ਬੇਰੀ

ਬੇਰ ਇੱਕ ਸਦਾਬਹਾਰ ਰੁੱਖ ਹੈ। ਇਸ ਦਾ ਵਿਗਿਆਨਕ ਨਾਂ ਜ਼ਿਜ਼ੀਫਸ ਮੌਰੀਸ਼ਿਆਨਾ (Ziziphus mauritiana) ਹੈ ਅਤੇ ਇਸਨੂੰ ਜਾਜੂਬੇ (Jujube), ਚੀਨੀ ਐਪਲ (Chinee Apple), ਇੰਡੀਅਨ ਪਲਮ (Indian plum) ਆਦਿ ਨਾਂਵਾਂ ਨਾਲ਼ ਵੀ ਜਾਣਿਆ ਜਾਂਦਾ ਹੈ। ਇਸ ਦਾ ਦਾ ਅਰਬੀ ਨਾਮ ਸਿਰਦਹ ਹੈ ਜੋ ਕੁਰਾਨ ਸ਼ਰੀਫ ਵਿੱਚ ਤਿੰਨ ਵਾਰ ਆਇਆ ਹੈ।

ਬੇਰ
Scientific classification
Kingdom:
ਪੌਦਾ
(unranked):
ਮਗਨੋਲੀਉਫਾਈਟਾ
(unranked):
ਮਗਨੋਲੀਉਸਾਈਡਾ
Order:
ਰੋਜਾਲੇਸ
Family:
ਰ੍ਹਾਮਨਾਸੀਏ
Genus:
ਜ਼ਿਜ਼ੀਫਸ
Species:
ਜੈੱਡ ਮੌਰੀਸ਼ਿਆਨਾ
Binomial name
ਜ਼ਿਜ਼ੀਫਸ ਮੌਰੀਸ਼ਿਆਨਾ
ਲੇਮ.
ਟਾਹਣੀ ਨਾਲ ਲਟਕ ਰਿਹਾ ਪੱਕਾ ਬੇਰ

ਇਹ ਦਰੱਖ਼ਤ 6 ਤੋਂ 12 ਮੀਟਰ ਤੱਕ ਉੱਚਾ ਜਾਂਦਾ ਹੈ ਅਤੇ ਇਹਦੀ ਉਮਰ 25 ਸਾਲ ਦੇ ਨੇੜੇ ਹੁੰਦੀ ਹੈ। ਇਸ ਦੇ ਫਲ਼ ਨੂੰ ਬੇਰ ਆਖਦੇ ਹਨ ਜਿਸਦਾ ਸੁਆਦ ਮਿੱਠਾ ਹੁੰਦਾ ਹੈ। ਬੇਰ ਵਿੱਚ ਮਿਲਣ ਵਾਲ਼ੇ ਇਸ ਦੇ ਬੀਜ ਨੂੰ ਅਕਸਰ ਹਿੜਕ ਜਾਂ ਗਿਟਕ ਆਖਦੇ ਹਨ ਜੋ ਬੜੀ ਸਖ਼ਤ ਹੁੰਦੀ ਹੈ।

ਕਿੱਕਰ ਵਾਂਗ ਇਹ ਮਾਰੂਥਲਾਂ ਵਿੱਚ ਵੀ ਉੱਗ ਆਉਂਦਾ ਹੈ ਅਤੇ ਗਰਮ ਮੌਸਮ ਵੀ ਸਹਿ ਲੈਂਦਾ ਹੈ।ਇਸ ਪ੍ਰਜਾਤੀ ਦੀ ਮੂਲ ਧਰਤੀ ਦੱਖਣ ਪੂਰਬੀ ਏਸ਼ੀਆ ਦਾ ਹਿੰਦ-ਮਲੇਸ਼ੀਆਈ ਖਿੱਤਾ ਦੱਸੀ ਜਾਂਦੀ ਹੈ।[1]

ਵਰਤੋਂ

ਦਿੱਲੀ ਵਿੱਚ ਵਿਕਣ ਲਈ ਪਏ ਪੂਰੇ ਪੱਕੇ ਲਾਲ ਬੇਰ

ਬੇਰ ਦੇ ਫਲ, ਪੱਤੇ, ਰੁੱਖ ਦੀ ਬਿਲਕ, ਗੂੰਦ ਆਦਿ ਵਿੱਚ ਦਵਾਈ ਦੇ ਗੁਣ ਮਿਲਦੇ ਹਨ ਸੋ ਇਹ ਦਵਾਈਆਂ ਵਿੱਚ ਕੰਮ ਆਉਂਦੇ ਹਨ। ਇਹਦੀ ਲੱਕੜੀ ਬਾਲਣ ਦੇ ਕੰਮ ਆਉਂਦੀ ਹੈ ਅਤੇ ਪੁਠਕੰਡੇ ਹੋਣ ਕਰ ਕੇ ਇਸਨੂੰ ਵਾੜ ਦੇ ਤੌਰ ’ਤੇ ਵੀ ਲਾਇਆ ਜਾਂਦਾ ਹੈ। ਬੇਰੀ ਦੇ ਪੱਤੇ ਗਊਆਂ ਅਤੇ ਬਕਰੀਆਂ ਲਈ ਇੱਕ ਉੱਤਮ ਖਾਣੇ ਦਾ ਕਾਰਜ ਕਰਦੇ ਹਨ। ਇਸ ਤੋਂ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਸੋਡੀਅਮ, ਕਲੋਰੀਨ, ਗੰਧਕ ਆਦਿ ਤੱਤ ਤਕੜੀ ਮਾਤਰਾ ਵਿੱਚ ਮਿਲਦੇ ਹਨ। ਰਾਜਸਥਾਨ ਦੇ ਆਦਿਵਾਸੀ ਖੇਤਰਾਂ ਵਿੱਚ ਜਦੋਂ ਬੇਰ ਪੱਕਣ ਲੱਗਦੇ ਹਨ ਤਾਂ ਉਹਨਾਂ ਨੂੰ ਸੁਕਾ ਲਿਆ ਜਾਂਦਾ ਹੈ। ਇਹੀ ਸੁੱਕੇ ਬੇਰ ਪੂਰੇ ਸਾਲ ਭਰ, ਥੋੜ੍ਹੀ ਦੇਰ ਪਾਣੀ ਵਿੱਚ ਭਿਉਂ ਕੇ, ਗਿੱਲੇ ਹੋ ਜਾਣ ਉੱਤੇ ਸਵਾਦੀ ਫਲ ਵਜੋਂ ਖਾਧੇ ਜਾਂਦੇ ਹਨ। ਵਿਟਾਮਿਨ ਸੀ ਅਤੇ ਸ਼ਰਕਰਾ ਦਾ ਵੀ ਬੇਰ ਵਿੱਚ ਖ਼ਜ਼ਾਨਾ ਹੁੰਦਾ ਹੈ। ਬਿਲਕ ਦੀ ਵਰਤੋਂ ਅਤੀਸਾਰ ਅਤੇ ਦਸਤ ਵਿੱਚ ਕੀਤੀ ਜਾਂਦੀ ਹੈ। ਮਿਤਲੀ, ਉਲਟੀ ਅਤੇ ਗਰਭ ਆਵਸਥਾ ਵਿੱਚ ਹੋਣ ਵਾਲੇ ਪੇਟ ਦਰਦ ਨੂੰ ਰੋਕਣ ਲਈ ਬੇਰ ਦੀ ਵਰਤੋਂ ਕੀਤੀ ਜਾਂਦੀ।[2]

ਪੰਜਾਬੀ ਲੋਕ ਸੱਭਿਆਚਾਰ ਵਿੱਚ

ਪੰਜਾਬੀ ਜ਼ਿੰਦਗੀ ਵਿੱਚ ਆਮ ਮਿਲਣ ਵਾਲੇ ਸੁਆਦੀ ਫਲਾਂ ਵਾਲਾ ਰੁੱਖ ਹੋਣ ਕਰ ਕੇ ਪੰਜਾਬੀ ਸੱਭਿਆਚਾਰ ਅਤੇ ਲੋਕ ਗੀਤਾਂ ਵਿੱਚ ਇਸ ਦਾ ਆਮ ਜ਼ਿਕਰ ਹੈ। ਬੇਰੀ ਖ਼ੁਸ਼ਕ ਇਲਾਕਿਆਂ ਵਿੱਚ ਹੋਣ ਕਰ ਕੇ ਵੀ ਬਹੁਤੀ ਜ਼ਿਕਰ ਵਿੱਚ ਰਹੀ ਹੈ।[3]:

“ਤੈਨੂੰ ਬੇਰੀਆਂ ਦੇ ਝੁੰਡ'ਚੋਂ ਬੁਲਾਵਾਂ, ਨੀ ਬੰਨੇ-ਬੰਨੇ ਆ ਜਾ ਗੋਰੀਏ,
ਦੱਸ ਕਿਹੜੇ ਵੇ ਬਹਾਨੇ ਆਵਾਂ ਬੇਰੀਆਂ ਦੇ ਬੇਰ ਮੁੱਕ ਗਏ।”

“ਪੇਕਿਆਂ ਦੇ ਘਰ ਨਿੰਮ ਲੰਮੇਰੀ, ਸਹੁਰਿਆਂ ਦੇ ਘਰ ਬੇਰੀ,
ਵੇ ਹੁਣ ਜਾਣ ਦੇ ਚੰਨਾ ਹੋ ਗੀ ਇਲਤ ਬਥੇਰੀ।”

“ਮਾਹੀ ਮੇਰੇ ਨੇ ਬੇਰ ਲਿਆਂਦੇ, ਮੈਨੂੰ ਦਿੱਤੇ ਚੁਣ-ਚੁਣ ਕੇ,
ਮੇਰੀ ਸੱਸ ਸੜ ਗਈ ਸੁਣ-ਸੁਣ ਕੇ।”

ਅਤੇ

“ਕਿੱਕਰਾਂ ਵੀ ਲੰਘ ਆਈ ਬੇਰੀਆਂ ਵੀ ਲੰਘ ਆਈ, ਲੰਘਣੋ ਰਹਿ ਗਿਆ ਲਸੂੜਾ,
ਲੈ ਜਾ ਮੇਰਾ ਗੁੱਟ ਮਿਣਕੇ, ਛੁੱਟੀ ਆਇਆ ਤਾਂ ਲਿਆਵੀ ਚੂੜਾ।”

“ਕਿੱਕਰਾਂ ਵੀ ਲੰਘ ਆਈ ਬੇਰੀਆਂ ਵੀ ਲੰਘ ਆਈ, ਤੂਤ ਹੇਠ ਜਾ ਆਈ ਵੇ,
ਮੇਰਾ ਲੌਂਗ ਗੁਆਚਾ, ਮੈ ਸੱਚੀ ਗੱਲ ਸੁਣਾਈ ਵੇ।”।

ਮਰਗੀ ਨੂੰ ਰੁੱਖ ਰੋਣਗੇ ਅੱਕ, ਢੱਕ ਤੇ ਕਰੀਰ, ਜੰਡ, ਬੇਰੀਆਂ

ਹਵਾਲੇ