ਸੁਰ (ਭਾਸ਼ਾ ਵਿਗਿਆਨ)

ਸੁਰ ਨੂੰ ਅੰਗਰੇਜ਼ੀ ਵਿੱਚ ਟੋਨ ਕਿਹਾ ਜਾਂਦਾ ਹੈ। ਸੁਰ ਦੀ ਵਰਤੋਂ ਕਰਨ ਵਾਲੀਆਂ ਭਾਸ਼ਾਵਾਂ ਵਿੱਚ ਕੁਝ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਸੁਰਯੁਕਤ ਹੋਣ ਨਾਲ ਅੱਡਰੇ ਸ਼ਬਦ ਬਣਦੇ ਹਨ। ਇਸ ਦੇ ਆਧਾਰ ਉੱਤੇ ਸ਼ਬਦਾਂ ਅਤੇ ਵਾਕਾਂ ਦੇ ਅਰਥ ਬਦਲ ਜਾਂਦੇ ਹਨ। ਚੀਨੀ ਭਾਸ਼ਾ ਸੰਸਾਰ ਦੀ ਸਭ ਤੋਂ ਜਿਆਦਾ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਸੁਰ ਭਾਸ਼ਾ ਹੈ। ਭਾਰਤ ਵਿੱਚ ਪੰਜਾਬੀ ਅਤੇ ਡੋਗਰੀ ਭਾਸ਼ਾਵਾਂ ਸੁਰਭੇਦੀ ਹਨ।[1][2] ਕੁੱਝ ਹੱਦ ਤੱਕ ਹਰ ਭਾਸ਼ਾ ਵਿੱਚ ਸੁਰਾਂ ਦੇ ਜਰੀਏ ਭਾਵਨਾਵਾਂ ਨੂੰ ਪ੍ਰਗਟ ਕੀਤਾ ਜਾਂਦਾ ਹੈ (ਜਿਵੇਂ ਕਿ ਗੁੱਸਾ ਜਾਂ ਦੁੱਖ) ਲੇਕਿਨ ਇੱਕ ਹੀ ਵਰਣਾਂ ਵਾਲੇ ਸ਼ਬਦਾਂ ਦਾ ਅਰਥ ਸੁਰਾਂ ਦੇ ਨਾਲ ਕੇਵਲ ਸੁਰਾਤਮਕ ਭਾਸ਼ਾਵਾਂ ਵਿੱਚ ਹੀ ਬਦਲਦਾ ਹੈ।

ਪੰਜਾਬੀ ਵਿੱਚ ਸੁਰ

ਪੰਜਾਬੀ ਇੱਕ ਸੁਰਾਤਮਕ ਭਾਸ਼ਾ ਹੈ। ਪੰਜਾਬੀ ਵਿੱਚ ਪੰਜ ਅੱਖਰ /ਘ/, /ਝ/, /ਢ/, /ਧ/, /ਭ/ ਜਿਹਨਾਂ ਦੀਆਂ ਆਪਣੀਆਂ ਮੂਲ ਧੁਨੀਆਂ ਪੰਜਾਬੀ ਵਿੱਚ ਪ੍ਰਯੋਗ ਨਹੀਂ ਹੁੰਦੀਆਂ। ਇਨ੍ਹਾਂ ਵਿੱਚੋਂ ਹਰੇਕ ਦੋ ਧੁਨੀਆਂ ਦਾ ਚਿੰਨ੍ਹ ਹੈ। ਮਿਸਾਲ ਲਈ 'ਘ' ਜਦੋਂ ਸ਼ਬਦ ਦੇ ਸ਼ੁਰੂ ਵਿੱਚ ਵਰਤਿਆ ਜਾਂਦਾ ਹੈ ਤਾਂ ਇਹ /ਕ/ ਦੀ ਪ੍ਰਤੀਨਿਧਤਾ ਕਰਦਾ ਹੈ। ਪਰ ਜਦੋਂ ਇਹੀ ਚਿੰਨ੍ਹ /ਘ/ਜਦੋਂ ਸ਼ਬਦ ਦੇ ਸ਼ੁਰੂ ਵਿੱਚ ਨਾ ਹੋਕੇ ਵਿੱਚ ਜਾਂ ਅੰਤ ਵਿੱਚ ਵਰਤਿਆ ਜਾਂਦਾ ਹੈ ਤਾਂ /ਗ/ਦੀ ਪ੍ਰਤੀਨਿਧਤਾ ਕਰਦਾ ਹੈ। ਇਹੀ ਗੱਲ ਬਾਕੀ ਚਾਰ ਅੱਖਰਾਂ ਤੇ ਵੀ ਲਾਗੂ ਹੁੰਦੀ ਹੈ। ਸ਼ੁਰੂ ਵਿੱਚ ਆਉਣ ਤੇ ਇਹ ਅੱਖਰ ਆਪਣੀ ਟੋਲੀ ਦੀ ਪਹਿਲੀ ਧੁਨੀ ਦੇ ਪ੍ਰਤੀਨਿਧ ਹੁੰਦੇ ਹਨ ਅਤੇ ਹੋਰਨਾਂ ਸੂਰਤਾਂ ਵਿੱਚ ਆਪਣੀ ਟੋਲੀ ਦੇ ਤੀਜੇ ਅੱਖਰ ਦੀ। ਇਸੇ ਲਈ ਗੁਰਮੁਖੀ ਸਿਖਾਉਣ ਲਈ ਪ੍ਰਚਲਿਤ ਕੈਦਿਆਂ ਵਿੱਚ 'ਘ' ਨੂੰ ਘਰ ਵਿੱਚ ਵਰਤ ਕੇ ਸਪਸ਼ਟ ਕਰਨ ਦਾ ਯਤਨ ਗੁਮਰਾਹਕੁਨ ਹੈ।ਇਨ੍ਹਾਂ ਪੰਜਾਂ ਤੋਂ ਇਲਾਵਾ /ਹ/ ਧੁਨੀ ਵੀ ਸ਼ਬਦ ਵਿੱਚ ਆਪਣੇ ਸਥਾਨ ਅਨੁਸਾਰ ਸੁਰ ਵਿੱਚ ਬਦਲ ਜਾਂਦੀ ਹੈ। ਉਦਹਾਰਣ ਦੇ ਤੌਰ ਤੇ ਜਦੋਂ /ਘ/ ਧੁਨੀ ਸ਼ਬਦ ਦੇ ਸ਼ੁ੍ਰੂ ਵਿੱਚ ਆਉਦੀਂ ਹੈ ਤਾਂ ਇਸਦੀ ਅਵਾਜ਼ /ਕ/ ਦੇ ਨੇੜੇ ਹੁੰਦੀ ਹੈ ਅਤੇ ਇਸ ਨਾਲ ਇੱਕ ਡਿੱਗਦੀ ਸੁਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ 'ਘੋੜਾ' ਸ਼ਬਦ ਵਿੱਚ /ਕ/ ਨਾਲ ਇੱਕ ਡਿੱਗਦੀ ਸੁਰ ਹੈ। ਇਸ ਤਰ੍ਹਾਂ ਇਸ ਸ਼ਬਦ ਦੀ ਆਈ ਪੀ ਏ ਪੇਸ਼ਕਾਰੀ ""/kòɽa/"" ਹੋਵੇਗੀ। ਜੇਕਰ ਅਸੀਂ ਇਸ ਵਿੱਚੋਂ ਇਸਦੀ ਡਿੱਗਦੀ ਉਠਦੀ ਸੁਰ ਨੂੰ ਹਟਾ ਦਈਏ ਤਾਂ ਇਸਦਾ ਉਚਾਰ ""ਕੋੜਾ"" ਹੋ ਜਾਵੇਗਾ ਅਤੇ ਜੇਕਰ ਅਸੀਂ /ਕ/ ਧੁਨੀ ਦੇ ਬਾਅਦ ਚੜ੍ਹਦੀ ਸੁਰ ਦੀ ਵਰਤੋਂ ਕਰੀਏ ਤਾਂ ਇਸ ਦਾ ਉਚਾਰਣ ""ਕੋਹੜਾ"" ਹੋ ਜਾਵੇਗਾ। ਇਸ ਨੂੰ ਆਈ ਪੀ ਏ ਵਿੱਚ ""/kóɽa/"" ਲਿਖਿਆ ਜਾਵੇਗਾ।

ਹਵਾਲੇ