਂਦਰ ਨੂੰ ਤਬਾਹ ਕਰ ਦਿੱਤਾ ਗਿਆ। 1979 ਦੇ ਇਸਲਾਮਿਕ ਇਨਕਲਾਬ ਤੋਂ ਬਾਅਦ ਬਹਾਈ ਫ਼ਿਰਕੇ ਪ੍ਰਤੀ ਵਿਤਕਰਾ ਤੇ ਜਬਰ ਹੋਰ ਵਧਿਆ। ਸ਼ਿਰਾਜ ਵਿਚ ਉਨ੍ਹਾਂ ਦੇ ਇਕ ਧਾਰਮਿਕ ਕੇਂਦਰ ਨੂੰ ਦੋ ਵਾਰ ਤਬਾਹ ਕੀਤਾ ਅਤੇ ਬਹਾਈ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵਿਚੋਂ ਕੱਢਿਆ ਗਿਆ। ਮਿਸਰ ਵਿਚ 1960 ਵਿਚ ਬਹਾਈ ਫ਼ਿਰਕੇ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ। 1990ਵਿਆਂ ਵਿਚ ਜਾਰੀ ਕੀਤੇ ਫਰਮਾਨਾਂ ਅਨੁਸਾਰ ਮਿਸਰ ਵਿਚ ਰਹਿਣ ਵਾਲੇ ਵਿਅਕਤੀਆਂ ਨੂੰ ਪਛਾਣ ਪੱਤਰਾਂ ਵਿਚ ਆਪਣਾ ਧਰਮ ਮੁਸਲਿਮ, ਈਸਾਈ ਜਾਂ ਯਹੂਦੀ ਦੱਸਣਾ ਪੈਂਦਾ ਹੈ ਜਿਸ ਦੇ ਅਰਥ ਇਹ ਹਨ ਕਿ ਬਹਾਈ ਫ਼ਿਰਕੇ ਦੇ ਲੋਕਾਂ ਨੂੰ ਪਛਾਣ ਪੱਤਰ ਜਾਰੀ ਨਹੀਂ ਕੀਤੇ ਗਏ। ਵੱਖ ਵੱਖ ਅਨੁਮਾਨਾਂ ਅਨੁਸਾਰ ਦੁਨੀਆ ਵਿਚ ਬਹਾਈ ਫ਼ਿਰਕੇ ਨਾਲ ਸਬੰਧਿਤ ਲੋਕਾਂ ਦੀ ਗਿਣਤੀ 50 ਤੋਂ 80 ਲੱਖ ਦੱਸੀ ਜਾਂਦੀ ਹੈ।

ਸਰਬਵਿਆਪਕ ਨਿਆਂ-ਘਰ ਦਾ ਟਿਕਾਣਾ ਜੋ ਕਿ ਹੈਫ਼ਾ, ਇਜ਼ਰਾਈਲ ਵਿੱਚ ਹੈ ਅਤੇ ਬਹਾਈਆਂ ਦੀ ਪ੍ਰਬੰਧਕੀ ਸੰਸਥਾ ਹੈ।

ਦੁਖਾਂਤ

18 ਜੂਨ 1983 ਨੂੰ ਇਰਾਨ ਦੇ ਸ਼ਹਿਰ ਸ਼ਿਰਾਜ ਵਿਚ ਬਹਾਈ ਭਾਈਚਾਰੇ ਨਾਲ ਸਬੰਧਿਤ ਉਨ੍ਹਾਂ ਦਸ ਔਰਤਾਂ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਨੂੰ ਅਕਤੂਬਰ-ਨਵੰਬਰ 1982 ਵਿਚ ਗ੍ਰਿਫ਼ਤਾਰ ਕੀਤਾ ਗਿਆ। ਸਭ ਤੋਂ ਪਹਿਲਾਂ ਸਭ ਤੋਂ ਵੱਡੀ 57 ਸਾਲ ਦੀ ਔਰਤ ਨੂੰ ਫਾਂਸੀ ਦਿੱਤੀ ਗਈ ਤੇ ਅਖ਼ੀਰ ਵਿਚ ਸਭ ਤੋਂ ਛੋਟੀ 17 ਸਾਲ ਦੀ ਕੁੜੀ ਨੂੰ। ਉਨ੍ਹਾਂ ’ਤੇ ਇਜ਼ਰਾਈਲ ਲਈ ਜਾਸੂਸੀ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਅੱਗੇ ਇਹ ਬਦਲ ਰੱਖਿਆ ਗਿਆ ਕਿ ਉਹ ਬਹਾਈ ਧਰਮ ਨੂੰ ਛੱਡ ਕੇ ਇਸਲਾਮ ਅਪਣਾ ਲੈਣ ਪਰ ਉਨ੍ਹਾਂ ਧਰਮ ਬਦਲਣ ਤੋਂ ਇਨਕਾਰ ਕਰ ਦਿੱਤਾ। ਇਰਾਨ ਦੀ ਸਰਕਾਰ ਤੇ ਕਾਨੂੰਨ ਬਹਾਈ ਧਰਮ ਇਸ ਨੂੰ ਮਾਨਤਾ ਨਹੀਂ ਦਿੰਦੇ ਜਦੋਂਕਿ ਇਸਲਾਮ ਦੇ ਨਾਲ ਨਾਲ ਈਸਾਈ, ਪਾਰਸੀ ਤੇ ਯਹੂਦੀ ਧਰਮਾਂ ਨੂੰ ਮਾਨਤਾ ਦਿੱਤੀ ਗਈ ਹੈ। 1983 ਵਿਚ ਬਹਾਈ ਧਰਮ ਨਾਲ ਸਬੰਧਿਤ ਸਮਾਗਮਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਸਰਕਾਰ ਨੇ ਇਸ ਫ਼ਿਰਕੇ ਨਾਲ ਸਬੰਧਿਤ ਹੋਣ ਨੂੰ ਜੁਰਮ ਕਰਾਰ ਦੇ ਦਿੱਤਾ[4]

ਹਵਾਲੇ