ਏਡਜ਼

ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ ਲਾਗ/ਪ੍ਰਾਪਤ-ਕੀਤਾ ਪ੍ਰਤੀਰੋਧਤਾ-ਘਾਟ ਰੋਗ-ਲੱਛਣ(English: Human Immunodeficiency Virus Infection/Acquired Immunodeficiency Syndromeਜਾਂ ਐੱਚ.ਆਈ.ਵੀ./ਏਡਜ਼)ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਣਾਲੀ ਦਾ ਰੋਗ ਹੈ ਜੋ ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ (HIV) ਰਾਹੀਂ ਫੈਲਦਾ ਹੈ।[1] ਮੁਢਲੀ ਲਾਗ ਸਮੇਂ ਇਨਸਾਨ ਨੂੰ ਨਜ਼ਲਾ ਵਰਗੀ ਬਿਮਾਰੀ ਮਹਿਸੂਸ ਹੋ ਸਕਦੀ ਹੈ। ਵਿਸ਼ੇਸ਼ ਤੌਰ ਉੱਤੇ ਇਸ ਤੋਂ ਬਾਅਦ ਬਿਨਾਂ ਕਿਸੇ ਲੱਛਣਾਂ ਵਾਲਾ ਲੰਮਾ ਸਮਾਂ ਆਉਂਦਾ ਹੈ। ਫੇਰ ਜਿਵੇਂ-ਜਿਵੇਂ ਬਿਮਾਰੀ ਅੱਗੇ ਵਧਦੀ ਹੈ, ਇਹ ਮੱਨੁਖ ਦੀ ਪ੍ਰਤੀਰੋਧੀ ਪ੍ਰਨਾਲੀ ਨਾਲ਼ ਹੋਰ ਛੇੜਛਾੜ ਕਰਨ ਲੱਗ ਪੈਂਦੀ ਹੈ ਜਿਸ ਕਰ ਕੇ ਮਨੁੱਖ ਨੂੰ ਹੋਰ ਕਈ ਲਾਗਾਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ ਜਿਵੇਂ ਕਿ ਮੌਕਾਪ੍ਰਸਤ ਛੂਤਾਂ ਅਤੇ ਗਿਲ੍ਹਟੀਆਂ, ਜੋ ਕਿਰਿਆਸ਼ੀਲ ਪ੍ਰਤੀਰੋਧੀ ਪ੍ਰਣਾਲੀ ਵਾਲੇ ਮਨੁੱਖਾਂ ਨੂੰ ਹਾਨੀ ਨਹੀਂ ਕਰਦੀਆਂ।

ਲਾਲ ਰਿਬਨ ਐਚਆਈਵੀ-ਸਕਾਰਾਤਮਕ ਲੋਕਾਂ ਅਤੇ ਏਡਜ਼ ਨਾਲ ਰਹਿਣ ਵਾਲੇ ਲੋਕਾਂ ਨਾਲ ਇਕਜੁਟਤਾ ਲਈ ਪ੍ਰਤੀਕ ਹੈ

ਮੂਲ ਰੂਪ ਵਿੱਚ ਏਡਜ਼ ਗ਼ੈਰ-ਸੁਰੱਖਿਅਤ ਸੰਭੋਗ (ਗੁਦੇ ਦੇ ਜਾਂ ਮੌਖ਼ਿਕ ਕਾਮ ਸਮੇਤ), ਦੂਸ਼ਿਤ ਲਹੂ-ਬਦਲੀ, ਭ੍ਰਿਸ਼ਟ ਸੂਈਆਂ ਅਤੇ ਗਰਭ, ਜਣੇਪੇ ਜਾਂ ਦੁੱਧ-ਚੁੰਘਾਈ ਵੇਲੇ ਮਾਂ ਤੋਂ ਬੱਚੇ ਨੂੰ ਫੈਲਦਾ ਹੈ।[2] ਕੁਝ ਸਰੀਰਕ ਤਰਲ-ਪਦਾਰਥਾਂ ਜਿਵੇਂ ਕਿ ਥੁੱਕ ਅਤੇ ਹੁੰਝੂਆਂ ਰਾਹੀਂ ਇਹ ਰੋਗ ਨਹੀਂ ਫੈਲਦਾ।[3] ਇਸ ਲਾਗ ਦੀ ਰੋਕਥਾਮ, ਮੂਲ ਤੌਰ ਉੱਤੇ ਸੁਰੱਖਿਅਤ ਸੰਭੋਗ ਅਤੇ ਸੂਈ-ਵਟਾਂਦਰਾ ਯੋਜਨਾਵਾਂ ਰਾਹੀਂ, ਹੀ ਇਸ ਦੇ ਫੈਲਾਅ ਨੂੰ ਕੰਟਰੋਲ ਕਰਨ ਦੀ ਮਹੱਤਵਪੂਰਨ ਨੀਤੀ ਹੈ।

ਇਸ ਦਾ ਕੋਈ ਇਲਾਜ ਜਾਂ ਵੈਕਸੀਨ ਨਹੀਂ ਹੈ; ਪਰ ਪਰਤਵਾਂ-ਵਾਇਰਸ ਵਿਰੋਧੀ ਇਲਾਜ ਇਸ ਰੋਗ ਦੀ ਚਾਲ ਨੂੰ ਮੱਠਾ ਕਰ ਸਕਦਾ ਹੈ ਅਤੇ ਲਗਭਗ ਕੁਦਰਤੀ ਜੀਵਨ-ਕਾਲ ਭੋਗਣ ਦੀ ਸਮਰੱਥਾ ਦਿੰਦਾ ਹੈ। ਭਾਵੇਂ ਇਸ ਤਰ੍ਹਾਂ ਦਾ ਇਲਾਜ ਰੋਗ ਕਾਰਨ ਹੁੰਦੀ ਮੌਤ ਅਤੇ ਗੁੰਝਲਾਂ ਦੇ ਖ਼ਤਰੇ ਨੂੰ ਘਟਾ ਦਿੰਦਾ ਹੈ ਪਰ ਇਹ ਦਵਾਈਆਂ ਬਹੁਤ ਮਹਿੰਗੀਆਂ ਹੁੰਦੀਆਂ ਹਨ ਅਤੇ ਗੌਣ-ਪ੍ਰਭਾਵ (ਸਾਈਡ-ਇਫ਼ੈਕਟ) ਵਾਲੀਆਂ ਹੋ ਸਕਦੀਆਂ ਹਨ।

ਅਨੁਵੰਸ਼ਕ ਘੋਖ (

ਰਿਸਰਚ) ਸੰਕੇਤ ਦਿੰਦੀ ਹੈ ਕਿ ਏਡਜ਼ ਦੀ ਉਤਪਤੀ ਅਗੇਤਰੀ ਵੀਹਵੀਂ ਸਦੀ ਦੌਰਾਨ ਮੱਧ-ਪੱਛਮੀ ਅਫ਼ਰੀਕਾ ਵਿੱਚ ਹੋਈ।[4] ਇਸ ਬਿਮਾਰੀ ਨੂੰ ਸਭ ਤੋਂ ਪਹਿਲਾਂ ਰੋਗ ਨਿਯੰਤਰਨ ਅਤੇ ਰੋਕਥਾਮ ਕੇਂਦਰ (CDC) ਨੇ 1981 ਵਿੱਚ ਪਛਾਣਿਆ ਸੀ ਅਤੇ ਇਸ ਦੇ ਕਾਰਨ—ਐੱਚ.ਆਈ.ਵੀ ਲਾਗ—ਦੀ ਪਛਾਣ ਦਹਾਕੇ ਦੇ ਅਗੇਤਰੇ ਹਿੱਸੇ ਵਿੱਚ ਹੋ ਗਈ ਸੀ।[5] ਇਸ ਦੀ ਖੋਜ ਤੋਂ ਬਾਅਦ, ਏਡਜ਼ ਨੇ 2009 ਤੱਕ ਲਗਭਗ 3 ਕਰੋੜ ਜਾਨਾਂ ਲੈ ਲਈਆਂ ਹਨ।[6] 2010 ਤੱਕ, ਦੁਨੀਆ ਭਰ ਵਿੱਚ ਲਗਭਗ 3.4 ਕਰੋੜ ਲੋਕ ਇਸ ਰੋਗ ਤੋਂ ਗ੍ਰਸਤ ਹਨ।[7] ਏਡਜ਼ ਨੂੰ ਮਹਾਮਾਰੀ ਮੰਨਿਆ ਜਾਂਦਾ ਹੈ—ਇੱਕ ਰੋਗ ਜੋ ਬਹੁਤ ਵੱਡੇ ਖੇਤਰ ਵਿੱਚ ਫੈਲਿਆ ਹੋਇਆ ਅਤੇ ਤੇਜ਼ੀ ਨਾਲ਼ ਫੈਲ ਰਿਹਾ ਹੈ।[8]

ਏਡਜ਼ ਦਾ ਸਮਾਜ ਉੱਤੇ ਬਹੁਤ ਵੱਡਾ ਪ੍ਰਭਾਵ ਹੈ, ਇੱਕ ਬਿਮਾਰੀ ਵਜੋਂ ਵੀ ਅਤੇ ਇਸ ਤੋਂ ਉਪਜਦੇ ਵਿਤਕਰੇ ਵਜੋਂ ਵੀ। ਇਸ ਬਿਮਾਰੀ ਦੇ ਕਈ ਮਹੱਤਵਪੂਰਨ ਆਰਥਕ ਪ੍ਰਭਾਵ ਵੀ ਹਨ। ਇਸ ਰੋਗ ਬਾਰੇ ਲੋਕਾਂ ਵਿੱਚ ਕਈ ਗ਼ਲਤ-ਫ਼ਹਿਮੀਆਂ ਹਨ ਜਿਵੇਂ ਕਿ ਇਹ ਸੋਚਣਾ ਕਿ ਇਹ ਗ਼ੈਰ-ਸੰਭੋਗੀ ਛੋਹ ਨਾਲ਼ ਫੈਲ ਸਕਦਾ ਹੈ। ਇਹ ਰੋਗ ਕਈ ਧਾਰਮਿਕ ਤਕਰਾਰਾਂ ਦਾ ਵੀ ਸ਼ਿਕਾਰ ਹੋਇਆ ਹੈ।

ਹਵਾਲੇ