ਚਾਰਵਾਕ ਦਰਸ਼ਨ

ਚਾਰਵਾਕ (ਸੰਸਕ੍ਰਿਤ: चार्वाक), ਦਰਸ਼ਨ, ਜਿਸ ਨੂੰ ਲੋਕਾਇਤ ਵਜੋਂ ਵੀ ਜਾਣਿਆ ਜਾਂਦਾ ਹੈ, ਭਾਰਤੀ ਦਰਸ਼ਨ ਦੀ ਇੱਕ ਪ੍ਰਨਾਲੀ ਹੈ ਜਿਸਦਾ ਸੰਬੰਧ ਦਾਰਸ਼ਨਕ ਸੰਦੇਹਵਾਦ ਅਤੇ ਧਾਰਮਿਕ ਉਦਾਸੀਨਤਾ ਦੇ ਵੱਖ-ਵੱਖ ਰੂਪਾਂ ਨਾਲ ਹੈ।[1] ਸ਼ਬਦ ਵਿਉਤਪਤੀ ਪੱਖੋਂ, ਚਾਰਵਾਕ ਅਤੇ ਲੋਕਾਇਤ ਦੋਵੇਂ ਸ਼ਬਦ ਸੰਸਕ੍ਰਿਤ ਵਿੱਚ ਲੋਕਪ੍ਰਿਅਤਾ ਦੇ ਸੰਕੇਤ ਹਨ। ਚਾਰਵਾਕ ਦਰਸ਼ਨ ਇੱਕ ਭੌਤਿਕਵਾਦੀ ਨਾਸਤਿਕ ਦਰਸ਼ਨ ਹੈ। ਇਹ ਸਿਰਫ ਪ੍ਰਤੱਖ ਪ੍ਰਮਾਣ ਨੂੰ ਮੰਨਦਾ ਹੈ ਅਤੇ ਪਰਲੋਕ ਸਬੰਧੀ ਸੱਤਾਵਾਂ ਨੂੰ ਇਹ ਸਿਧਾਂਤ ਸਵੀਕਾਰ ਨਹੀਂ ਕਰਦਾ।[2][3]

ਚਾਰਵਾਕ ਪ੍ਰਾਚੀਨ ਭਾਰਤ ਦੇ ਇੱਕ ਅਨੀਸ਼ਵਰਵਾਦੀ ਅਤੇ ਨਾਸਤਿਕ ਤਰਕਸ਼ੀਲ ਸਨ। ਇਹ ਨਾਸਤਿਕ ਮਤ ਦੇ ਪ੍ਰਵਰਤਕ ਬ੍ਰਹਿਸਪਤੀ ਦੇ ਚੇਲੇ ਮੰਨੇ ਜਾਂਦੇ ਹਨ। ਬ੍ਰਹਸਪਤੀ ਅਤੇ ਚਾਰਵਾਕ ਕਦੋਂ ਹੋਏ ਇਸਦਾ ਕੁੱਝ ਵੀ ਪਤਾ ਨਹੀਂ ਹੈ। ਬ੍ਰਹਸਪਤੀ ਨੂੰ ਚਾਣਕਯ ਨੇ ਅਰਥ ਸ਼ਾਸਤਰ ਦਾ ਇੱਕ ਪ੍ਰਧਾਨ ਆਚਾਰੀਆ ਮੰਨਿਆ ਹੈ।

ਜਾਣ ਪਛਾਣ

ਚਾਰਵਾਕ ਦਾ ਨਾਮ ਸੁਣਦੇ ਹੀ ਤੁਹਾਨੂੰ ‘ਯਦਾ ਜੀਵੇਤ ਸੁਖੰ ਜੀਵੇਤ, ਰਿਣ ਕ੍ਰਿਤ੍ਵਾ, ਘ੍ਰਤੰ ਪੀਵੇਤ’ (ਜਦੋਂ ਤੱਕ ਜੀਉ ਸੁਖ ਨਾਲ ਜੀਉ, ਉਧਾਰ ਲਓ ਅਤੇ ਘੀ ਪੀਓ) ਦੀ ਯਾਦ ਆਵੇਗੀ। ‘ਚਾਰਵਾਕ’ ਨਾਮ ਨੂੰ ਹੀ ਗਾਲ ਦੀ ਤਰ੍ਹਾਂ ਲਿਆ ਜਾਂਦਾ ਹੈ। ਜਿਵੇਂ ਇਸ ਸਿਧਾਂਤ ਨੂੰ ਮੰਨਣ ਵਾਲੇ ਸਿਰਫ ਕਰਜਖੋਰ, ਭੋਗਵਾਦੀ ਅਤੇ ਪਤਿਤ ਲੋਕ ਸਨ। ਪ੍ਰਚੱਲਤ ਧਾਰਨਾ ਇਹੀ ਹੈ ਕਿ ਚਾਰਵਾਕ ਸ਼ਬਦ ਦੀ ਉਤਪਤੀ ‘ਚਾਰੁ’ + ’ਵਾਕ’ (ਮਿੱਠੀ ਬੋਲੀ ਬੋਲਣ ਵਾਲੇ) ਤੋਂ ਹੋਈ ਹੈ। ਚਾਰਵਾਕ ਅਤੇ ਲੋਕਾਇਤ ਦੋਨੋਂ ਸ਼ਬਦਾਂ ਦਾ ਸੰਸਕ੍ਰਿਤ ਵਿੱਚ ਮਤਲਬ ਹਰਮਨਪਿਆਰਾ ਜਾਂ ਲੋਕਪਸੰਦ ਹੈ।[2][3] ਸਾਫ਼ ਹੈ ਕਿ ਇਹ ਨਾਮਕਰਨ ਇਸ ਸਿਧਾਂਤ ਦੇ ਉਨ੍ਹਾਂ ਵਿਰੋਧੀਆਂ ਦੁਆਰਾ ਕੀਤਾ ਗਿਆ ਹੈ ਕਿ ਜਿਨ੍ਹਾਂ ਦਾ ਮੰਨਣਾ ਸੀ ਕਿ ਇਹ ਲੋਕ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਭੋਲ਼ੇ-ਭਾਲੇ ਲੋਕਾਂ ਨੂੰ ਬਹਿਕਾਉਂਦੇ ਸਨ। ਚਾਰਵਾਕ ਸਿਧਾਂਤਾਂ ਲਈ ਬੋਧੀ ਪਿਟਕਾਂ ਤੱਕ ਵਿੱਚ ‘ਚਾਰਵਾਕ ਸ਼ਾਸਤਰ’ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸਦਾ ਅਰਥ ‘ਦਰਸ਼ਨ ਦੀ ਉਹ ਪ੍ਰਨਾਲੀ ਹੈ ਜੋ ਇਸ ਲੋਕ ਵਿੱਚ ਵਿਸ਼ਵਾਸ ਕਰਦੀ ਹੈ ਅਤੇ ਸਵਰਗ, ਨਰਕ ਅਤੇ ਮੁਕਤੀ ਦੀ ਅਵਧਾਰਣਾ ਵਿੱਚ ਵਿਸ਼ਵਾਸ ਨਹੀਂ ਰਖਦੀ’। ਚਾਰਵਾਕ ਜਾਂ ਚਾਰਵਾਕ ਸ਼ਾਸਤਰ ਦਰਸ਼ਨ ਦਾ ਜਿਕਰ ਤਾਂ ਮਹਾਂਭਾਰਤ ਵਿੱਚ ਵੀ ਮਿਲਦਾ ਹੈ ਲੇਕਿਨ ਇਸਦਾ ਕੋਈ ਵੀ ਮੂਲ ਗਰੰਥ ਨਹੀਂ ਮਿਲਦਾ। ਸਾਫ਼ ਹੈ ਕਿ ਇਹ ਆਪਣੇ ਸਮੇਂ ਦੀਆਂ ਸੱਤਾਧਾਰੀ ਤਾਕਤਾਂ ਦੇ ਖਿਲਾਫ ਗੱਲ ਕਰਦਾ ਸੀ, ਤਾਂ ਹੀ ਇਸਦੇ ਗ੍ਰੰਥਾਂ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਪ੍ਰਚੱਲਤ ਕਥਾਵਾਂ ਵਿੱਚ ਚਾਰਵਾਕਾਂ ਨੂੰ ਖਲਨਾਇਕਾਂ ਦੀ ਤਰ੍ਹਾਂ ਪੇਸ਼ ਕੀਤਾ ਗਿਆ।

ਹਵਾਲੇ