ਬਰਮੂਡਾ ਤਿਕੋਣ

ਬਰਮੂਡਾ ਤਿਕੋਣ ਜਾਂ ਸ਼ੈਤਾਨੀ ਤਿਕੋਣ: ਅੰਧ ਮਹਾਂਸਾਗਰ ਦੇ ਉੱਤਰੀ ਹਿੱਸੇ ਵਿੱਚ ਬਰਮੂਡਾ ਤਿਕੋਣ ਅਜਿਹਾ ਤਿਕੋਣਾ ਮਹਾਂਸਾਗਰੀ ਖੇਤਰ ਹੈ ਜਿਸ ਨੂੰ ਸ਼ੈਤਾਨੀ ਤਿਕੋਣ ਦਾ ਨਾਂ ਦਿੱਤਾ ਜਾਂਦਾ ਹੈ। ਇਸ ਸੰਭਾਵਤ ਤਿਕੋਣ ਦੇ ਤਿੰਨ ਸਿਖਰ ਫ਼ਲੌਰਿਡਾ ਪ੍ਰਾਇਦੀਪ ਦਾ ਨਗਰ ਮਿਆਮੀ, ਦੂਜਾ ਸੇਨ ਜੁਆਨ ਪੁਇਰਤੋ ਰੀਕੋ ਤੇ ਤੀਜਾ ਸਿਖਰ ਬਰਮੂਡਾ ਦੀਪ ਮੰਨੇ ਜਾਂਦੇ ਹਨ। ਇਸ ਮਹਾਂਸਾਗਰੀ ਤਿਕੋਣ ਦਾ ਖੇਤਰਫਲ 15 ਲੱਖ ਵਰਗ ਮੀਲ ਦੇ ਨੇੜ-ਤੇੜ ਹੈ।

ਬਰਮੂਡਾ ਤ੍ਰਿਭੁਜ

ਸਮੁੰਦਰੀ ਜਹਾਜ਼ਾਂ ਦਾ ਲੋਪ ਹੋਣਾ

ਇਸ ਤਿਕੋਣੇ ਮਹਾਂਸਾਗਰੀ ਖੇਤਰ ਵਿੱਚ ਵੱਡੇ ਸਮੁੰਦਰੀ ਜਹਾਜ਼ ਵੀ ਅਸਾਧਾਰਨ ਢੰਗ ਨਾਲ ਲੋਪ ਹੋ ਜਾਂਦੇ ਹਨ। ਇਸ ਸ਼ੈਤਾਨੀ ਖੇਤਰ ਨੇ ਉੱਪਰੋਂ ਲੰਘਣ ਵਾਲੇ ਹਵਾਈ ਜਹਾਜ਼ਾਂ ਨੂੰ ਵੀ ਆਪਣੀ ਲਪੇਟ ਵਿੱਚ ਲਿਆ ਹੈ। ਸਮੁੰਦਰੀ ਜਹਾਜ਼ਾਂ ਦੇ ਰਹੱਸਮਈ ਢੰਗ ਨਾਲ ਗਾਇਬ ਹੋਣ ਬਾਰੇ ਐਡਵਰਡ ਵੇਨ ਨੇ ਪਹਿਲਾ ਕਾਲਮ ਐਸੋਸੀਏਟਿਡ ਪ੍ਰੈਸ ਲਈ 16 ਸਤੰਬਰ 1950 ਨੂੰ ਲਿਖਿਆ ਸੀ। ਇਸ ਤਿਕੋਣੀ ਖੇਤਰ ਦੇ ਅਭੇਦਾਂ ਬਾਰੇ ਫੇਟ ਰਸਾਲੇ ’ਚ ‘ਸਾਡੇ ਦਰਵਾਜ਼ੇ ਦੇ ਪਿਛਵਾੜੇ ਸਮੁੰਦਰੀ ਰਹੱਸ’ ਸਿਰਲੇਖ ਅਧੀਨ ਜਾਰਜ ਐਕਸ ਸੈਂਡ ਵੱਲੋਂ ਲਿਖਿਆ ਗਿਆ ਸੀ। ਯੂ.ਐੱਸ. ਨੇਵੀ ਫਲਾਇਟ-19 ਭੇਦ ਭਰੇ ਹਾਲਾਤ ’ਚ ਇਸ ਤਿਕੋਣੇ ਸਮੁੰਦਰ ਨੇ ਜਜ਼ਬ ਕਰ ਲਈ ਸੀ। ਉਦੋਂ ਫਲਾਈਟ ਲੀਡਰ ਇਹ ਕਹਿੰਦਾ ਸੁਣਿਆ ਗਿਆ ਕਿ ਅਸੀਂ ਚਿੱਟੇ ਪਾਣੀ ’ਚ ਹਾਂ, ਕੁਝ ਦਿਖਾਈ ਨਹੀਂ ਦਿੰਦਾ ਤੇ ਫਿਰ ਇਹ ਕਿਹਾ ਕਿ ਪਾਣੀ ਹਰੇ ਰੰਗ ਦਾ ਹੈ ਚਿੱਟਾ ਨਹੀਂ। ਪਰ ਯੂ.ਐੱਸ. ਨੇਵੀ ਬੋਰਡ ਦੀ ਪੜਤਾਲੀਆ ਟੀਮ ਨੇ ਰਿਪੋਰਟ ’ਚ ਕਿਹਾ ਕਿ ਫਲਾਈਟ ਦਾ ਰੁਖ਼ ਸ਼ੁੱਕਰ (ਗ੍ਰਹਿ) ਵੱਲ ਹੋ ਗਿਆ ਸੀ। ਇਵੇਂ ਹੀ ਅਮਰੀਕਾ ਦੇ ਭੂਗੋਲਿਕ ਨਾਵਾਂ ਵਾਲੇ ਬੋਰਡ ਵੱਲੋਂ ‘ਬਰਮੂਡਾ ਤਿਕੋਣ’ ਦੇ ਨਾਂ ਨੂੰ ਮਾਨਤਾ ਨਹੀਂ ਦਿੱਤੀ ਗਈ[1] ਪਰ ਇਹ ਖੁੰਢ ਚਰਚਾ ਜ਼ਰੂਰ ਮੰਨਦੀ ਹੈ ਕਿ ਇਸ ਮਹਾਂਸਾਗਰੀ ਤਿਕੋਣੇ ਖੇਤਰ ’ਚ ਕੁਝ ਗੈਬੀ ਸ਼ਕਤੀਆਂ ਹਨ, ਜੋ ਜਹਾਜ਼ਾਂ, ਕਿਸ਼ਤੀਆਂ ਤੇ ਹਵਾਈ ਜਹਾਜ਼ਾਂ ਨੂੰ ਆਪਣੇ ਅੰਦਰ ਜਜ਼ਬ ਕਰਨ ਜਾਂ ਰਸਤੇ ਤੋਂ ਭਟਕਾਉਣ ਲਈ ਕੰਮ ਕਰਦੀਆਂ ਹਨ।[2] ਦਸਤਾਵੇਜ਼ੀ ਗਵਾਹੀਆਂ ਜਹਾਜ਼ ਗੁੰਮ ਜਾਣਦੀਆਂ ਘਟਨਾਵਾਂ ਦੀ ਪੁਸ਼ਟੀ ਨਹੀਂ ਕਰਦੀਆਂ। ਜਿਆਦਾਤਰ ਖ਼ਬਰਾਂ ਬੇਬੁਨਿਆਦ ਅਫਵਾਹਾਂ ਹਨ।[3][4][5] ‘ਅਰਗੋਸੀ ਜਹਾਜ਼’ ਦੁਰਘਟਨਾ ਨੇ ਇਸ ਤਿਕੋਣ ਨੂੰ ਮਾਰੂ ਬਰਮੂਡਾ ਤਿਕੋਣ (The deadly Bermuda Triangle) ਦਾ ਨਾਂ ਦਿੱਤਾ ਸੀ। ਵਿਨਸੈਂਟ ਗਾਦੀਜ਼ ਵੱਲੋਂ ਬਰਮੂਡਾ ਤਿਕੋਣ ਸੰਬੰਧੀ ਲਿਖੇ ਕਾਲਮਾਂ ਨੂੰ ਇਕੱਤਰ ਕਰ ਕੇ ‘ਅਦਿੱਖ ਦਿਗ-ਮੰਡਲ’ ਨਾਮੀ ਕਿਤਾਬ ਦਾ ਰੂਪ ਦਿੱਤਾ ਗਿਆ ਹੈ। ਇਸ ਨੂੰ ਸੱਚ ਮੰਨਣ ਵਾਲਿਆਂ ਅਨੁਸਾਰ ਇਸ ਤਿਕੋਣ ਨੇ ਹੁਣ ਤਕ ਅਣਗਿਣਤ ਸਮੁੰਦਰੀ ਜਹਾਜ਼, ਹਵਾਈ ਜਹਾਜ਼ਾਂ ਤੇ ਹੈਲੀਕਾਪਟਰਾਂ ਨੂੰ ਆਪਣੇ ਵਿੱਚ ਜਜ਼ਬ ਕੀਤਾ ਹੈ। ਇਹ ਲੋਪ ਹੋਏ ਅਟਲਾਂਟਿਸ ਮਹਾਂਦੀਪ ਦਾ ਦੁਰਪ੍ਰਭਾਵ ਹੋ ਸਕਦਾ ਹੈ। ਇੱਥੋਂ ਲੰਘਣ ਵਾਲੇ ਅਟਲਾਂਟਿਕ ਦੇ ਧਰੁਵੀ ਤੂਫ਼ਾਨ ਵੀ ਵਿਨਾਸ਼ਕਾਰੀ ਹੋ ਸਕਦੇ ਹਨ। ਮੈਕਸੀਕੋ ਖਾੜੀ ’ਚੋਂ ਲੰਘਣ ਵਾਲੀ ਗਰਮ ਪਾਣੀ ਦੀ ਧਾਰਾ ਕਾਰਨ ਇਸ ਤਿਕੋਣੇ ਖੇਤਰ ’ਚ ਅਚਨਚੇਤੀ ਮੌਸਮੀ ਬਦਲਾਓ ਹੋ ਸਕਦੇ ਹਨ। ਇਹ ਜਗ੍ਹਾ ਗਰਮ ਪਾਣੀ ਦੀ ਧਾਰਾ ਤੇ ਠੰਢੇ ਪਾਣੀ ਦੀ ਧਾਰਾ ਦਾ ਮਿਲਣ ਸਥਾਨ ਵੀ ਹੈ ਜਿਸ ਨਾਲ ਅਚਾਨਕ ਧੁੰਦ ਪੈਦਾ ਹੋ ਜਾਂਦੀ ਹੈ। ਇਸ ਤਿਕੋਣੇ ਖੇਤਰ ’ਚ ਚੁੰਬਕੀ ਸੂਈ ’ਚ ਵੀ ਅਸਾਧਾਰਨਤਾ ਆ ਜਾਂਦੀ ਹੈ। ਇੱਥੇ ਚੁੰਬਕੀ ਸੂਈ ‘ਚੁੰਬਕੀ ਉੱਤਰ’ ਅਤੇ ‘ਭੂਗੋਲਿਕ ਉੱਤਰ’ ਦੋਵਾਂ ਨੂੰ ਇੱਕੋ ਜਗ੍ਹਾ ’ਤੇ ਦਰਸਾਉਂਦੀ ਹੈ।

ਵਿਗਿਆਨਕ ਰਹੱਸ

ਸ਼ੈਤਾਨੀ ਜਾਂ ਦੈਵੀ ਤਿਕੋਣ ਦੇ ਰਹੱਸ ਪਿੱਛੇ ਕਾਰਨ ਵਿਗਿਆਨਕ ਵੀ ਹੋ ਸਕਦੇ ਹਨ। ਇਨ੍ਹਾਂ ਜਹਾਜ਼ਰਾਨੀ ਦੁਰਘਟਨਾਵਾਂ ਪਿੱਛੇ ਨਵਾਂ ਦੋਸ਼ੀ ਮੀਥੇਨ ਗੈਸ (CH4) ਨੂੰ ਮੰਨਿਆ ਗਿਆ ਹੈ। ਇਹ ਗੈਸ ਮਹਾਂਸਾਗਰੀ ਤਲ ’ਤੇ ਪਾਈਆਂ ਜਾਣ ਵਾਲੀਆਂ ਚੱਟਾਨਾਂ ’ਚੋਂ ਰਿਸਦੀ ਹੈ। ਇਹ ਕੁਦਰਤੀ ਗੈਸ, ਪਾਣੀ ਤੋਂ ਹਲਕੀ ਹੈ। ਇਹ ਪਾਣੀ ਨੂੰ ਹਲਕਾ ਕਰਦੀ ਹੈ ਜਿਸ ਕਾਰਨ ਪਾਣੀ ਦੀ ਘਣਤਾ ਘਟਦੀ ਹੈ। ਪਾਣੀ ਦੀ ਘਣਤਾ ਘਟਣ ਨਾਲ ਜਹਾਜ਼ ਪਾਣੀ ’ਚ ਆਸਾਨੀ ਨਾਲ ਡੁੱਬ ਜਾਂਦੇ ਹਨ। ਜਦੋਂ ਮੀਥੇਨ ਗੈਸ ਦੇ ਬੁਲਬੁਲੇ ਬਹੁਮਾਤਰਾ ਵਿੱਚ ਉੱਪਰ ਆਉਂਦੇ ਹਨ ਤਾਂ ਸਾਗਰੀ ਪਾਣੀ ਵਿੱਚ ਜਹਾਜ਼ ਜਾਂ ਕਿਸ਼ਤੀ ਦਾ ਡੁੱਬ ਜਾਣਾ ਤੈਅ ਹੁੰਦਾ ਹੈ। ਮੀਥੇਨ ਗੈਸ ਪਾਣੀ ਨਾਲ ਮਿਲ ਕੇ ਕੋਈ ਕਿਰਿਆ ਨਹੀਂ ਕਰਦੀ ਸਿਰਫ਼ ਪਾਣੀ ਨੂੰ ਹਲਕਾ ਕਰ ਕੇ ਘਣਤਾ ਘਟਾ ਦਿੰਦੀ ਹੈ। ਆਸਟਰੇਲੀਆ ਵਿੱਚ ਕੀਤੇ ਲੈਬ ਤਜਰਬੇ ਇਸ ਸਿੱਟੇ ’ਤੇ ਪਹੁੰਚੇ ਹਨ ਕਿ ਪਾਣੀ ਦੀ ਘਣਤਾ ਘਟਾਉਣ ਨਾਲ ‘ਨਮੂਨੇ ਦਾ ਜਹਾਜ਼’ ਵੀ ਡੁੱਬ ਜਾਂਦਾ ਹੈ। ਮੀਥੇਨ ਗੈਸ ਪਾਣੀ ’ਚ ਅਨੰਤਮਾਤਰਾ ’ਚ ਗੈਸੀ ਬੁਲਬੁਲੇ ਪੈਦਾ ਕਰਦੀ ਹੈ ਜਿਹਨਾਂ ਨੂੰ ‘ਗਾਰ ਦੇ ਜਵਾਲਾਮੁਖੀ’ ਦਾ ਨਾਂ ਦਿੱਤਾ ਜਾ ਸਕਦਾ ਹੈ ਜਿਸ ਨਾਲ ਪਾਣੀ ਦੀ ਉਛਾਲ ਸ਼ਕਤੀ ’ਚ ਕਮਜ਼ੋਰੀ ਪੈਦਾ ਹੁੰਦੀ ਹੈ। ਬਰਮੂਡਾ ਤਿਕੋਣ ਦੇ ਸੱਚ ਪਿੱਛੇ ਮੀਥੇਨ ਗੈਸ ਦਾ ਗਾਰ ਵਿੱਚੋਂ ਅਨੰਤ ਮਾਤਰਾ ’ਚ ਰਿਸਾਵ ਵਾਲਾ ਤਰਕ ਵਿਗਿਆਨਕ ਦ੍ਰਿਸ਼ਟੀ ਤੋਂ ਸਹੀ ਜਾਪਦਾ ਹੈ। ਵੱਧ ਘਣਤਾ ਵਾਲੇ ਦ੍ਰਵਾਂ ’ਚ ਵਸਤਾਂ ਆਸਾਨੀ ਨਾਲ ਨਹੀਂ ਡੁੱਬਦੀਆਂ ਜਿਵੇਂ ਮ੍ਰਿਤ ਸਾਗਰ (DEAD SEA) ਦੇ ਤਲ ਉੱਤੇ ਬੈਠ ਕੇ ਕੋਈ ਅਖ਼ਬਾਰ ਪੜ੍ਹ ਸਕਦਾ ਹੈ।

ਹਵਾਲੇ