ਖਗੋਲਯਾਤਰੀ

ਖਗੋਲਯਾਤਰੀ ਜਾਂ ਪੁਲਾੜਯਾਤਰੀ ਜਾਂ ਖਗੋਲਬਾਜ਼ ਅਜਿਹੇ ਵਿਅਕਤੀ ਨੂੰ ਕਹਿੰਦੇ ਹਨ ਜਿਹੜਾ ਧਰਤੀ ਦੇ ਵਾਯੂਮੰਡਲ ਤੋਂ ਉੱਪਰ ਜਾ ਕੇ ਪੁਲਾੜ ਵਿੱਚ ਪ੍ਰਵੇਸ਼ ਕਰੇ। ਆਧੁਨਿਕ ਯੁਗ ਵਿੱਚ ਇਹ ਜ਼ਿਆਦਾਤਰ ਵਿਸ਼ਵ ਦੀਆਂ ਕੁਝ ਸਰਕਾਰਾਂ ਦੁਆਰਾ ਚਲਾਏ ਜਾ ਰਹੇ ਪੁਲਾੜ ਸੋਧ ਪ੍ਰੋਗਰਾਮਾਂ ਦੇ ਤਹਿਤ ਪੁਲਾੜਯਾਨਾਂ ਵਿੱਚ ਸਵਾਰ ਵਿਅਕਤੀਆਂ ਨੂੰ ਕਿਹਾ ਜਾਂਦਾ ਹੈ, ਹਾਲਾਂਕਿ ਅੱਜਕੱਲ੍ਹ ਕੁਝ ਨਿੱਜੀ ਕੰਪਨੀਆਂ ਵੀ ਪੁਲਾੜ-ਯਾਨਾਂ ਵਿੱਚ ਸੈਰ-ਸਪਾਟਾ ਕਰਨ ਵਾਲੇ ਇਨਸਾਨਾਂ ਨੂੰ ਵਾਯੂਮੰਡਲ ਤੋਂ ਉੱਪਰ ਲੈ ਜਾਣ ਵਾਲੇ ਜਹਾਜ਼ਾਂ ਦੇ ਵਿਕਾਸ ਵਿੱਚ ਲੱਗੀਆਂ ਹੋਈਆਂ ਹਨ।[1][2]

ਤਸਵੀਰ:Bruce McCandless।I during EVA in 1984.jpg
1984 ਵਿੱਚ ਨਾਸਾ ਦਾ ਅਮਰੀਕੀ ਖਗੋਲਯਾਤਰੀ ਬਰੂਸ ਮਕਕੈਂਡਲੈਸ ਪੁਲਾੜ ਵਿੱਚ

17 ਨਵੰਬਰ 2017 ਤੋਂ 36 ਦੇਸ਼ਾਂ ਤੋਂ ਕੁੱਲ 552 ਵਿਅਕਤੀ 100 ਕਿ.ਮੀ. ਜਾਂ ਇਸ ਤੋਂ ਵੱਧ ਉਚਾਈ ਦੀ ਉਡਾਨ ਭਰ ਚੁੱਕੇ ਹਨ, ਜਿਹਨਾਂ ਵਿੱਚੋਂ 549 ਵਿਅਕਤੀ ਧਰਤੀ ਦੇ ਮੁੱਢਲੇ ਧੁਰੇ ਜਾਂ ਇਸ ਤੋਂ ਪਾਰ ਜਾ ਚੁੱਕੇ ਹਨ।[3]

ਪੁਲਾੜ ਵਿੱਚ ਜਾਣ ਵਾਲੇ ਪਹਿਲਾ ਵਿਅਕਤੀ ਸੋਵੀਅਤ ਯੂਨੀਅਨ ਦਾ ਰੂਸੀ ਸੀ। ਉਸਦਾ ਨਾਮ ਯੂਰੀ ਗਗਾਰਿਨ ਸੀ। ਉਹ 12 ਅਪਰੈਲ, 1961 ਨੂੰ ਪੁਲਾੜ ਵਿੱਚ ਗਿਆ ਸੀ। ਚੰਨ ਉੱਪਰ ਪੈਰ ਰੱਖਣ ਵਾਲੇ ਪਹਿਲੇ ਅਤੇ ਦੂਜੇ ਵਿਅਕਤੀ ਦਾ ਨਾਮ ਕ੍ਰਮਵਾਰ ਨੀਲ ਆਰਮਸਟਰਾਂਗ ਅਤੇ ਬਜ਼ ਆਲਡਰਿਨ ਸੀ। ਉਹਨਾਂ ਨੇ 20 ਜੁਲਾਈ, 1969 ਨੂੰ ਚੰਨ ਉੱਪਰ ਪੈਰ ਰੱਖਿਆ ਸੀ। 1972 ਤੋਂ ਲੈ ਕੇ ਹੁਣ ਤੱਕ ਕੋਈ ਵੀ ਵਿਅਕਤੀ ਚੰਨ ਉੱਪਰ ਨਹੀਂ ਗਿਆ ਹੈ। ਇਸ ਤੋਂ ਇਲਾਵਾ ਹੋਰ ਗ੍ਰਹਿਆਂ ਤੇ ਅਜੇ ਤੱਕ ਕੋਈ ਵੀ ਇਨਸਾਨ ਨਹੀਂ ਗਿਆ।

ਖਗੋਲਯਾਤਰੀ ਪੁਲਾੜ ਵਿੱਚ ਕਈ ਤਰੀਕਿਆਂ ਨਾਲ ਜਾਂਦੇ ਸਨ ਪਰ ਅੱਜਕੱਲ੍ਹ ਉਹ ਸਿਰਫ਼ ਸੋਯੁਜ਼ ਅਤੇ ਸ਼ੈਨਜ਼ੋਊ ਉੱਪਰ ਹੀ ਜਾਂਦੇ ਹਨ। ਕੁਝ ਦੇਸ਼ਾਂ ਨੇ ਮਿਲ ਕੇ ਪੁਲਾੜ ਵਿੱਚ ਇੱਕ ਕੌਮਾਂਤਰੀ ਪੁਲਾੜ ਅੱਡਾ ਬਣਾਇਆ ਹੋਇਆ ਹੈ ਜਿੱਥੇ ਲੋਕ ਪੁਲਾੜ ਵਿੱਚ ਲੰਮੇ ਸਮੇਂ ਤੱਕ ਰਹਿ ਕੇ ਕੰਮ ਕਰ ਸਕਦੇ ਹਨ।

ਪਰਿਭਾਸ਼ਾ

ਫ਼ਰੀਡਮ 7 ਉੱਪਰ ਸਵਾਰ ਐਲਨ ਸ਼ੈਪਰਡ

ਵੱਖ-ਵੱਖ ਏਜੰਸੀਆਂ ਦੁਆਰਾ ਇਨਸਾਨੀ ਖਗੋਲਯਾਤਰਾ ਦੇ ਮਾਪਦੰਡ ਵੱਖੋ-ਵੱਖ ਹਨ। ਐਫ਼.ਏ.ਆਈ. (FAI) ਦੇ ਅਨੁਸਾਰ ਉਡਾਨ ਜਿਹੜੀ 100 ਕਿ.ਮੀ. ਉਚਾਈ ਨੂੰ ਪਾਰ ਕਰ ਲਵੇ ਤਾਂ ਉਸਨੂੰ ਖਗੋਲਯਾਨ ਕਿਹਾ ਜਾਂਦਾ ਹੈ।[4] ਸੰਯੁਕਤ ਰਾਜ ਅਮਰੀਕਾ ਵਿੱਚ 50 ਕਿ.ਮੀ. ਤੋਂ ਵੱਧ ਉਚਾਈ ਤੇ ਉਡਾਨ ਭਰਨ ਵਾਲਿਆਂ ਨੂੰ ਖ਼ਾਸ ਐਸਟ੍ਰੋਨਾੱਟ ਬੈਜ ਦਿੱਤੇ ਜਾਂਦੇ ਹਨ।[3][5]

ਸਮੇਂ ਅਤੇ ਦੂਰੀ ਦੇ ਮੀਲਪੱਥਰ

ਰੂਸੀ ਵਿਅਕਤੀ ਵਲੇਰੀ ਪੋਲਯਾਕੋਵ ਦੁਆਰਾ ਪੁਲਾੜ ਵਿੱਚ ਬਿਤਾਏ ਗਏ 438 ਦਿਨ ਪੁਲਾੜ ਵਿੱਚ ਸਭ ਤੋਂ ਵਧੇਰੇ ਸਮਾਂ ਬਿਤਾਉਣ ਦਾ ਰਿਕਾਰਡ ਹੈ।[6] 2006 ਤੋਂ ਇੱਕ ਖਗੋਲਯਾਤਰੀ ਦੁਆਰਾ ਭਰੀਆਂ ਗਈਆਂ ਸਭ ਤੋਂ ਵਧੇਰੇ ਵਿਅਕਤੀਗਤ ਉਡਾਣਾਂ ਦੀ ਗਿਣਤੀ 7 ਹੈ ਜਿਸ ਵਿੱਚ ਜੈਰੀ ਐਲ. ਰੌਸ ਅਤੇ ਫ਼ਰੈਂਕਲਿਨਲ ਚੈਂਗ-ਡਿਆਜ਼ ਦੇ ਨਾਮ ਸ਼ਾਮਿਲ ਹਨ। ਧਰਤੀ ਤੋਂ ਸਭ ਤੋਂ ਦੂਰ ਤੱਕ ਦੀ ਉਡਾਣ 401,056 ਕਿ.ਮੀ. ਤੱਕ ਭਰੀ ਗਈ ਸੀ ਜਦੋਂ ਜਿਮ ਲੌਵੈਲ, ਜੈਕ ਸਵਿਗਰਟ ਅਤੇ ਫ਼ਰੈਡ ਹੇਸ ਚੰਦਰਮਾ ਦੇ ਦੁਆਲੇ ਅਪੋਲੋ 13 ਦੀ ਐਮਰਜੈਂਸੀ ਦੌਰਾਨ ਗਏ ਸਨ।[6]

ਹੋਰ ਨਾਮ

ਅੰਗਰੇਜ਼ੀ ਵਿੱਚ ਖਗੋਲਯਾਤਰੀਆਂ ਨੂੰ 'ਐਸਟ੍ਰੋਨਾੱਟ' (astronaut) ਕਿਹਾ ਜਾਂਦਾ ਹੈ ਜਦਕਿ ਰੂਸੀ ਭਾਸ਼ਾ ਵਿੱਚ ਇਹਨਾਂ ਨੂੰ 'ਕੌਸਮੋਨਾੱਟ' (Космонавт) ਕਿਹਾ ਜਾਂਦਾ ਹੈ। ਹੋਰ ਭਾਸ਼ਾਵਾਂ ਵਿੱਚ ਉਹਨਾਂ ਦੇ ਪੁਲਾੜ ਦੇ ਲਈ ਇਸਤੇਮਾਲ ਕੀਤੇ ਜਾਣ ਵਾਲੇ ਸ਼ਬਦਾਂ ਦੇ ਅਨੁਸਾਰ ਖਗੋਲਯਾਤਰੀਆਂ ਦੇ ਲਈ ਨਾਮ ਘੜੇ ਗਏ ਹਨ। ਜਿਵੇਂ ਕਿ ਚੀਨੀ ਭਾਸ਼ਾ ਵਿੱਚ ਪੁਲਾੜ ਨੂੰ 'ਤਾਈਕੋਂਗ' ਕਹਿੰਦੇ ਹਨ ਇਸ ਲਈ ਕਦੇ-ਕਦੇ ਚੀਨੀ ਖਗੋਲਯਾਤਰੀਆਂ ਨੂੰ 'ਤਾਈਕੋਨਾੱਟ' ਜਾਂ 'ਤਾਈਕੋਂਗ ਰੇਨ' (太空人) ਵੀ ਕਿਹਾ ਜਾਂਦਾ ਹੈ।[7][8]

ਇਹ ਵੀ ਵੇਖੋ

ਹਵਾਲੇ

ਬਾਹਰਲੇ ਲਿੰਕ