ਆਂਦਰੇਈ ਸਖਾਰੋਵ

ਆਂਦਰੇਈ ਦਿਮਿਤਰੀਏਵਿਚ ਸਖਾਰੋਵ (ਰੂਸੀ: Андре́й Дми́триевич Са́харов ; 21 ਮਈ 1921  – 14 ਦਸੰਬਰ 1989) ਇੱਕ ਰੂਸੀ ਪ੍ਰਮਾਣੂ ਭੌਤਿਕ ਵਿਗਿਆਨੀ, ਵਿਦਰੋਹੀ, ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲਾ ਅਤੇ ਹਥਿਆਰਬੰਦੀ, ਅਮਨ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ਸ਼ੀਲ ਕਾਰਕੁਨ ਸੀ।[1]

ਉਹ ਸੋਵੀਅਤ ਯੂਨੀਅਨ ਦੇ ਆਰਡੀਐਸ-37 ਦੇ ਡਿਜ਼ਾਈਨਰ ਵਜੋਂ ਮਸ਼ਹੂਰ ਹੋਇਆ, ਜੋ ਥਰਮੋਨਿਊਕਲੀਅਰ ਹਥਿਆਰਾਂ ਦੇ ਸੋਵੀਅਤ ਵਿਕਾਸ ਲਈ ਇੱਕ ਕੋਡਨਾਮ ਸੀ। ਸਖਾਰੋਵ ਬਾਅਦ ਵਿੱਚ ਸੋਵੀਅਤ ਯੂਨੀਅਨ ਵਿੱਚ ਸਿਵਲ ਅਜ਼ਾਦੀ ਅਤੇ ਨਾਗਰਿਕ ਸੁਧਾਰਾਂ ਦਾ ਵਕੀਲ ਬਣ ਗਿਆ, ਜਿਸ ਲਈ ਉਸਨੂੰ ਰਾਜ ਦੇ ਅਤਿਆਚਾਰ ਦਾ ਸਾਹਮਣਾ ਕਰਨਾ ਪਿਆ; ਇਹਨਾਂ ਯਤਨਾਂ ਸਦਕਾ ਉਸਨੂੰ 1975 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ। ਸਖਾਰੋਵ ਇਨਾਮ, ਜੋ ਕਿ ਮਨੁੱਖੀ ਅਧਿਕਾਰਾਂ ਅਤੇ ਅਜ਼ਾਦੀ ਨੂੰ ਸਮਰਪਿਤ ਲੋਕਾਂ ਅਤੇ ਸੰਸਥਾਵਾਂ ਲਈ ਯੂਰਪੀਅਨ ਸੰਸਦ ਦੁਆਰਾ ਹਰ ਸਾਲ ਦਿੱਤਾ ਜਾਂਦਾ ਹੈ, ਉਸੇ ਦੇ ਸਨਮਾਨ ਵਿੱਚ ਨਾਮਿਤ ਕੀਤਾ ਗਿਆ ਹੈ।[2]

ਜੀਵਨੀ

ਸਖਾਰੋਵ ਦਾ ਜਨਮ 21 ਮਈ, 1921 ਨੂੰ ਮਾਸਕੋ ਵਿੱਚ ਹੋਇਆ ਸੀ। ਉਸਦਾ ਪਿਤਾ ਦਿਮਿਤਰੀ ਇਵਾਨੋਵਿਚ ਸਖਾਰੋਵ ਸੀ, ਇੱਕ ਨਿਜੀ ਸਕੂਲ ਦੇ ਭੌਤਿਕ ਵਿਗਿਆਨ ਦਾ ਅਧਿਆਪਕ ਅਤੇ ਇੱਕ ਸ਼ੌਕੀਆ ਪਿਆਨੋਵਾਦਕ ਸੀ।[3] ਉਸਦੇ ਪਿਤਾ ਨੇ ਬਾਅਦ ਵਿੱਚ ਦੂਜੀ ਮਾਸਕੋ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਾਇਆ।[4] ਆਂਦਰੇਈ ਦੇ ਦਾਦਾ ਇਵਾਨ ਰੂਸ ਦੇ ਸਾਮਰਾਜ ਵਿੱਚ ਇੱਕ ਮਸ਼ਹੂਰ ਵਕੀਲ ਸਨ ਜਿਨ੍ਹਾਂ ਨੇ ਸਮਾਜਿਕ ਜਾਗਰੂਕਤਾ ਅਤੇ ਮਨੁੱਖਤਾਵਾਦੀ ਸਿਧਾਂਤਾਂ (ਜਿਸ ਵਿੱਚ ਮੌਤ ਦੀ ਸਜ਼ਾ ਨੂੰ ਖਤਮ ਕਰਨ ਦੀ ਵਕਾਲਤ ਵੀ ਸੀ) ਦਾ ਆਦਰ ਕੀਤਾ ਸੀ ਜਿਸ ਨੇ ਬਾਅਦ ਵਿੱਚ ਉਸ ਦੇ ਪੋਤੇ ਨੂੰ ਪ੍ਰਭਾਵਤ ਕਰਨਾ ਸੀ। ਸਖਾਰੋਵ ਦੀ ਮਾਂ ਯੇਕੇਤੀਰਿਨਾ ਅਲੇਕਸੇਯੇਵਨਾ ਸਾਖਾਰੋਵਾ, ਪ੍ਰਮੁੱਖ ਫੌਜੀ ਕਮਾਂਡਰ ਅਲੈਕਸੀ ਸੇਮੇਨੋਵਿਚ ਸੋਫੀਆਨੋ (ਜੋ ਯੂਨਾਨ ਦੇ ਵੰਸ਼ ਵਿਚੋਂ ਸੀ) ਦੀ ਪੜਪੋਤੀ ਸੀ।[5][6] ਸਖਾਰੋਵ ਦੇ ਮਾਪਿਆਂ ਅਤੇ ਨਾਨੀ ਮਾਰੀਆ ਪੇਤਰੋਵਨਾ ਨੇ ਉਸਦੀ ਸ਼ਖਸੀਅਤ ਨੂੰ ਸਿਰਜਣ ਵਿੱਚ ਵੱਡਾ ਰੋਲ ਅਦਾ ਕੀਤਾ। ਉਸਦੀ ਮਾਤਾ ਅਤੇ ਦਾਦੀ ਚਰਚ ਜਾਣ ਵਾਲੀਆਂ ਧਾਰਮਿਕ ਔਰਤਾਂ ਸਨ; ਉਸ ਦਾ ਪਿਤਾ ਇੱਕ ਅਵਿਸ਼ਵਾਸੀ ਸੀ। ਜਦੋਂ ਆਂਦਰੇਈ ਤੇਰ੍ਹਾਂ ਸਾਲਾਂ ਦਾ ਸੀ, ਤਾਂ ਉਸਨੂੰ ਅਹਿਸਾਸ ਹੋਇਆ ਕਿ ਉਹ ਧਾਰਮਿਕ ਵਿਅਕਤੀ ਨਹੀਂ ਸੀ। ਪਰ, ਨਾਸਤਿਕ ਹੋਣ ਦੇ ਬਾਵਜੂਦ,[7] ਉਹ ਇੱਕ "ਮਾਰਗ ਦਰਸ਼ਕ ਸਿਧਾਂਤ" ਵਿੱਚ ਵਿਸ਼ਵਾਸ ਰੱਖਦਾ ਸੀ ਜੋ ਭੌਤਿਕ ਨਿਯਮਾਂ ਤੋਂ ਪਾਰ ਹੁੰਦਾ ਹੈ।[8]

ਸਿੱਖਿਆ ਅਤੇ ਕੈਰੀਅਰ

ਸਖਾਰੋਵ ਨੇ 1938 ਵਿੱਚ ਮਾਸਕੋ ਸਟੇਟ ਯੂਨੀਵਰਸਿਟੀ ਵਿੱਚ ਦਾਖਲਾ ਲਿਆ। 1941 ਵਿੱਚ ਮਹਾਨ ਦੇਸ਼ ਭਗਤਕ ਯੁੱਧ (ਦੂਸਰੇ ਵਿਸ਼ਵ ਯੁੱਧ) ਦੌਰਾਨ ਵਾਪਸੀ ਤੋਂ ਬਾਅਦ, ਉਸ ਨੇ ਅੱਜ ਦੇ ਤੁਰਕਮੇਨਸਤਾਨ ਵਿਚ, ਅਸ਼ਕਾਬਾਟ ਵਿੱਚ ਗ੍ਰੈਜੂਏਸ਼ਨ ਕੀਤੀ।[9] ਫਿਰ ਉਸ ਨੂੰ ਉਲਯਾਨੋਵਸਕ ਵਿੱਚ ਪ੍ਰਯੋਗਸ਼ਾਲਾ ਦੇ ਕੰਮ ਵਿੱਚ ਲਗਾਇਆ ਗਿਆ। 1943 ਵਿਚ, ਉਸਨੇ ਕਲਾਵਦੀਆ ਅਲੇਕਸੀਏਵਨਾ ਵਿਖੀਰੇਵਾ ਨਾਲ ਵਿਆਹ ਕਰਵਾ ਲਿਆ, ਜਿਸ ਤੋਂ ਉਨ੍ਹਾਂ ਦੇ ਦੋ ਧੀਆਂ ਅਤੇ ਇੱਕ ਬੇਟਾ ਹੋਇਆ। ਕਲਾਵਦੀਆਦੀ ਬਾਅਦ ਵਿੱਚ 1969 ਵਿੱਚ ਮੌਤ ਹੋ ਗਈ ਸੀ। ਉਹ 1945 ਵਿੱਚ ਉਹ ਫਿਯਾਨ (ਸੋਵੀਅਤ ਅਕੈਡਮੀ ਆਫ ਸਾਇੰਸਜ਼ ਦੇ ਫਿਜ਼ੀਕਲ ਇੰਸਟੀਚਿਊਟ) ਦੇ ਸਿਧਾਂਤਕ ਵਿਭਾਗ ਵਿਖੇ ਅਧਿਐਨ ਕਰਨ ਲਈ ਮਾਸਕੋ ਵਾਪਸ ਆਇਆ ਸੀ। ਉਸਨੇ 1947 ਵਿੱਚ ਆਪਣੀ ਪੀ.ਐਚ.ਡੀ. ਦੀ ਡਿਗਰੀ ਕੀਤੀ।[10]

ਹਵਾਲੇ