ਨਵ ਸਾਮਰਾਜਵਾਦ

ਇਤਿਹਾਸਕ ਪ੍ਰਸੰਗਾਂ ਵਿਚ, ਨਵ ਸਾਮਰਾਜਵਾਦ 19 ਵੀਂ ਸਦੀ ਦੇ ਅਖੀਰ ਵਿੱਚ ਅਤੇ 20 ਵੀਂ ਸਦੀ ਦੇ ਅਰੰਭ ਵਿਚ, ਯੂਰਪੀਅਨ ਸ਼ਕਤੀਆਂ, ਸੰਯੁਕਤ ਰਾਜ ਅਤੇ ਜਾਪਾਨ ਦੁਆਰਾ ਬਸਤੀਵਾਦੀ ਵਿਸਤਾਰ ਦੇ ਦੌਰ ਨੂੰ ਦਰਸਾਉਂਦਾ ਹੈ।[1] ਇਸ ਦੌਰ ਵਿੱਚ ਵਿਦੇਸ਼ੀ ਇਲਾਕੇ ਹਥਿਆਉਣ ਲਈ ਬੇਮਿਸਾਲ ਦੌੜ ਲੱਗੀ ਸੀ। ਉਸ ਸਮੇਂ, ਰਾਜਾਂ ਨੇ ਨਵੀਂ ਤਕਨੀਕੀ ਤਰੱਕੀ ਅਤੇ ਵਿਕਾਸ ਨਾਲ ਆਪਣੇ ਸਾਮਰਾਜ ਦਾ ਨਿਰਮਾਣ ਕਰਨ, ਜਿੱਤ ਦੇ ਜ਼ਰੀਏ ਆਪਣੇ ਖੇਤਰ ਦਾ ਵਿਸਥਾਰ ਕਰਨ, ਅਤੇ ਅਧੀਨ ਪਏ ਦੇਸ਼ਾਂ ਦੇ ਸਰੋਤਾਂ ਦਾ ਸ਼ੋਸ਼ਣ ਕਰਨ 'ਤੇ ਧਿਆਨ ਕੇਂਦਰਤ ਕੀਤਾ। ਨਵ ਸਾਮਰਾਜਵਾਦ ਦੇ ਦੌਰ ਦੌਰਾਨ, ਪੱਛਮੀ ਤਾਕਤਾਂ (ਅਤੇ ਜਪਾਨ) ਨੇ ਵੱਖ ਵੱਖ ਤੌਰ 'ਤੇ ਲਗਪਗ ਸਾਰੇ ਅਫਰੀਕਾ ਅਤੇ ਏਸ਼ੀਆ ਦੇ ਕੁਝ ਹਿੱਸਿਆਂ ਨੂੰ ਜਿੱਤ ਲਿਆ। ਸਾਮਰਾਜਵਾਦ ਦੀ ਨਵੀਂ ਲਹਿਰ ਵੱਡੀਆਂ ਸ਼ਕਤੀਆਂ ਦਰਮਿਆਨ ਚੱਲ ਰਹੀਆਂ ਰੰਜਿਸ਼ਾਂ, ਨਵੇਂ ਸਰੋਤਾਂ ਅਤੇ ਬਾਜ਼ਾਰਾਂ ਦੀ ਆਰਥਿਕ ਇੱਛਾ ਅਤੇ “ ਸਭਿਅਕ ਮਿਸ਼ਨ ” ਦੀਆਂ ਨੈਤਿਕ ਡੀਂਗਾਂ ਨੂੰ ਦਰਸਾਉਂਦੀ ਹੈ। ਇਸ ਯੁੱਗ ਦੌਰਾਨ ਸਥਾਪਤ ਕਈ ਕਲੋਨੀਆਂ ਨੇ ਦੂਸਰੇ ਵਿਸ਼ਵ ਯੁੱਧ ਦੇ ਬਾਅਦ ਡੀਕਲੋਨਾਈਜ਼ੇਸ਼ਨ ਦੇ ਦੌਰ ਦੌਰਾਨ ਆਜ਼ਾਦੀ ਪ੍ਰਾਪਤ ਕੀਤੀ।

"ਨਵ" ਵਿਸ਼ੇਸ਼ਣ ਪੁਰਾਣੀਆਂ ਸਾਮਰਾਜੀ ਗਤੀਵਿਧੀਆਂ ਤੋਂ ਆਧੁਨਿਕ ਸਾਮਰਾਜਵਾਦ ਨੂੰ ਵੱਖਰਾ ਕਰਨ ਲਈ ਵਰਤਿਆ ਜਾਂਦਾ ਹੈ। ਪੁਰਾਣੀਆਂ ਸਾਮਰਾਜੀ ਗਤੀਵਿਧੀਆਂ ਤੋਂ ਭਾਵ 1402 ਅਤੇ 1815 ਦੇ ਵਿਚਕਾਰ ਯੂਰਪੀਅਨ ਬਸਤੀਵਾਦ ਦੀ ਅਖੌਤੀ ਪਹਿਲੀ ਲਹਿਰ ਤੋਂ ਹੈ।[1][2] ਬਸਤੀਵਾਦ ਦੀ ਪਹਿਲੀ ਲਹਿਰ ਵਿੱਚ, ਯੂਰਪੀਅਨ ਸ਼ਕਤੀਆਂ ਨੇ ਅਮਰੀਕਾ ਅਤੇ ਸਾਇਬੇਰੀਆ ਨੂੰ ਬਸਤੀਆਂ ਬਣਾਇਆ ਸੀ ; ਫਿਰ ਉਨ੍ਹਾਂ ਨੇ ਬਾਅਦ ਵਿੱਚ ਅਫਰੀਕਾ ਅਤੇ ਏਸ਼ੀਆ ਵਿੱਚ ਹੋਰ ਚੌਕੀਆਂ ਸਥਾਪਤ ਕੀਤੀਆਂ।

ਉਭਾਰ

ਅਮਰੀਕੀ ਇਨਕਲਾਬ (1775–83) ਅਤੇ ਲਾਤੀਨੀ ਅਮਰੀਕਾ ਵਿੱਚ 1820 ਦੇ ਆਸ ਪਾਸ ਸਪੇਨ ਦੇ ਸਾਮਰਾਜ ਦੇ ਢਹਿ ਜਾਣ ਨਾਲ ਯੂਰਪੀਅਨ ਸਾਮਰਾਜਵਾਦ ਦੇ ਪਹਿਲੇ ਯੁੱਗ ਦਾ ਅੰਤ ਹੋ ਗਿਆ। ਖ਼ਾਸਕਰ ਗ੍ਰੇਟ ਬ੍ਰਿਟੇਨ ਵਿੱਚ ਇਨ੍ਹਾਂ ਇਨਕਲਾਬਾਂ ਨੇ ਮਰਕੈਂਟਿਲਿਜ਼ਮ, ਸੀਮਤ ਦੌਲਤ ਲਈ ਆਰਥਿਕ ਮੁਕਾਬਲੇਬਾਜ਼ੀ ਦਾ ਸਿਧਾਂਤ ਜੋ ਪਹਿਲਾਂ ਦੇ ਸਾਮਰਾਜੀ ਵਿਸਥਾਰ ਦਾ ਅਧਾਰ ਸੀ, ਦੀਆਂ ਘਾਟਾਂ ਨੂੰ ਦਰਸਾਉਣ ਵਿੱਚ ਸਹਾਇਤਾ ਕੀਤੀ। 1846 ਵਿਚ, ਮੱਕੀ ਦੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਨਿਰਮਾਤਾਵਾਂ ਦੀ ਕਮਾਈ ਵਧ ਗਈ, ਕਿਉਂਕਿ ਮੱਕੀ ਦੇ ਕਾਨੂੰਨਾਂ ਦੁਆਰਾ ਲਾਗੂ ਕੀਤੇ ਗਏ ਨਿਯਮਾਂ ਨੇ ਉਨ੍ਹਾਂ ਦੇ ਕਾਰੋਬਾਰ ਨੂੰ ਮੱਠਾ ਕੀਤਾ ਹੋਇਆ ਸੀ। ਰੱਦ ਹੋਣ ਤੇ, ਨਿਰਮਾਤਾ ਫਿਰ ਵਧੇਰੇ ਸੁਤੰਤਰ ਵਪਾਰ ਕਰਨ ਦੇ ਯੋਗ ਹੋ ਗਏ। ਇਸ ਤਰ੍ਹਾਂ ਬ੍ਰਿਟੇਨ ਨੇ ਮੁਕਤ ਵਪਾਰ ਦੇ ਸੰਕਲਪ ਨੂੰ ਅਪਣਾਉਣਾ ਸ਼ੁਰੂ ਕੀਤਾ।[3]

ਹਵਾਲੇ