ਫਾਸ਼ੀਵਾਦ

ਫਾਸ਼ੀਵਾਦ ਜਾਂ ਫਾਸਿਜ਼ਮ/ˈfæʃɪzəm/ ਸਰਬਸੱਤਾਵਾਦੀ ਰਾਸ਼ਟਰਵਾਦ ਦੀ ਵਿਚਾਰਧਾਰਾ ਨਾਲ ਸੰਬੰਧਿਤ ਇੱਕ ਰਾਜਨੀਤਕ ਰੁਝਾਨ ਹੈ,[1][2] ਜਿਸਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਯੂਰਪ ਅੰਦਰ ਜੋਰ ਫੜਿਆ। ਫਾਸ਼ੀਵਾਦ ਆਪਣੇ ਰਾਸ਼ਟਰ ਨੂੰ ਨਿਰੰਕੁਸ਼ ਰਿਆਸਤ ਨਾਲ ਵੈਨਗਾਰਡ ਪਾਰਟੀ ਤੇ ਟੇਕ ਰਖਦਿਆਂ ਰਾਸ਼ਟਰੀ ਭਾਵਨਾਵਾਂ ਭੜਕਾ ਕੇ ਜਨਤਕ ਲਾਮਬੰਦੀ ਨਾਲ ਰਾਸ਼ਟਰ ਨੂੰ ਫਾਸ਼ੀ ਅਧਾਰਾਂ ਤੇ ਸੰਗਠਿਤ ਕਰਨ ਦੇ ਆਪਣੇ ਘਿਣਾਉਣੇ ਮਕਸਦ ਹਾਸਲ ਕਰਨਾ ਚਾਹੁੰਦਾ ਹੈ।[3][4][5] ਉਦਾਰ ਜਮਹੂਰੀਅਤ, ਸਮਾਜਵਾਦ,ਅਤੇ ਕਮਿਊਨਿਜ਼ਮ ਦੀਆਂ ਮੁਢੋਂ ਦੁਸ਼ਮਣ ਫਾਸ਼ੀਵਾਦੀ ਲਹਿਰਾਂ ਦੇ ਕੁਝ ਸਾਂਝੇ ਲਛਣ ਹਨ, ਜਿਹਨਾਂ ਵਿੱਚ ਰਿਆਸਤ ਦਾ ਮਾਣ, ਤਕੜੇ ਲੀਡਰ ਦੀ ਪੂਜਾ, ਅਤੇ ਅੰਧਰਾਸ਼ਟਰਵਾਦ, ਨਸਲਵਾਦ, ਅਤੇ ਫੌਜਵਾਦ ਵੀ ਸ਼ਾਮਲ ਹਨ। ਫਾਸ਼ੀਵਾਦ ਰਾਜਨੀਤਕ ਹਿੰਸਾ, ਜੰਗ, ਅਤੇ ਸਾਮਰਾਜ ਨੂੰ ਰਾਸ਼ਟਰੀ ਸੁਰਜੀਤੀ ਦੇ ਸਾਧਨ ਸਮਝਦਾ ਹੈ।[6][7][8] ਅਤੇ ਦਾਅਵਾ ਕਰਦਾ ਹੈ ਕਿ ਵਧੀਆ ਨਸਲਾਂ ਅਤੇ ਕੌਮਾਂ ਨੂੰ ਚਾਹੀਦਾ ਹੈ ਕਿ ਉਹ ਮਾੜੇ ਧੀੜੇ ਲੋਕਾਂ ਅਤੇ ਨਸਲਾਂ ਨੂੰ ਜਬਰੀ ਕੁਚਲ ਕੇ ਆਪਣਾ ਕਬਜ਼ਾ ਜਮਾ ਲੈਣ।[9]

ਫ਼ਾਸਿਸ, ਕੁਹਾੜੇ ਨਾਲ ਬੰਨ੍ਹਿਆ ਡੰਡਿਆਂ ਦਾ ਬੰਡਲ - ਸੱਤਾ ਦਾ ਚਿੰਨ

ਸ਼ਬਦ ਵਿਉਤਪਤੀ

ਸ਼ਬਦ ਫ਼ਾਸਿਜਮੋ ਲੈਟਿਨ ਸ਼ਬਦ ਫ਼ਾਸਿਸ (fasces) ਤੋਂ ਬਣਿਆ ਹੈ।[10] ਫ਼ਾਸਿਸ ਇੱਕ ਕੁਹਾੜੇ ਨਾਲ ਬੰਨ੍ਹਿਆ ਡੰਡਿਆਂ ਦਾ ਬੰਡਲ ਹੁੰਦਾ ਸੀ[11], ਜੋ ਸਿਵਲ ਮਜਿਸਟਰੇਟ ਦੇ ਅਧਿਕਾਰ ਦਾ ਇੱਕ ਪ੍ਰਾਚੀਨ ਰੋਮਨ ਪ੍ਰਤੀਕ ਸੀ।[12] ਇਹ ਫ਼ਾਸੇ ਮਜਿਸਟਰੇਟ ਦੇ ਵਿਸ਼ੇਸ਼ ਅੰਗ ਰਖਿਅਕਾਂ ਕੋਲ ਹੁੰਦੇ ਸਨ ਅਤੇ ਉਸ ਦੇ ਆਦੇਸ਼ ਤੇ ਦੋਸ਼ੀਆਂ ਨੂੰ ਸਰੀਰਕ ਅਤੇ ਮੌਤ ਦੀ ਸਜ਼ਾ ਦੇਣ ਲਈ ਇਸਤੇਮਾਲ ਕੀਤੇ ਜਾ ਸਕਦੇ ਸਨ।[13] ਸ਼ਬਦ ਫ਼ਾਸਿਜਮੋ ਦਾ ਸੰਬੰਧ ਵੀ ਇਟਲੀ ਵਿੱਚ ਰਾਜਨੀਤਕ ਸੰਗਠਨਾਂ - ਜੁੰਡਲੀਆਂ ਜਾਂ ਗਰੋਹਾਂ ਨਾਲ ਹੈ ਜਿਹਨਾਂ ਨੂੰ ਫ਼ਾਸ਼ੀ ਕਿਹਾ ਜਾਂਦਾ ਸੀ।

ਫ਼ਾਸਿਸ ਦਾ ਪ੍ਰਤੀਕ ਏਕਤਾ ਦੇ ਮਾਧਿਅਮ ਰਾਹੀਂ ਸ਼ਕਤੀ ਦਾ ਸੁਝਾਅ ਦਿੰਦਾ ਹੈ: ਬੰਡਲ ਨੂੰ ਤੋੜਨਾ ਮੁਸ਼ਕਲ ਹੈ, ਜਦੋਂ ਕਿ ਇੱਕ ਹੀ ਛੜੀ ਸੌਖ ਨਾਲ ਟੁੱਟ ਜਾਂਦੀ ਹੈ।[14] ਇਸ ਪ੍ਰਕਾਰ ਇਹੋ ਜਿਹੇ ਚਿੰਨ੍ਹ ਵੱਖ ਵੱਖ ਫਾਸੀਵਾਦੀ ਅੰਦੋਲਨਾਂ ਨੇ ਵਿਕਸਿਤ ਕੀਤੇ: .. ਉਦਾਹਰਨ ਲਈ ਫੈਲੰਗ ਇੱਕ ਪ੍ਰਤੀਕ ਜਿਸ ਵਿੱਚ ਪੰਜ ਤੀਰ ਇੱਕ ਜੂਲੇ ਨਾਲ ਬੰਨ੍ਹੇ ਹੋਏ ਹਨ।[15]

ਸ਼ਾਬਦਿਕ ਅਰਥ

ਫਾਸ਼ੀਵਾਦ, ਫਾਸ਼ਿਸਟਵਾਦ (ਇਟਲੀ ਵਿੱਚ ਮਸੋਲੀਨੀ ਦਾ ਚਲਾਇਆ), ਅਧਿਨਾਇਕਵਾਦ, ਅੰਧਰਾਸ਼ਟਰਵਾਦ, ਉਗਰ ਰਾਸ਼ਟਰਵਾਦ ਹੈ।[16]

ਜਨਮ ਤੇ ਉਭਾਰ

ਫਾਸ਼ੀਵਾਦ ਦਾ ਜਨਮ 1914 ਤੋਂ ਪਹਿਲਾਂ ਦੇ ਸਿੰਡੀਕਲਵਾਦ ਵਿੱਚ ਹਨ, ਜੋ ਫ਼ਰਾਂਸੀਸੀ ਵਿਚਾਰਕ ਜਾਜੇਂਜ ਸਾਰੇਲ ਦੇ ਦਰਸ਼ਨ ਤੋਂ ਪ੍ਰਭਾਵਿਤ ਸੀ। ਇਟਲੀ ਦੀ ਸਿੰਡਿਕੈਲਿਸਟ ਪਾਰਟੀ ਉਸ ਸਮੇਂ ਪੂੰਜੀਵਾਦ ਅਤੇ ਸੰਸਦੀ ਰਾਜ ਦਾ ਵਿਰੋਧ ਕਰ ਰਹੀ ਸੀ। 1919 ਵਿੱਚ ਪਹਿਲੇ ਵਿਸ਼ਵ ਯੁੱਧ ਦੇ ਬਾਅਦ ਪਾਰਟੀ ਦੇ ਇੱਕ ਮੈਂਬਰ ਮੁਸੋਲਿਨੀ ਨੇ ਆਪਣੇ ਕੁੱਝ ਕ੍ਰਾਂਤੀਵਾਦੀ ਸਾਥੀਆਂ ਦੇ ਨਾਲ ਇੱਕ ਨਵੀਂ ਕ੍ਰਾਂਤੀ ਦੀ ਭੂਮਿਕਾ ਬਣਾ ਲਈ। ਅੰਤਰਰਾਸ਼ਟਰੀ ਪੱਧਰ ਉੱਤੇ ਇਟਲੀ ਨੂੰ ਸਨਮਾਨਿਤ ਸਥਾਨ, ਘਰੇਲੂ ਨੀਤੀ ਵਿੱਚ ਮਜਦੂਰਾਂ ਅਤੇ ਫੌਜ ਦਾ ਸਨਮਾਨ ਅਤੇ ਸਾਰੇ ਲੋਕਤੰਤਰਿਕ ਅਤੇ ਸੰਸਦੀ ਦਲਾਂ ਅਤੇ ਪੱਧਤੀਆਂ ਦਾ ਦਮਨ ਆਦਿ ਉਸ ਦੇ ਘੋਸ਼ਣਾ ਪੱਤਰ ਦੇ ਖਾਸ ਨੁਕਤੇ ਸਨ। ਪਹਿਲੇ ਵਿਸ਼ਵ ਯੁੱਧ ਵਿੱਚ ਇਟਲੀ ਮਿੱਤਰ ਰਾਸ਼ਟਰਾਂ ਦਾ ਪੱਖ ਲੈ ਕੇ ਲੜਿਆ ਅਤੇ ਉਸ ਵਿੱਚ ਉਸਨੇ ਫੌਜੀ ਅਤੇ ਆਰਥਕ ਦ੍ਰਿਸ਼ਟੀ ਤੋਂ ਵੱਡੇ ਨੁਕਸਾਨ ਉਠਾਏ। ਯੁੱਧ ਮਗਰੋਂ ਦੀਆਂ ਹਾਲਤਾਂ ਨੇ ਫਾਸ਼ੀਵਾਦੀ ਅੰਦੋਲਨ ਲਈ ਜਰਖੇਜ਼ ਪਿੱਠਭੂਮੀ ਤਿਆਰ ਕੀਤੀ। ਮੁਸੋਲਿਨੀ ਨੇ ਆਪਣੀ ਸ਼ਕਤੀ ਵਧਾਉਣ ਲਈ ਰੋਸੋਨੀ ਦੀ ਨੈਸ਼ਨਲ ਸਿੰਡਿਕੈਲਿਸਟ ਪਾਰਟੀ ਨੂੰ ਵੀ ਨਾਲ ਮਿਲਾ ਲਿਆ। ਕ੍ਰਾਂਤੀ ਅਤੇ ਪੁਨਰੋਥਾਨ ਦੇ ਤਿੱਖੇ ਨਾਹਰਿਆਂ ਨੇ ਗਰੀਬ ਜਨਤਾ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਬਹੁਗਿਣਤੀ ਕਿਸਾਨਾਂ ਅਤੇ ਮਜਦੂਰਾਂ ਵਿੱਚ ਫਾਸ਼ੀਵਾਦ ਦੀਆਂ ਜੜਾਂ ਵੱਡੀ ਗਹਿਰਾਈ ਤੱਕ ਫੈਲ ਗਈਆਂ। ਸਿੰਡਿਕੈਲਿਸਟ ਪਾਰਟੀ ਤਦ ਤੱਕ ਕਮਿਊਨਿਸਟ ਪਾਰਟੀ ਦੇ ਰੂਪ ਵਿੱਚ ਉੱਭਰ ਚੁੱਕੀ ਸੀ, ਉਸਨੂੰ ਵੀ ਮੁਸੋਲਿਨੀ ਦੇ ਕਰੂਰ ਦਮਨ ਦਾ ਸ਼ਿਕਾਰ ਹੋਣਾ ਪਿਆ।

ਕਮਿਊਨਿਸਟਾਂ ਨਾਲ ਨਿੱਬੜਨ ਦੌਰਾਨ ਅਨੇਕ ਭਿੰਨ-ਭਿੰਨ ਮਨੋਬਿਰਤੀਆਂ ਦੇ ਤੱਤ ਇਸ ਅੰਦੋਲਨ ਵਿੱਚ ਸ਼ਾਮਿਲ ਹੋਏ, ਜਿਸ ਕਾਰਨ ਫਾਸਿਸਟਾਂ ਦਾ ਕੋਈ ਸੰਤੁਲਿਤ ਰਾਜਨੀਤਕ ਦਰਸ਼ਨ ਨਹੀਂ ਬਣ ਸਕਿਆ। ਕੁੱਝ ਆਦਮੀਆਂ ਦੀਆਂ ਸਨਕਾਂ ਅਤੇ ਪ੍ਰਤੀਕਿਰਿਆਵਾਦੀ ਰੁਝਾਨਾਂ ਨਾਲ ਗਰਸਤ ਇਸ ਅੰਦੋਲਨ ਨੂੰ ਇਟਲੀ ਦੀ ਤਤਕਾਲੀਨ ਅਨਿਸ਼ਚਤਾ ਅਤੇ ਅਰਾਜਕਤਾ ਦੀਆਂ ਪਰਿਸਥਿਤੀਆਂ ਨਾਲ ਬਹੁਤ ਹੁਲਾਰਾ ਮਿਲਿਆ। ਅੰਤ 20 ਅਕਤੂਬਰ 1922 ਨੂੰ ਕਾਲੀਆਂ ਕਮੀਜਾਂ ਪਹਿਨੀਂ ਫਾਸਿਸਟਾਂ ਨੇ ਰੋਮ ਨੂੰ ਘੇਰ ਲਿਆ ਤਾਂ ਸਮਰਾਟ ਵਿਕਟਰ ਇਮੈਨੂਅਲ ਨੂੰ ਮਜ਼ਬੂਰ ਹੋਕੇ ਮੁਸੋਲਿਨੀ ਨੂੰ ਮੰਤਰੀ ਮੰਡਲ ਬਣਾਉਣ ਦੀ ਮਨਜ਼ੂਰੀ ਦੇਣੀ ਪਈ। ਫਾਸਿਸਟਾਂ ਨੇ ਇਟਲੀ ਦੇ ਸੰਵਿਧਾਨ ਵਿੱਚ ਅਨੇਕਾਂ ਤਬਦੀਲੀਆਂ ਕੀਤੀਆਂ। ਇਹ ਤਬਦੀਲੀਆਂ, ਪਾਰਟੀ ਅਤੇ ਰਾਸ਼ਟਰ ਦੋਵਾਂ ਨੂੰ ਮੁਸੋਲਿਨੀ ਦੇ ਨਿਰੰਕੁਸ਼ਤਾਵਾਦ ਵਿੱਚ ਜਕੜਦੇ ਚਲੇ ਗਏ। ਫਾਸਿਸਟਾਂ ਦਾ ਇਹ ਨਿਰੰਕੁਸ਼ਤੰਤਰ ਦੂਸਰੇ ਵਿਸ਼ਵ ਯੁੱਧ ਤੱਕ ਚੱਲਿਆ। ਇਸ ਵਾਰ ਮੁਸੋਲਿਨੀ ਦੇ ਅਗਵਾਈ ਵਿੱਚ ਇਟਲੀ ਨੇ ਧੁਰੀ ਰਾਸ਼ਟਰਾਂ ਦਾ ਸਾਥ ਦਿੱਤਾ। ਜੁਲਾਈ 1943 ਵਿੱਚ ਮਿੱਤਰ ਰਾਸ਼ਟਰਾਂ ਨੇ ਇਟਲੀ ਉੱਤੇ ਹਮਲਾ ਕਰ ਦਿੱਤਾ। ਫਾਸਿਸਟਾਂ ਦਾ ਭਾਗ ਚੱਕਰ ਬੜੀ ਤੇਜੀ ਨਾਲ ਉਲਟੇ ਪਾਸੇ ਘੁੰਮ ਗਿਆ। ਪਾਰਟੀ ਦੀ ਸਰਵਉੱਚ ਕਮੇਟੀ ਦੇ ਕਰੜੇ ਰੋਸੇ ਨਾਲ ਮੁਸੋਲਿਨੀ ਨੂੰ ਤਿਆਗ ਪੱਤਰ ਦੇਣਾ ਪਿਆ ਅਤੇ ਫਾਸਿਸਟ ਸਰਕਾਰ ਦਾ ਪਤਨ ਹੋ ਗਿਆ।

ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਆਪਣੇ ਆਰੰਭਕ ਦਿਨਾਂ ਵਿੱਚ ਫਾਸ਼ੀਵਾਦੀ ਅੰਦੋਲਨ ਦਾ ਨਿਸ਼ਾਨਾ ਰਾਸ਼ਟਰ ਦੀ ਏਕਤਾ ਅਤੇ ਸ਼ਕਤੀ ਵਿੱਚ ਵਾਧਾ ਕਰਨਾ ਸੀ। 1919 ਅਤੇ 1922 ਦੇ ਵਿੱਚ ਇਟਲੀ ਦੇ ਕਾਨੂੰਨ ਅਤੇ ਵਿਵਸਥਾ ਨੂੰ ਚੁਣੋਤੀ ਸਿੰਡਿਕੈਲਿਸਟ, ਕਮਿਊਨਿਸਟ ਅਤੇ ਹੋਰ ਖੱਬੇ ਪੱਖੀ ਪਾਰਟੀਆਂ ਦੁਆਰਾ ਦਿੱਤੀ ਜਾ ਰਹੀ ਸੀ। ਉਸ ਸਮੇਂ ਫਾਸ਼ੀਵਾਦ ਇੱਕ ਪ੍ਰਤੀਕਿਰਿਆਵਾਦੀ ਅਤੇ ਉਲਟ-ਇਨਕਲਾਬੀ ਅੰਦੋਲਨ ਨੂੰ ਸਮਝਿਆ ਜਾਂਦਾ ਸੀ। ਸਪੇਨ, ਜਰਮਨੀ ਆਦਿ ਵਿੱਚ ਵੀ ਇਸ ਪ੍ਰਕਿਰਤੀ ਦੇ ਅੰਦੋਲਨਾਂ ਨੇ ਜਨਮ ਲਿਆ ਅਤੇ ਫਾਸ਼ੀਵਾਦ, ਸਾਮਵਾਦ ਦੇ ਵਿਰੋਧੀ ਮੱਤ (ਐਂਟੀਥੀਸਿਸ) ਦੇ ਅਰਥ ਵਿੱਚ ਲਿਆ ਜਾਣ ਲਗਾ। 1935 ਦੇ ਬਾਅਦ ਹਿਟਲਰ-ਮੁਸੋਲਿਨੀ-ਸੰਧੀ ਨਾਲ ਇਸ ਦੇ ਅਰਥ ਵਿੱਚ ਉਲੰਘਣ ਅਤੇ ਸਾਮਰਾਜਵਾਦ ਵੀ ਜੁੜ ਗਏ। ਲੜਾਈ ਦੇ ਦੌਰਾਨ ਮਿੱਤਰ ਰਾਸ਼ਟਰਾਂ ਨੇ ਫਾਸ਼ੀਵਾਦ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਬਦਨਾਮ ਕਰ ਦਿੱਤਾ।

ਮੁਸੋਲਿਨੀ ਦਾ ਨਾਹਰਾ ਸੀ: ਫਾਸ਼ੀਵਾਦ ਨਿਰਿਆਤ ਦੀ ਚੀਜ਼ ਨਹੀਂ ਹੈ। ਫਿਰ ਵੀ, ਅਨੇਕ ਦੇਸ਼ਾਂ ਵਿੱਚ, ਜਿੱਥੇ ਸਮਾਜਵਾਦ ਅਤੇ ਸੰਸਦੀ ਲੋਕਤੰਤਰ ਦੇ ਵਿਰੁੱਧ ਕੁੱਝ ਤੱਤ ਸਰਗਰਮ ਸਨ, ਇਹ ਆਦਰਸ਼ ਦੇ ਰੂਪ ਵਿੱਚ ਕਬੂਲ ਕੀਤਾ ਗਿਆ। ਇੰਗਲੈਂਡ ਵਿੱਚ ਬਰਿਟਿਸ਼ ਯੂਨਇਨ ਉਮਰ ਫਾਸਿਸਟਸ ਅਤੇ ਫ਼ਰਾਂਸ ਵਿੱਚ ਏਕਸ਼ਨ ਫਰਾਂਕਾਇਸੇ ਦੁਆਰਾ ਇਸ ਦੀ ਨੀਤੀਆਂ ਦੀ ਨਕਲ ਕੀਤੀ ਗਈ। ਜਰਮਨੀ (ਨਾਜ਼ੀ), ਸਪੇਨ (ਫੈਲੰਗੈਲਿਜਮ) ਅਤੇ ਦੱਖਣ ਅਮਰੀਕਾ ਵਿੱਚ ਇਸ ਦੇ ਸਫਲ ਤਜ਼ਰਬੇ ਹੋਏ। ਹਿਟਲਰ ਤਾਂ ਫਾਸ਼ੀਵਾਦ ਦਾ ਕਰਤਾ ਹੀ ਸੀ। ਨਾਜ਼ੀਵਾਦ ਦੇ ਪਨਪਣ ਤੋਂ ਪਹਿਲਾਂ ਸਪੇਨ ਦੇ ਰਿਵੇਰਾ ਅਤੇ ਆਸਟਰੀਆ ਦੇ ਡਾਲਫਸ ਨੂੰ ਮੁਸੋਲਿਨੀ ਦਾ ਪੂਰਾ ਸਹਿਯੋਗ ਪ੍ਰਾਪਤ ਸੀ। ਸਤੰਬਰ 1937 ਵਿੱਚ ਬਰਲਿਨ-ਰੋਮ-ਧੁਰੀ ਬਨਣ ਦੇ ਬਾਅਦ ਜਰਮਨੀ ਨੇ ਫਾਸ਼ੀਵਾਦੀ ਅੰਦੋਲਨ ਦੀ ਰਫ਼ਤਾਰ ਨੂੰ ਬਹੁਤ ਤੇਜ ਕੀਤਾ। ਪਰ 1940 ਤੋਂ ਬਾਅਦ ਅਫਰੀਕਾ, ਰੂਸ ਅਤੇ ਬਾਲਕਨ ਰਾਜਾਂ ਵਿੱਚ ਇਟਲੀ ਦੀ ਲਗਾਤਾਰ ਫੌਜੀ ਹਾਰ ਨੇ ਫਾਸ਼ੀਵਾਦੀ ਰਾਜਨੀਤੀ ਨੂੰ ਖੋਖਲਾ ਸਿੱਧ ਕਰ ਦਿੱਤਾ। ਜੁਲਾਈ 1943 ਦਾ ਸਿਸਲੀ ਉੱਤੇ ਐਂਗਲੋ - ਅਮਰੀਕੀ - ਹਮਲਾ ਫਾਸ਼ੀਵਾਦ ਤੇ ਅੰਤਮ ਅਤੇ ਅੰਤਕਾਰੀ ਚੋਟ ਸੀ।

ਵਿਚਾਰਧਾਰਾ ਦੇ ਤੌਰ ਤੇ ਫ਼ਾਸ਼ੀਵਾਦ

ਵਰਤਮਾਨ ਸਮੇਂ ਵਿੱਚ ਇਹ ਇਤਿਹਾਸਕ ਤਥ ਦੇ ਨਾਲ ਨਾਲ ਇੱਕ ਵਿਚਾਰਧਾਰਾ ਵੀ ਹੈ।ਫਾਸ਼ੀਵਾਦੀ ਨਿਜ਼ਾਮ ਦਾ ਇਹ ਮੁੱਢਲਾ ਅਸੂਲ ਹੈ ਕਿ ਸਿਰਫ਼ ਸੁਣੋ, ਕਿੰਤੂ ਕਰਨ ਦੀ ਮਨਾਹੀ ਹੈ।[17]

ਹਵਾਲੇ