ਪਰਮਾਣੂ ਬਿਜਲੀ ਘਰ

ਪਰਮਾਣੂ ਬਿਜਲੀ ਘਰ ਇੱਕ ਬਿਜਲੀ ਪੈਂਦਾ ਕਰਨ ਵਾਲਾ ਥਰਮਲ ਪਾਵਰ ਪਲਾਂਟ ਹੁੰਦਾ ਹੈ ਜਿਸ ਵਿੱਚ ਤਾਪ ਦਾ ਸੋਮਾ ਪਰਮਾਣੂ ਰਿਐਕਟਰ ਹੁੰਦਾ ਹੈ। ਆਮ ਥਰਮਲ ਪਾਵਰ ਪਲਾਂਟਾਂ ਵਾਂਗ ਤਾਪ ਨੂੰ ਭਾਫ਼ ਬਣਾਉਣ ਲਈ ਵਰਤਿਆ ਜਾਂਦਾ ਹੈ ਜਿਹੜੀ ਜਨਰੇਟਰ ਨਾਲ ਜੁੜੀ ਭਾਫ਼ ਟਰਬਾਈਨ ਨੂੰ ਘੁਮਾਉਂਦੀ ਹੈ, ਜਿਸ ਨਾਲ ਬਿਜਲੀ ਦਾ ਨਿਰਮਾਣ ਹੁੰਦਾ ਹੈ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (International Atomic Energy Agency) ਨੇ 2004 ਵਿੱਚ ਇੱਕ ਰਿਪੋਰਟ ਵਿੱਚ ਦੱਸਿਆ ਸੀ ਕਿ 31 ਵਿਸ਼ਵ ਦੇ 31 ਦੇਸ਼ਾਂ ਵਿੱਚ ਲਗਭਗ 450 ਨਿਊਕਲੀਅਰ ਪਾਵਰ ਰਿਐਕਟਰ ਹਨ।[1][2]

ਤਾਰਾਪੁਰ ਪਰਮਾਣੂ ਬਿਜਲੀ ਘਰ ਦੀ ਇੱਕ ਝਲਕ।
ਪਰਮਾਣੂ ਪਲਾਂਟ
ਪਰਮਾਣੂ ਪਲਾਂਟ

ਨਿਊਕਲੀਅਰ ਪਲਾਂਟ ਆਮ ਤੌਰ ਤੇ ਬੇਸ ਲੋਡ ਪਲਾਂਟ ਹੁੰਦੇ ਹਨ ਕਿਉਂਕਿ ਇਨ੍ਹਾਂ ਵਿੱਚ ਨਿਰਮਾਣ ਦੀ ਕੁੱਲ ਲਾਗਤ ਵਿੱਚ ਬਾਲਣ ਦਾ ਖਰਚ ਇੱਕ ਛੋਟਾ ਜਿਹਾ ਹਿੱਸਾ ਹੁੰਦਾ ਹੈ ਅਤੇ ਇਹ ਆਸਾਨੀ ਨਾਲ ਅਤੇ ਇੱਕਦਮ ਬਿਜਲੀ ਦਾ ਨਿਰਮਾਣ ਨਹੀਂ ਕਰ ਸਕਦੇ।[3] ਇਨ੍ਹਾਂ ਦੀ ਕਾਰਜ ਪ੍ਰਣਾਲੀ ਅਤੇ ਦੇਖਭਾਲ ਅਤੇ ਬਾਲਣ ਦਾ ਖਰਚ, ਹਾਈਡ੍ਰੋਪਾਵਰ ਸਟੇਸ਼ਨਾਂ ਵਾਂਗ ਹੀ ਘੱਟ ਹੁੰਦਾ ਹੈ।

ਇਤਿਹਾਸ

ਨਿਊਕਲੀਅਰ ਰਿਐਕਟਰ ਦੁਆਰਾ ਪਹਿਲੀ ਵਾਰ ਬਿਜਲੀ 3 ਸਤੰਬਰ 1948 ਵਿੱਚ ਪੈਦਾ ਕੀਤੀ ਗਈ। ਇਸ ਰਿਐਕਟਰ ਦਾ ਨਾਮ ਐਕਸ-10 ਗ੍ਰੇਫਾਈਟ ਰਿਐਕਟਰ ਸੀ ਅਤੇ ਇਹ ਓਕ ਰਿੱਜ, ਟੈਨੈਸੀ ਵਿਖੇ ਸਥਿਤ ਹੈ। ਇਹ ਪਹਿਲਾ ਨਿਊਕਲੀਅਰ ਪਾਵਰ ਸਟੇਸ਼ਨ ਸੀ ਜਿਸ ਦੁਆਰਾ ਬਿਜਲੀ ਦੇ ਬਲਬ ਨੂੰ ਚਲਾਇਆ ਗਿਆ ਸੀ।[4][5][6] ਦੂਜੇ ਵੱਡੇ ਨਿਊਕਲੀਅਰ ਪਾਵਰ ਸਟੇਸ਼ਨ ਦਾ ਪ੍ਰੀਖਣ 20 ਦਸੰਬਰ 1951 ਨੂੰ ਆਰਕੋ, ਇਡਾਹੋ ਵਿਖੇ ਕੀਤਾ ਗਿਆ ਸੀ।

27 ਜੂਨ, 1954 ਨੂੰ ਪਾਵਰ ਗਰਿੱਡ ਨੂੰ ਬਿਜਲੀ ਮੁਹੱਈਆ ਕਰਨ ਵਾਲਾ ਪਹਿਲਾ ਨਿਊਕਲੀਅਰ ਪਾਵਰ ਪਲਾਂਟ ਸੋਵੀਅਤ ਯੂਨੀਅਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਓਬਨਿੰਸਕ ਵਿਖੇ ਸਥਿਤ ਸੀ ਅਤੇ ਇਸਦਾ ਨਾਮ ਓਬਨਿੰਸਕ ਨਿਊਕਲੀਅਰ ਪਾਵਰ ਪਲਾਂਟ ਸੀ।[7] ਦੁਨੀਆ ਦਾ ਪਹਿਲਾ ਵੱਡੇ ਦਰਜੇ ਵਾਲਾ ਪਾਵਰ ਸਟੇਸ਼ਨ ਇੰਗਲੈਂਡ ਦੇ ਕਾਲਡਰ ਹਾਲ ਵਿਖੇ 17 ਅਕਤੂਬਰ 1956 ਵਿੱਚ ਸ਼ੁਰੂ ਕੀਤਾ ਗਿਆ ਸੀ।[8] ਇਹ ਪਾਵਰ ਸਟੇਸ਼ਨ ਸਿਰਫ਼ ਬਿਜਲੀ ਪੈਦਾ ਕਰਨ ਲਈ ਬਣਾਇਆ ਗਿਆ ਸੀ ਅਤੇ ਇਸਨੂੰ ਗਰਿੱਡ ਨਾਲ 18 ਦਸੰਬਰ 1957 ਨੂੰ ਜੋੜਿਆ ਗਿਆ ਸੀ।

ਨਿਊਕਲੀਅਰ ਪਾਵਰ ਪਲਾਂਟ ਦੇ ਅੰਗ

ਸਿਸਟਮ

ਉੱਬਲ ਰਿਹਾ ਪਾਣੀ ਰਿਐਕਟਰ

ਨਿਊਕਲੀਅਰ ਪਾਵਰ ਪਲਾਂਟ ਵਿੱਚ ਬਿਜਲਈ ਊਰਜਾ ਦਾ ਪਰਿਵਰਤਨ ਅਸਿੱਧੇ ਢੰਗ ਨਾਲ ਵਾਪਰਦਾ ਹੈ ਅਤੇ ਇਹ ਥਰਮਲ ਪਾਵਰ ਸਟੇਸ਼ਨਾਂ ਤੋਂ ਕਾਫ਼ੀ ਅਲੱਗ ਤਰ੍ਹਾਂ ਨਾਲ ਹੁੰਦਾ ਹੈ। ਨਿਊਕਲੀਅਰ ਰਿਐਕਟਰ ਵਿੱਚ ਹੋਣ ਵਾਲਾ ਫ਼ਿਸ਼ਨ ਰਿਐਕਟਰ ਕੂਲੈਂਟ ਨੂੰ ਗਰਮ ਕਰਦਾ ਹੈ। ਇਹ ਕੂਲੈਂਟ ਪਾਣੀ ਜਾਂ ਗੈਸ ਹੁੰਦੀ ਹੈ, (ਜਾਂ ਕੋਈ ਦ੍ਰਵ ਧਾਤੂ ਵੀ ਹੋ ਸਕਦੀ ਹੈ), ਇਹ ਰਿਐਕਟਰ ਦੀ ਕਿਸਮ ਤੇ ਨਿਰਭਰ ਕਰਦਾ ਹੈ। ਇਸ ਪਿੱਛੋ ਰਿਐਕਟਰ ਕੂਲੈਂਟ ਭਾਫ਼ ਜਨਰੇਟਰ ਨੂੰ ਜਾਂਦਾ ਹੈ ਅਤੇ ਪਾਣੀ ਨੂੰ ਗਰਮ ਕਰਕੇ ਭਾਫ਼ ਬਣਾ ਦਿੰਦਾ ਹੈ। ਬਹੁਤ ਜ਼ਿਆਦਾ ਦਬਾਅ ਵਾਲੀ ਭਾਫ਼ ਅੱਗੋਂ ਭਾਫ਼ ਟਰਬਾਈਨਾਂ ਨਾਲ ਟਕਰਾਉਂਦੀ ਹੈ। ਜਦੋਂ ਭਾਫ਼ ਟਰਬਾਈਨ ਘੁੰਮਦੀ ਹੈ ਤਾਂ ਇਹ ਭਾਫ਼ ਦੇ ਕੁਝ ਹਿੱਸੇ ਨੂੰ ਸੰਘਣਾ ਕਰ ਦਿੰਦੀ ਹੈ। ਬਾਕੀ ਬਚੀ ਠੰਢੀ ਹੋ ਰਹੀ ਭਾਫ਼ ਨੂੰ ਕੰਡੈਂਸਰ ਵਿੱਚ ਸੰਘਣਾ ਕਰਕੇ ਪਾਣੀ ਬਣਾ ਦਿੱਤਾ ਜਾਂਦਾ ਹੈ। ਇਹ ਕੰਡੈਂਸਰ ਇੱਕ ਹੀਟ ਐਕਚੇਂਚਰ ਹੁੰਦਾ ਹੈ ਜਿਹੜਾ ਕਿ ਅੱਗੇ ਕਿਸੇ ਪਾਣੀ ਦੇ ਸੋਮੇ ਜਾਂ ਕੂਲਿੰਗ ਟਾਵਰ ਨਾਲ ਜੋੜਿਆ ਗਿਆ ਹੁੰਦਾ ਹੈ। ਇਸ ਪਿੱਛੋਂ ਪਾਣੀ ਨੂੰ ਭਾਫ਼ ਜਨਰੇਟਰ ਵਿੱਚ ਮੁੜ ਤੋਂ ਪੰਪ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਵਾਰ ਵਾਰ ਇਹ ਚੱਕਰ ਚਲਦਾ ਰਹਿੰਦਾ ਹੈ। ਇਹ ਪਾਣੀ-ਭਾਫ਼ ਵਾਲਾ ਚੱਕਰ ਰੈਂਕਿਨ ਸਾਈਕਲ ਨਾਲ ਸਬੰਧ ਰੱਖਦਾ ਹੈ।

ਨਿਊਕਲੀਅਰ ਰਿਐਕਟਰ ਇਸ ਪਾਵਰ ਪਲਾਂਟ ਦਾ ਦਿਲ ਹੁੰਦਾ ਹੈ। ਇਸਦੇ ਕੇਂਦਰੀ ਭਾਗ ਵਿੱਚ ਰਿਐਕਟਰ ਕੋਰ ਨਿਊਕਲੀਅਰ ਫ਼ਿਸ਼ਨ ਦੇ ਕਾਰਨ ਤਾਪ ਪੈਦਾ ਕਰਦੀ ਹੈ। ਇਸ ਤਾਪ ਨਾਲ ਕੂਲੈਂਟ ਗਰਮ ਹੋ ਜਾਂਦਾ ਹੈ ਜਿਸਨੂੰ ਰਿਐਕਟਰ ਵਿੱਚੋਂ ਲੰਘਾਇਆ ਜਾ ਰਿਹਾ ਹੁੰਦਾ ਹੈ ਅਤੇ ਜਿਹੜਾ ਰਿਐਕਟਰ ਵਿੱਚੋਂ ਊਰਜਾ ਨੂੰ ਬਾਹਰ ਕੱਢ ਦਿੰਦਾ ਹੈ। ਨਿਊਕਲੀਅਰ ਫ਼ਿਸ਼ਨ ਦੁਆਰਾ ਪੈਦਾ ਕੀਤੇ ਤਾਪ ਨੂੰ ਭਾਫ਼ ਬਣਾਉਣ ਲਈ ਵਰਤਿਆ ਜਾਂਦਾ ਹੈ ਜਿਹੜੀ ਅੱਗੇ ਜਾ ਕੇ ਭਾਫ਼ ਟਰਬਾਈਨਾਂ ਨਾਲ ਟਕਰਾਉਂਦੀ ਹੈ ਅਤੇ ਅੱਗੋਂ ਟਰਬਾਈਨਾਂ ਜਨਰੇਟਰਾਂ ਨੂੰ ਘੁਮਾ ਦਿੰਦੀਆਂ ਹਨ ਜਿਸ ਨਾਲ ਬਿਜਲੀ ਪੈਦਾ ਹੁੰਦੀ ਹੈ।

ਨਿਊਕਲੀਅਰ ਰਿਐਕਟਰ ਆਮ ਤੌਰ ਤੇ ਚੇਨ ਰਿਐਕਸ਼ਨ ਲਈ ਯੂਰੇਨੀਅਮ ਉੱਪਰ ਨਿਰਭਰ ਹੁੰਦੇ ਹਨ। ਯੂਰੇਨੀਅਮ ਇੱਕ ਬਹੁਤ ਹੀ ਭਾਰਾ ਧਾਤੂ ਹੁੰਦਾ ਹੈ ਜਿਸਦੇ ਧਰਤੀ ਉੱਪਰ ਕਾਫ਼ੀ ਭੰਡਾਰ ਹਨ ਅਤੇ ਇਹ ਸਮੁੰਦਰੀ ਪਾਣੀ ਦੇ ਨਾਲ ਨਾਲ ਚੱਟਾਨਾਂ ਵਿੱਚ ਵੀ ਪਾਇਆ ਜਾਂਦਾ ਹੈ। ਕੁਦਰਤੀ ਤੌਰ ਤੇ ਮਿਲਣ ਵਾਲਾ ਯੂਰੇਨੀਅਮ ਦੋ ਵੱਖਰੇ ਤਰ੍ਹਾਂ ਦੇ ਆਈਸੋਟੋਪਾਂ ਦੇ ਰੂਪ ਵਿੱਚ ਮਿਲਦਾ ਹੈ: ਯੂਰੇਨੀਅਮ-238 (ਯੂ-238), ਜਿਹੜਾ ਕਿ ਧਰਤੀ ਉੱਪਰ ਕੁੱਲ ਯੂਰੇਨੀਅਮ ਦਾ 99.3% ਹਿੱਸਾ ਹੈ ਅਤੇ ਦੂੁਜਾ ਯੂਰੇਨੀਅਮ-235 (ਯੂ-235), ਜਿਹੜਾ ਕਿ ਧਰਤੀ ਉੱਪਰ ਕੁੱਲ ਯੂਰੇਨੀਅਮ ਦਾ 0.7% ਹਿੱਸਾ ਹੈ। ਆਈਸੋਟੋਪ ਇੱਕੋਂ ਹੀ ਪਦਾਰਥ ਦੇ ਐਟਮ ਹੁੰਦੇ ਹਨ ਪਰ ਇਨ੍ਹਾਂ ਦੇ ਨਿਊਟਰੌਨਾਂ ਦੀ ਗਿਣਤੀ ਵੱਖਰੀ ਹੁੰਦੀ ਹੈ। ਇਸ ਕਰਕੇ ਯੂ-238 ਵਿੱਚ 146 ਨਿਊਟਰੌਨ ਅਤੇ ਯੂ-235 ਵਿੱਚ 143 ਨਿਊਟਰੌਨ ਹੁੰਦੇ ਹਨ।

ਵੱਖਰੇ ਆਈਸੋਟੋਪਾਂ ਦੇ ਗੁਣ ਵੀ ਵੱਖਰੇ ਹੁੰਦੇ ਹਨ, ਉਦਾਹਰਨ ਲਈ, ਯੂ-235 ਫਟਣਯੋਗ ਹੁੰਦਾ ਹੈ ਜਿਸ ਕਰਕੇ ਆਸਾਨੀ ਨਾਲ ਬਿਖਰ ਜਾਂਦਾ ਹੈ ਜਿਸ ਨਾਲ ਬਹੁਤ ਸਾਰੀ ਪਰਮਾਣੂ ਊਰਜਾ ਪੈਦਾ ਹੁੰਦੀ ਹੈ। ਦੂਜੇ ਪਾਸੇ, ਯੂ-238 ਵਿੱਚ ਇੱਕੋ ਹੀ ਪਦਾਰਥ ਹੋਣ ਦੇ ਬਾਵਜੂਦ ਵੀ ਇਹ ਗੁਣ ਨਹੀਂ ਹੁੰਦਾ। ਵੱਖ-ਵੱਖ ਆਈਸੋਟਪਾਂ ਦੀ ਵੱਖੋ-ਵੱਖਰੀ ਅੱਧ-ਉਮਰ (half-lives) ਹੁੰਦੀ ਹੈ। ਅੱਧ-ਉਮਰ ਸਮੇਂ ਦੀ ਉਹ ਮਿਆਦ ਹੁੰਦੀ ਹੈ ਜਿਹੜੀ ਕਿ ਨਮੂਨੇ ਵਾਲੇ ਰੇਡੀਓਐਕਟਿਵ ਪਦਾਰਥ ਨੂੰ ਅੱਧਾ ਗਲਣ ਲਈ ਚਾਹੀਦਾ ਹੈ। ਯੂ-238 ਦੀ ਅੱਧ-ਉਮਰ ਯੂ-235 ਤੋਂ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਇਹ ਗਲਣ ਲਈ ਵਧੇਰੇ ਸਮਾਂ ਲੈਂਦਾ ਹੈ। ਇਸਦਾ ਮਤਲਬ ਇਹ ਵੀ ਹੈ ਕਿ ਯੂ-238, ਯੂ-235 ਤੋਂ ਘੱਟ ਰੇਡੀਓਐਕਟਿਵ ਹੈ।

ਕਿਉਂਕਿ ਨਿਊਕਲੀਅਰ ਫ਼ਿਸ਼ਨ ਨਾਲ ਰੇਡੀਓਐਕਟੀਵਿਟੀ ਬਣਦੀ ਹੈ, ਰਿਐਕਟਰ ਕੋਰ ਦੇ ਆਲੇ-ਦੁਆਲੇ ਇੱਕ ਸੁਰੱਖਿਅਕ ਸ਼ੀਲਡ ਬਣਾਈ ਜਾਂਦੀ ਹੈ। ਇਹ ਸ਼ੀਲਡ ਰੇਡੀਏਸ਼ਨ ਨੂੰ ਜਜ਼ਬ ਕਰ ਲੈਂਦੀ ਹੈ ਅਤੇ ਇਸ ਤਰ੍ਹਾਂ ਇਹ ਰੇਡੀਓਐਕਟਿਵ ਪਦਾਰਥ ਨੂੰ ਵਾਤਾਵਰਨ ਵਿੱਚ ਜਾਣ ਤੋਂ ਰੋਕਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਰਿਐਕਟਰਾਂ ਦੇ ਆਲੇ-ਦੁਆਲੇ ਕੰਕਰੀਟ ਦੀ ਮੋਟੀ ਕੰਧ ਉਸਾਰ ਦਿੱਤੀ ਜਾਂਦੀ ਹੈ ਜਿਸ ਨਾਲ ਰਿਐਕਟਰ ਅੰਦਰੂਨੀ ਦੁਰਘਟਨਾਵਾਂ ਅਤੇ ਬਾਹਰੀ ਪ੍ਰਭਾਵਾਂ ਤੋਂ ਬਚਿਆ ਰਹਿੰਦਾ ਹੈ।[9]

ਦਬਾਅ ਅਧੀਨ ਪਾਣੀ ਰਿਐਕਟਰ

ਭਾਫ਼ ਟਰਬਾਈਨ ਦਾ ਕੰਮ ਅੰਦਰ ਪੈਦਾ ਹੋਈ ਭਾਫ਼ ਨੂੰ ਯੰਤਰਿਕ ਊਰਜਾ ਵਿੱਚ ਬਦਲਣਾ ਹੁੰਦਾ ਹੈ। ਭਾਫ਼ ਟਰਬਾਈਨ ਵਾਲਾ ਇੰਜਣ ਕਮਰਾ ਆਮ ਤੌਰ ਤੇ ਰਿਐਕਟਰ ਵਾਲੀ ਬਿਲਡਿੰਗ ਤੋਂ ਅਲੱਗ ਹੁੰਦਾ ਹੈ। ਇਸ ਤਰ੍ਹਾਂ ਲਗਾਈ ਜਾਂਦੀ ਹੈ ਕਿ ਟਰਬਾਈਨ ਟੁੱਟਣ ਤੇ ਉਸਦਾ ਮਲਬਾ ਕਿਸੇ ਵੀ ਤਰ੍ਹਾਂ ਰਿਐਕਟਰ ਵੱਲ ਨਾ ਜਾਵੇ।

ਦਬਾਅ ਅਧੀਨ ਪਾਣੀ ਰਿਐਕਟਰ ਦੀ ਮਾਮਲੇ ਵਿੱਚ ਭਾਫ਼ ਟਰਬਾਈਨ ਨੂੰ ਨਿਊਕਲੀਅਰ ਸਿਸਟਮ ਤੋਂ ਅਲੱਗ ਕੀਤਾ ਹੁੰਦਾ ਹੈ। ਭਾਫ਼ ਜਨਰੇਟਰ ਵਿੱਚ ਕਿਸੇ ਤਰ੍ਹਾਂ ਲੀਕ ਦਾ ਪਤਾ ਲਾਉਣ ਲਈ ਅਤੇ ਸ਼ੁਰੂਆਤੀ ਪੜਾਅ ਵਿੱਚ ਰੇਡੀਓਐਕਟਿਵ ਪਾਣੀ ਦੇ ਲੰਘਾਅ ਨੂੰ ਜਾਂਚਣ ਦੇ ਲਈ ਭਾਫ਼ ਜਨਰੇਟਰ ਵਿੱਚੋਂ ਬਾਹਰ ਜਾ ਰਹੀ ਭਾਫ਼ ਨੂੰ ਪਰਖਣ ਦੇ ਲਈ ਇੱਕ ਐਕਟੀਵਿਟੀ ਮੀਟਰ ਲਾਇਆ ਗਿਆ ਹੁੰਦਾ ਹੈ। ਉੱਬਲ ਰਿਹਾ ਪਾਣੀ ਰਿਐਕਟਰ, ਭਾਫ਼ ਟਰਬਾਈਨ ਦੇ ਵਿੱਚੋਂ ਰੇਡੀਓਐਕਟਿਵ ਪਾਣੀ ਲੰਘਾਉਂਦਾ ਹੈ, ਇਸ ਕਰਕੇ ਨੂੰ ਟਰਬਾਈਨ ਨਿਊਕਲੀਅਰ ਪਾਵਰ ਸਟੇਸ਼ਨ ਦੇ ਕਾਬੂ ਵਾਲੇ ਖੇਤਰ ਵਿੱਚ ਹੀ ਰੱਖਿਆ ਜਾਂਦਾ ਹੈ।

ਬਿਜਲਈ ਜਨਰੇਟਰ ਟਰਬਾਈਨ ਦੁਆਰਾ ਦਿੱਤੀ ਗਈ ਯੰਤਰਿਕ ਊਰਜਾ ਨੂੰ ਬਿਜਲਈ ਪਾਵਰ ਵਿੱਚ ਬਦਲਦੇ ਹਨ। ਇਸ ਕੰਮ ਲਈ ਘੱਟ ਪੋਲਾਂ ਵਾਲੇ ਅਤੇ ਵੱਧ ਰੇਟਡ ਪਾਵਰ ਵਾਲੇ ਏਸੀ ਸਿੰਕਰੋਨਸ ਜਨਰੇਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕੂਲਿੰਗ ਸਿਸਟਮ ਰਿਐਕਟਰ ਕੋਰ ਵਿੱਚ ਤਾਪ ਨੂੰ ਜਜ਼ਬ ਕਰਦਾ ਹੈ ਅਤੇ ਇਸਨੂੰ ਸਟੇਸ਼ਨ ਦੇ ਦੂਜੇ ਖੇਤਰ ਵਿੱਚ ਭੇਜ ਦਿੰਦਾ ਹੈ ਜਿੱਥੇ ਤਾਪ ਊਰਜਾ ਨੂੰ ਬਿਜਲੀ ਬਣਾਉਣ ਜਾਂ ਹੋਰ ਉਪਯੋਗੀ ਕੰਮਾਂ ਵਿੱਚ ਵਰਤਿਆ ਜਾਂਦਾ ਹੈ। ਆਮ ਤੌਰ ਤੇ ਇਸ ਗਰਮ ਕੂਲੈਂਟ ਨੂੰ ਬਾਇਲਰ ਵਿੱਚ ਭੇਜਿਆ ਜਾਂਦਾ ਹੈ, ਅਤੇ ਅਗਲੇ ਪੜਾਅ ਵਿੱਚ ਬਾਇਲਰ ਤੋਂ ਬਣੀ ਭਾਫ਼ ਨੂੰ ਇੱਕ ਜਾਂ ਇੱਕ ਵੱਧ ਭਾਫ਼ ਵਾਲੀਆਂ ਟਰਬਾਈਨਾਂ ਨਾਲ ਟਕਰਾਇਆ ਜਾਂਦਾ ਹੈ।[10] ਇਹ ਚੱਕਰ ਲਗਾਤਾਰ ਚਲਦਾ ਰਹਿੰਦਾ ਹੈ।

ਐਮਰਜੈਂਸੀ ਦੀ ਹਾਲਤ ਵਿੱਚ, ਪਾਈਪਾਂ ਜਾ ਰਿਐਕਟਰ ਨੂੰ ਫਟਣ ਤੋਂ ਰੋਕਣ ਲਈ ਸੇਫ਼ਟੀ ਵਾਲਵ ਲਾਏ ਜਾਂਦੇ ਹਨ। ਇਹ ਵਾਲਵ ਇਸ ਤਰ੍ਹਾਂ ਬਣੇ ਹੁੰਦੇ ਹਨ ਕਿ ਦਬਾਅ ਵਿੱਚ ਜ਼ਰਾ ਜਿੰਨੇ ਵਾਧੇ ਤੇ ਇਹ ਭਾਫ਼ ਨੂੰ ਇੱਕ ਸਪਰੈਸ਼ਨ ਚੇਂਬਰ (suppression chamber) ਵਿੱਚ ਭੇਜ ਦਿੰਦੇ ਜਿੱਥੇ ਇਹ ਠੰਡੀ ਹੋ ਕੇ ਪਾਣੀ ਬਣ ਜਾਂਦੀ ਹੈ।

ਪਰਮਾਣੂ ਪਾਵਰ ਪਲਾਂਟ ਦਾ ਮੁੱਖ ਕੰਡੈਂਸਰ ਇੱਕ ਵੱਡਾ ਸ਼ੈੱਲ ਅਤੇ ਟਿਊਬ ਹੀਟ ਐਕਸਚੇਂਚਰ ਹੁੰਦਾ ਹੈ ਜਿਹੜਾ ਕਿ ਗਰਮ ਵਾਸ਼ਪ (ਤਰਲ ਪਾਣੀ ਅਤੇ ਭਾਫ਼ ਦਾ ਮੇਲ) ਨੂੰ ਟਰਬਾਈਨ-ਜਨਰੇਟਰ ਦੇ ਨਿਕਾਸ ਤੋਂ ਲੈਂਦਾ ਹੈ ਅਤੇ ਫਿਰ ਇਸਨੂੰ ਠੰਡਾ ਕਰਕੇ ਪਾਣੀ ਬਣਾ ਦਿੰਦਾ ਹੈ।[11]

ਮੁੱਖ ਕੰਡੈਂਸਰ ਵਿੱਚ ਟਰਬਾਈਨਾਂ ਵਿੱਚ ਨਿਕਲੇ ਵਾਧੂ ਗਰਮ ਵਾਸ਼ਪ ਨੂੰ ਹਜ਼ਾਰਾਂ ਟਿਊਬਾਂ (ਜਿਨ੍ਹਾਂ ਵਿੱਚ ਦੂਜੇ ਪਾਸੇ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਠੰਡਾ ਪਾਣੀ ਵਹਿ ਰਿਹਾ ਹੁੰਦਾ ਹੈ) ਨਾਲ ਠੰਡਾ ਕੀਤਾ ਜਾਂਦਾ ਹੈ। ਠੰਡਾ ਪਾਣੀ ਆਮ ਤੌਰ ਤੇ ਪਾਣੀ ਦੇ ਕਿਸੇ ਕੁਦਰਤੀ ਸਰੋਤ ਜਿਵੇਂ ਨਦੀ ਜਾਂ ਝੀਲ ਤੋਂ ਲਿਆ ਜਾਂਦਾ ਹੈ।

ਪਾਲੋ ਵਰਦੇ ਨਿਊਕਲੀਅਰ ਜਨਰੇਟਿੰਗ ਸਟੇਸ਼ਨ, ਜਿਹੜਾ ਕਿ ਫੀਨਿਕਸ, ਐਰੀਜ਼ੋਨਾ ਤੋਂ 60 ਮੀਲ ਪੱਛਮ ਵਿੱਚ ਮਾਰੂਥਲ ਵਿੱਚ ਸਥਿਤ ਹੈ, ਇੱਕੋ-ਇੱਕ ਅਜਿਹਾ ਨਿਊਕਲੀਅਰ ਪਾਵਰ ਪਲਾਂਟ ਹੈ ਜਿਸ ਵਿੱਚ ਪਾਣੀ ਨੂੰ ਠੰਡਾ ਕਰਨ ਲਈ ਕਿਸੇ ਕੁਦਰਤੀ ਜਲ ਸਰੋਤ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ। ਇਸਦੇ ਬਜਾਏ ਇਸ ਵਿੱਚ ਫੀਨਿਕਸ ਮਹਾਂਨਗਰ ਖੇਤਰ ਦੇ ਸਾਫ਼ ਕੀਤੇ ਸੀਵਰੇਜ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਪਾਣੀ ਠੰਡਾ ਕਰਨ ਵਾਲੇ ਸਿਸਟਮ ਵਿੱਚੋਂ ਠੰਡਾ ਹੋ ਕੇ ਆਉਣ ਵਾਲਾ ਪਾਣੀ (ਇਸਦਾ ਤਾਪਮਾਨ ਵੱਧ ਹੁੰਦਾ ਹੈ) ਜਾਂ ਤਾਂ ਜਲ ਸਰੋਤ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਜਾਂ ਇਸਨੂੰ ਕੂਲਿੰਗ ਟਾਵਰਾਂ ਵਿੱਚ ਭੇਜ ਕੇ ਇਸਨੂੰ ਹੋਰ ਠੰਡਾ ਕੀਤਾ ਜਾਂਦਾ ਹੈ।[12]

ਭਾਫ਼ ਜਨਰੇਟਰ ਅਤੇ ਨਿਊਕਲੀਅਰ ਰਿਐਕਟਰ ਵਿੱਚ ਪਾਣੀ ਦੇ ਪੱਧਰ ਨੂੰ ਕਾਬੂ ਵਿੱਚ ਰੱਖਣ ਲਈ ਫ਼ੀਡਵਾਟਰ ਸਿਸਟਮ ਹੁੰਦਾ ਹੈ। ਫ਼ੀਡਵਾਟਰ ਪੰਪ ਦਾ ਕੰਮ ਕੰਡੈਂਸਰ ਸਿਸਟਮ ਤੋਂ ਪਾਣੀ ਲੈ ਕੇ, ਇਸਦੇ ਦਬਾਅ ਵਿੱਚ ਵਾਧਾ ਕਰਕੇ ਇਸਨੂੰ ਜਾਂ ਤਾਂ ਭਾਫ਼ ਜਨਰੇਟਰ ਵੱਲ ਭੇਜਣਾ ਹੁੰਦਾ ਹੈ (ਦਬਾਅ ਅਧੀਨ ਪਾਣੀ ਰਿਐਕਟਰਾਂ ਦੇ ਮਾਮਲੇ ਵਿੱਚ) ਜਾਂ ਫਿਰ ਇਸਨੂੰ ਸਿੱਧਾ ਰਿਐਕਟਰ ਵਿੱਚ ਭੇਜਣਾ ਹੁੰਦਾ ਹੈ (ਉੱਬਲਦੇ ਪਾਣੀ ਵਾਲੇ ਰਿਐਕਟਰਾਂ ਦੇ ਮਾਮਲੇ ਵਿੱਚ।

ਰਿਐਕਟਰ ਦੇ ਸੁਰੱਖਿਅਤ ਕੰਮ ਕਰਦੇ ਰਹਿਣ ਲਈ ਲਗਾਤਾਰ ਬਿਜਲੀ ਦੀ ਲੋੜ ਹੁੰਦੀ ਹੈ ਅਤੇ ਇਹ ਬਹੁਤ ਹੀ ਅਹਿਮ ਹੁੰਦਾ ਹੈ। ਜ਼ਿਆਦਾਤਰ ਨਿਊਕਲੀਅਰ ਸਟੇਸ਼ਨਾਂ ਵਿੱਚ ਐਮਰਜੈਂਸੀ ਦੀ ਹਾਲਤ ਵਿੱਚ ਘੱਟੋ-ਘੱਟ ਦੋ ਅਜਿਹੇ ਸਰੋਤਾਂ ਨੂੰ ਸਟੈਂਡ-ਬਾਏ ਤੇ ਰੱਖਿਆ ਹੁੰਦਾ ਹੈ। ਇਹ ਬਹੁਤ ਸਾਰੇ ਟਰਾਂਸਫਾਰਮਰਾਂ ਨਾਲ ਜੁੜੇ ਹੁੰਦੇ ਹਨ ਜੋ ਕਿ ਅੱਗੋਂ ਵੱਖ-ਵੱਖ ਟਰਾਂਸਮਿਸ਼ਨ ਲਾਈਨਾਂ ਤੋਂ ਬਿਜਲੀ ਲੈਂਦੇ ਹਨ।

ਇਸ ਤੋਂ ਇਲਾਵਾ, ਕੁਝ ਨਿਊਕਲੀਅਰ ਸਟੇਸ਼ਨਾਂ ਵਿੱਚ, ਸਟੇਸ਼ਨ ਚਾਲੂ ਹੋਣ ਦੀ ਹਾਲਤ ਵਿੱਚ ਟਰਬਾਈਨ ਜਨਰੇਟਰ ਹੀ ਸਟੇਸ਼ਨ ਨੂੰ ਬਿਜਲੀ ਮੁਹੱਈਆ ਕਰਦੇ ਰਹਿੰਦੇ ਹਨ, ਅਤੇ ਕਿਸੇ ਬਾਹਰੀ ਬਿਜਲੀ ਸੋਮੇ ਦੀ ਲੋੜ ਨਹੀਂ ਪੈਂਦੀ ਹੈ। ਇਹ ਕਰਨ ਲਈ ਸਟੇਸ਼ਨ ਵਿੱਚ ਟਰਾਂਸਫਾਰਮਰਾਂ ਨੂੰ ਲਗਾਇਆ ਜਾਂਦਾ ਹੈ ਜਿਹੜੇ ਕਿ ਜਨਰੇਟਰ ਦੀ ਆਊਟਪੁੱਟ ਪਾਵਰ ਨੂੰ ਸਟੈਪ-ਅੱਪ ਟਰਾਂਸਫਾਰਮਰਾਂ ਨੂੰ ਪਹੁੰਚਣ ਤੋਂ ਪਹਿਲਾਂ ਬਿਜਲੀ ਲੈ ਲੈਂਦੈ ਹਨ।

ਪ੍ਰਮਾਣੂ ਪਲਾਂਟ

ਭਾਰਤ ਸਰਕਾਰ ਪਰਮਾਣੂ ਬਿਜਲੀ ਪਲਾਂਟ ਕੁੱਡੂਕੁਲਮ ਦੀ ਸਮਰੱਥਾ ਵਧਾਉਣ ਦੇ ਨਾਲ-ਨਾਲ ਜੈਤਾਪੁਰ (ਮਹਾਰਾਸ਼ਟਰ), ਚੁਟਕਾ (ਮੱਧ ਪ੍ਰਦੇਸ਼), ਗੋਰਖਪੁਰ (ਹਰਿਆਣਾ), ਮਿੱਠੀ ਵਿਰਦੀ (ਗੁਜਰਾਤ) ਅਤੇ ਕੋਵੱਡਾ (ਆਂਧਰਾ ਪ੍ਰਦੇਸ਼) ਵਿੱਚ ਪਰਮਾਣੂ ਬਿਜਲੀ ਪਲਾਂਟ ਲਾਉਣ ਦਾ ਫ਼ੈਸਲਾ ਕਰ ਲਿਆ ਹੈ।

ਹਾਦਸੇ

ਰੂਸ ਦੇ ਚੇਰਨੋਬਿਲ ਹਾਦਸਾ ਸੰਨ 1986 ਵਿੱਚ ਵਾਪਰਿਆ। ਸਾਲ 2011 ਵਿੱਚ ਜਪਾਨ ਵਿੱਚ ਫੂਕੁਸ਼ੀਮਾ ਪਰਮਾਣੂ ਬਿਜਲੀ ਪਲਾਂਟ ਵਿੱਚ ਹਾਦਸਾ ਵਾਪਰਿਆ। ਫੂਕੁਸ਼ੀਮਾ ਦੇ ਪਰਮਾਣੂ ਹਾਦਸੇ ਨਾਲ 240 ਕਿਲੋਮੀਟਰ ਦੂਰ ਸਥਿਤ ਜਪਾਨ ਦੀ ਰਾਜਧਾਨੀ ਵੀ ਇਸ ਤੋਂ ਸੁਰੱਖਿਅਤ ਨਹੀਂ ਰਹੀ ਹੈ ਅਤੇ ਰੂਸ ਦੇ ਚੇਰਨੋਬਿਲ ਹਾਦਸੇ ਨਾਲ ਅੱਧੀ ਦੁਨੀਆ ਪ੍ਰਭਾਵਿਤ ਹੋਈ ਹੈ। ਪਰਮਾਣੂ ਬਿਜਲੀ ਪਲਾਂਟਾਂ ਦੇ ਘਾਤਕ ਪ੍ਰਭਾਵਾਂ ਕਰਕੇ ਭਾਰਤ ਵਿੱਚ ਇਨ੍ਹਾਂ ਦੇ ਲੱਗਣ ਦੀ ਦੇਸ਼ ਦੇ ਵਿਗਿਆਨਕ ਹਲਕਿਆਂ ਵੱਲੋਂ ਸ਼ੁਰੂ ਤੋਂ ਹੀ ਵਿਰੋਧਤਾ ਹੁੰਦੀ ਰਹੀ ਹੈ। ਪਰਮਾਣੂ ਵਿਗਿਆਨੀ ਡਾ. ਸੁਰਿੰਦਰ ਗਾਡੇਕਰ ਅਤੇ ਡਾ. ਐੱਸ.ਪੀ. ਉਦੇ ਕੁਮਾਰ ਇਨ੍ਹਾਂ ’ਚੋਂ ਪ੍ਰਮੁੱਖ ਹਨ। ਇਨ੍ਹਾਂ ਪਰਮਾਣੂ ਬਿਜਲੀ ਪਲਾਂਟਾਂ ਦਾ ਸਥਾਨਕ ਲੋਕਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।

ਕਿਸਮਾਂ

ਇਹ ਪਰਮਾਣੂ ਬਿਜਲੀ ਪਲਾਂਟ ਦੋ ਤਰ੍ਹਾਂ ਦੇ ਹਨ। ਇੱਕ ਤਾਂ ਉਹ ਹਨ ਜਿਹਨਾਂ ਨੂੰ ਦੁਨੀਆ ਦੀਆਂ ਬਹੁਕੌਮੀ ਕੰਪਨੀਆਂ ਭਾਰਤ ਦੇ ਸਮੁੰਦਰੀ ਕੰਢਿਆਂ ਨਾਲ ਲੱਗਦੇ ਖੇਤਰਾਂ ਵਿੱਚ ਲਾਉਣਗੀਆਂ ਜਦੋਂ ਕਿ ਗੋਰਖਪੁਰ (ਹਰਿਆਣਾ) ਤੇ ਚੁਟਕਾ (ਮੱਧ ਪ੍ਰਦੇਸ਼) ਵਿੱਚ ਲੱਗਣ ਵਾਲੇ ਪਲਾਂਟ ਸਾਡੇ ਦੇਸ਼ ਦੇ ਹੀ ਅਦਾਰੇ ‘ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ’ ਵੱਲੋਂ ਲਗਾਏ ਜਾਣੇ ਹਨ। ਇਹ ਪਲਾਂਟ ਸਮੁੰਦਰੀ ਖੇਤਰਾਂ ਵਿੱਚ ਲੱਗਣ ਵਾਲੇ ਪਲਾਂਟਾਂ ਤੋਂ ਕਾਫ਼ੀ ਛੋਟੇ ਹਨ।

ਵਿਕਿਰਣ

ਸੁਰੱਖਿਆ ਪ੍ਰਬੰਧ ਕੀਤੇ ਜਾਣ ਦੇ ਬਾਵਜੂਦ ਕਿਸੇ ਵੀ ਪਰਮਾਣੂ ਬਿਜਲੀ ਪਲਾਂਟ ਦੇ ਚੌਗਿਰਦੇ ਵਿੱਚ ਕੁਝ ਵਿਕਿਰਣ ਪੈਦਾ ਕਰਨ ਵਾਲੇ ਤੱਤਾਂ ਦੇ ਲੀਕ ਹੋਣ ਨੂੰ ਨਹੀਂ ਰੋਕਿਆ ਜਾ ਸਕਦਾ। ਇਹ ਹਵਾ ਰਾਹੀਂ ਇਸ ਪ੍ਰਕਿਰਿਆ ਦੌਰਾਨ ਗੈਸਾਂ ਦੇ ਰੂਪ ਵਿੱਚ ਬਾਹਰ ਨਿਕਲਦੇ ਹਨ ਅਤੇ ਇਨ੍ਹਾਂ ਵੱਲੋਂ ਛੱਡੀ ਜਾਂਦੀ ਭਾਫ਼ ਰਾਹੀਂ ਆਲੇ-ਦੁਆਲੇ ਵਿੱਚ ਖਿਲਰਦੇ ਹਨ। ਅਸਲੀਅਤ ਤਾਂ ਇਹ ਹੈ ਕਿ ਇਨ੍ਹਾਂ ਪਲਾਂਟਾਂ ਨੂੰ ਕੁਝ ਪੱਧਰ ਤਕ ਵਿਕਿਰਣਾਂ ਚੌਗਿਰਦੇ ਵਿੱਚ ਛੱਡਣ ਦੀ ਇਜਾਜ਼ਤ ਹੁੰਦੀ ਹੈ ਪਰ ਇਸ ਦਾ ਲੰਮੇ ਸਮੇਂ ਵਿੱਚ ਉੱਥੇ ਸਥਿਤ ਹਰ ਜੀਵਨ ਰੱਖਣ ਵਾਲੇ ਪ੍ਰਾਣੀ, ਪੌਦੇ, ਪਸ਼ੂ, ਪੰਛੀ ਅਤੇ ਮਨੁੱਖ ਦੀ ਸਿਹਤ ’ਤੇ ਨਾਂਹਪੱਖੀ ਪ੍ਰਭਾਵ ਪੈਂਦਾ ਹੈ।

ਕਾਨੂੰਨ

ਭਾਰਤ ਸਰਕਾਰ ਨੇ ਪਰਮਾਣੂ ਜੁਆਬਦੇਹੀ ਬਾਰੇ ਕਾਨੂੰਨ ਵੀ ਪਾਸ ਕਰ ਦਿੱਤਾ ਹੈ ਜਿਸ ਅਨੁਸਾਰ ਪਰਮਾਣੂ ਹਾਦਸਾ ਹੋਣ ਦੀ ਸੂਰਤ ਵਿੱਚ ਰਿਐਕਟਰ ਸਪਲਾਈ ਕਰਨ ਵਾਲੀ ਕੰਪਨੀ ਤੋਂ ਵੱਧ ਤੋਂ ਵੱਧ 1500 ਕਰੋੜ ਰੁਪਏ ਦਾ ਮੁਆਵਜ਼ਾ ਲਿਆ ਜਾ ਸਕਦਾ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਵੀ ਬਹੁਤ ਔਖਾ ਬਣਾ ਦਿੱਤਾ ਗਿਆ ਹੈ।

ਹਵਾਲੇ