ਸ਼੍ਰੀਨਿਵਾਸ ਰਾਮਾਨੁਜਨ ਆਇੰਗਰ

ਸ਼ਰੀਨਿਵਾਸ ਰਾਮਾਨੁਜਨ ਆਇੰਗਰ (ਤਮਿਲ ஸ்ரீனிவாஸ ராமானுஜன் ஐயங்கார் ) (22 ਦਸੰਬਰ 1887 – 26 ਅਪਰੈਲ 1920) ਇੱਕ ਮਹਾਨ ਭਾਰਤੀ ਹਿਸਾਬਦਾਨ ਸੀ। ਉਸ ਨੂੰ ਆਧੁਨਿਕ ਕਾਲ ਦੇ ਮਹਾਨ ਹਿਸਾਬਦਾਨਾਂ (ਗਣਿਤ ਸ਼ਾਸਤਰੀ) ਵਿੱਚ ਗਿਣਿਆ ਜਾਂਦਾ ਹੈ। ਬੇਸ਼ੱਕ ਉਸ ਨੂੰ ਹਿਸਾਬ ਵਿੱਚ ਵਿਹਾਰਕ ਵਿਦਿਆ ਲੈਣ ਦਾ ਮੌਕਾ ਨਹੀਂ ਮਿਲਿਆ ਫਿਰ ਵੀ ਉਸ ਨੇ ਵਿਸ਼ਲੇਸ਼ਣ ਅਤੇ ਗਿਣਤੀ ਸਿਧਾਂਤ ਦੇ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਇਆ। ਉਸ ਨੇ ਆਪਣੀ ਪ੍ਰਤਿਭਾ ਅਤੇ ਲਗਨ ਨਾਲ ਨਾ ਕੇਵਲ ਹਿਸਾਬ ਦੇ ਖੇਤਰ ਵਿੱਚ ਨਵੇਂ ਅਵਿਸ਼ਕਾਰ ਕੀਤੇ ਸਗੋਂ ਭਾਰਤ ਨੂੰ ਬੇਜੋੜ ਗੌਰਵ ਵੀ ਪ੍ਰਦਾਨ ਕੀਤਾ।

ਸ਼ਰੀਨਿਵਾਸ ਰਾਮਾਨੁਜਨ
ਸ਼ਰੀਨਿਵਾਸ ਰਾਮਾਨੁਜਨ (1887-1920)
ਜਨਮ22 ਦਸੰਬਰ, 1887
ਮੌਤ26 ਅਪ੍ਰੈਲ, 1920
ਰਾਸ਼ਟਰੀਅਤਾ ਭਾਰਤੀ
ਅਲਮਾ ਮਾਤਰਕੈਮਬਰਿਜ ਯੂਨੀਵਰਸਿਟੀ
ਲਈ ਪ੍ਰਸਿੱਧਲੈਂਡੋ - ਰਾਮਾਨੁਜਨ ਸਥਿਰ

ਰਾਮਾਨੁਜਨ - ਸੋਲਡਨਰ ਸਥਿਰ
ਰਾਮਾਨੁਜਨ ਥੀਟਾ ਫੰਕਸ਼ਨ
ਰੋਜਰਸ - ਰਾਮਾਨੁਜਨ ਤਤਸਮਕ
ਰਾਮਾਨੁਜਨ ਪ੍ਰਧਾਨ
ਬਣਾਵਟੀ ਥੀਟਾ ਫੰਕਸ਼ਨ

ਰਾਮਾਨੁਜਨ ਯੋਗ
ਵਿਗਿਆਨਕ ਕਰੀਅਰ
ਖੇਤਰਹਿਸਾਬ
ਡਾਕਟੋਰਲ ਸਲਾਹਕਾਰਜੀ ਐਚ ਹਾਰਡੀ ਅਤੇ ਜਾਨ ਇਡੇਂਸਰ ਲਿਟਲਵੁਡ

ਉਹ ਬਚਪਨ ਤੋਂ ਹੀ ਵਿਲੱਖਣ ਅਤੇ ਪ੍ਰਤਿਭਾਸ਼ੀਲ ਸੀ। ਉਸ ਨੇ ਆਪਣੇ ਆਪ ਹੀ ਹਿਸਾਬ ਸਿੱਖਿਆ ਅਤੇ ਆਪਣੇ ਜੀਵਨ ਵਿੱਚ ਹਿਸਾਬ ਦੇ 3,900 ਨਤੀਜਿਆਂ ਦਾ ਸੰਕਲਨ ਕੀਤਾ। [1] ਇਸ ਦੇ ਲਗਭਗ ਸਾਰੇ ਦਾਅਵੇ ਹੁਣ ਸੱਚ ਸਿੱਧ ਹੋ ਗਏ ਹਨ ਭਾਵੇਂ ਉਹਨਾਂ ਵਿੱਚੋਂ ਕੁਝ ਪਹਿਲਾਂ ਹੀ ਸੱਚ ਸਿੱਧ ਹੋ ਚੁੱਕੇ ਸਨ।[2] ਉਸ ਨੇ ਆਪਣੀ ਅਦੁੱਤੀ ਪ੍ਰਤਿਭਾ ਸਦਕਾ ਬਹੁਤ ਸਾਰੇ ਮੌਲਿਕ ਅਤੇ ਅਪਰੰਪਰਾਗਤ ਨਤੀਜੇ ਕੱਢੇ ਜਿਨ੍ਹਾਂ ਤੋਂ ਪ੍ਰੇਰਿਤ ਜਾਂਚ ਅੱਜ ਤੱਕ ਹੋ ਰਹੀ ਹੈ, ਹਾਲਾਂਕਿ ਉਨ੍ਹਾਂ ਦੀਆਂ ਕੁੱਝ ਕਾਢਾਂ ਨੂੰ ਹਿਸਾਬ ਦੀ ਮੁੱਖਧਾਰਾ ਵਿੱਚ ਹੁਣ ਤੱਕ ਨਹੀਂ ਅਪਣਾਇਆ ਗਿਆ। ਉਨ੍ਹਾਂ ਦੇ ਕਾਰਜ ਤੋਂ ਪ੍ਰਭਾਵਿਤ ਹਿਸਾਬ ਦੇ ਖੇਤਰਾਂ ਵਿੱਚ ਹੋ ਰਹੇ ਕੰਮ ਲਈ ਰਾਮਾਨੁਜਨ ਜਰਨਲ ਦੀ ਸਥਾਪਨਾ ਕੀਤੀ ਗਈ ਹੈ।

ਇਸ ਲੇਖ ਵਿਚ ਦਿੱਤੀ ਬਹੁਤੀ ਜਾਣਕਾਰੀ ਰੌਬਰਟ ਕਾਨੀਗਲ ਦੀ ਕਿਤਾਬ ਦੀ ਮੈਨ ਹੂ ਨਿਊ ਇਨਫਿਨਟੀ ਵਿਚੋਂ ਲਈ ਗਈ ਹੈ।[3] ਜਿਹੜੀ ਜਾਣਕਾਰੀ ਇਸ ਕਿਤਾਬ ਤੋਂ ਬਾਹਰੋਂ ਲਈ ਗਈ ਹੈ, ਉਸ ਬਾਰੇ ਖਾਸ ਨੋਟ ਦਿੱਤਾ ਗਿਆ ਹੈ।

ਜਨਮ ਅਤੇ ਬਚਪਨ

ਸ਼੍ਰੀਨਿਵਾਸ ਰਾਮਾਨੁਜਨ ਆਇੰਗਰ ਦਾ ਜਨਮ ਸ਼ਹਿਰ ਇਰੋਡ ਵਿੱਚ ਉਸ ਦੇ ਨਾਨਕਿਆਂ ਦੇ ਘਰ 22 ਦਸੰਬਰ 1887 ਨੂੰ ਹੋਇਆ। ਉਸ ਵੇਲੇ 15,000 ਦੀ ਵਸੋਂ ਵਾਲਾ ਸ਼ਹਿਰ ਇਰੋਡ ਮਦਰਾਸ ਤੋਂ ਦੱਖਣ-ਪੱਛਮ ਵਿੱਚ 250 ਮੀਲ ਦੂਰ ਸਥਿਤ ਸੀ। ਉਸ ਦੇ ਪਿਤਾ ਦਾ ਨਾਂ ਸ਼੍ਰੀਨਿਵਾਸ ਅਤੇ ਮਾਤਾ ਦਾ ਨਾਂ ਕੋਮਲਤਾਮਲ ਸੀ। ਸ਼੍ਰੀਨਿਵਾਸ ਰਾਮਾਨੁਜਨ ਦੇ ਨਾਂ ਦਾ ਪਹਿਲਾ ਹਿੱਸਾ ਉਸ ਦੇ ਪਿਤਾ ਦਾ ਨਾਂ ਹੈ ਅਤੇ ਅਖੀਰਲਾ ਹਿੱਸਾ ਆਇੰਗਰ ਉਸ ਦਾ ਗੋਤ। ਇਸ ਲਈ ਕਿਹਾ ਜਾ ਸਕਦਾ ਹੈ ਕਿ ਉਸ ਦਾ ਆਪਣਾ ਨਾਂ ਰਾਮਾਨੁਜਨ ਸੀ।

ਰਾਮਾਨੁਜਨ ਦਾ ਪਰਿਵਾਰ ਇਕ ਗਰੀਬ ਬ੍ਰਾਹਮਣ ਪਰਿਵਾਰ ਸੀ। ਉਸ ਦਾ ਪਿਤਾ ਵੀਹ ਰੁਪਏ ਮਹੀਨਾ ਦੀ ਤਨਖਾਹ 'ਤੇ ਇਕ ਸਾੜ੍ਹੀਆਂ ਦੀ ਦੁਕਾਨ ਵਿੱਚ ਕੰਮ ਕਰਦਾ ਸੀ ਅਤੇ ਉਸ ਦੀ ਮਾਤਾ ਮੰਦਰ ਦੀ ਭਜਨ ਮੰਡਲੀ ਨਾਲ ਭਜਨ ਗਾਉਂਦੀ ਸੀ, ਜਿਸ ਤੋਂ ਉਸ ਨੂੰ 5-10 ਰੁਪਏ ਦੇ ਵਿਚਕਾਰ ਪ੍ਰਤੀ ਮਹੀਨਾ ਆਮਦਨ ਹੋ ਜਾਂਦੀ ਸੀ।

ਇਕ ਸਾਲ ਦੀ ਉਮਰ ਤੱਕ ਰਾਮਾਨੁਜਨ ਆਪਣੇ ਨਾਨਕਿਆਂ ਦੇ ਘਰ ਹੀ ਰਿਹਾ ਅਤੇ ਇਕ ਸਾਲ ਦੀ ਉਮਰ ਵਿੱਚ ਉਹ ਆਪਣੇ ਦਾਦਕਿਆਂ ਦੇ ਸ਼ਹਿਰ ਕੁੰਬਾਕੋਨਮ ਆ ਗਿਆ। ਜ਼ਿਲ੍ਹਾ ਤਨਜੋਰ ਵਿੱਚ ਪੈਂਦਾ ਸ਼ਹਿਰ ਕੁੰਬਾਕੋਨਮ ਕਾਵੇਰੀ ਨਦੀ ਦੇ ਕਿਨਾਰੇ ਮਦਰਾਸ ਤੋਂ 160 ਮੀਲ ਦੱਖਣ ਵਿੱਚ ਸਥਿੱਤ ਹੈ। ਜਦੋਂ ਰਾਮਾਨੁਜਨ 2 ਸਾਲ ਦਾ ਹੋਇਆ ਤਾਂ ਉਸ ਨੂੰ ਚੇਚਕ ਨਿਕਲ ਆਈ। ਬੇਸ਼ੱਕ ਉਸ ਸਾਲ ਤਨਜੋਰ ਜ਼ਿਲ੍ਹੇ ਵਿੱਚ ਚੇਚਕ ਕਾਰਨ 4000 ਦੇ ਕਰੀਬ ਲੋਕ ਮਾਰੇ ਗਏ ਪਰ ਰਾਮਾਨੁਜਨ ਚੇਚਕ ਦੀ ਮਾਰ ਤੋਂ ਬਚ ਗਿਆ।

ਰਾਮਾਨੁਜਨ ਨੇ ਆਪਣੇ ਬਚਪਨ ਦੇ ਪਹਿਲੇ ਕੁਝ ਸਾਲ ਨਾਨਕਿਆਂ ਅਤੇ ਦਾਦਕਿਆਂ ਦੇ ਸ਼ਹਿਰਾਂ ਵਿਚਕਾਰ ਆਉਂਦਿਆਂ/ਜਾਂਦਿਆਂ ਬਿਤਾਏ। ਪੰਜ ਸਾਲ ਦੀ ਉਮਰ ਵਿੱਚ ਸੰਨ 1892 ਵਿੱਚ ਉਹ ਇਕ ਮਾਸਟਰ ਦੇ ਘਰ ਮੂਹਰਲੇ ਵਿਹੜੇ ਵਿੱਚ ਬਣੇ ਨਿੱਕੇ ਜਿਹੇ ਸਕੂਲ ਵਿੱਚ ਦਾਖਲ ਹੋਇਆ। ਉਸ ਸਮੇਂ ਉਹ ਅਤੇ ਉਸ ਦੀ ਮਾਤਾ ਉਸ ਦੇ ਨਾਨੇ ਕੋਲ ਮਦਰਾਸ ਨੇੜੇ ਕਾਂਚੀਪੁਰਮ ਸ਼ਹਿਰ ਵਿੱਚ ਰਹਿ ਰਹੇ ਸਨ। ਪਰ ਰਾਮਾਨੁਜਨ ਨੂੰ ਉਸ ਸਕੂਲ ਦਾ ਮਾਸਟਰ ਪਸੰਦ ਨਹੀਂ ਸੀ, ਇਸ ਲਈ ਉਹ ਸਕੂਲ ਜਾ ਕੇ ਬਹੁਤ ਖੁਸ਼ ਨਹੀਂ ਸੀ।

ਰਾਮਾਨੁਜਨ ਆਪਣੇ ਆਪ ਵਿੱਚ ਰਹਿਣ ਵਾਲਾ ਅਤੇ ਵੱਖਰੀ ਤਰ੍ਹਾਂ ਦੇ ਸੁਆਲ ਪੁੱਛਣ ਵਾਲਾ ਵਿਦਿਆਰਥੀ ਸੀ। ਉਹ ਆਪਣੇ ਅਧਿਆਪਕ ਨੂੰ ਇਸ ਤਰ੍ਹਾਂ ਦੇ ਸੁਆਲ ਪੁੱਛਿਆ ਕਰਦਾ ਸੀ, ਦੁਨੀਆ ਵਿੱਚ ਪਹਿਲਾ ਆਦਮੀ ਕੌਣ ਸੀ? ਜਾਂ ਧਰਤੀ ਤੋਂ ਬੱਦਲ ਕਿੰਨੀ ਦੂਰ ਹਨ?

ਅਗਲੇ ਦੋ ਸਾਲਾਂ ਦੌਰਾਨ ਉਸ ਨੇ ਕਈ ਸਕੂਲ ਬਦਲੇ। ਫਿਰ ਉਹ ਆਪਣੀ ਮਾਤਾ ਨਾਲ ਆਪਣੇ ਦਾਦਕੇ ਸ਼ਹਿਰ ਕੁੰਬਾਕੋਨਮ ਆ ਗਿਆ ਅਤੇ ਕਾਂਗਿਆਨ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋ ਗਿਆ। ਪਰ ਆਪਣੇ ਦਾਦੇ ਦੀ ਮੌਤ ਤੋਂ ਬਾਅਦ ਉਹ ਅਤੇ ਉਸ ਦੀ ਮਾਤਾ ਇਕ ਵਾਰ ਫਿਰ ਉਸ ਦੇ ਨਾਨੇ ਕੋਲ ਚਲੇ ਗਏ ਜੋ ਇਸ ਸਮੇਂ ਕਾਂਚੀਪੁਰਮ ਛੱਡ ਕੇ ਮਦਰਾਸ ਵਿੱਚ ਰਹਿ ਰਿਹਾ ਸੀ। ਪਰ ਇੱਥੇ ਵੀ ਉਹ ਸਕੂਲ ਜਾ ਕੇ ਬਹੁਤਾ ਖੁਸ਼ ਨਹੀਂ ਸੀ। ਇੱਥੇ ਇਕ ਵਾਰ ਉਹ ਸਕੂਲ ਨਾ ਜਾਣ ਲਈ ਏਨਾ ਅੜ ਗਿਆ ਕਿ ਘਰਦਿਆਂ ਨੂੰ ਉਸ ਨੂੰ ਸਕੂਲ ਭੇਜਣ ਲਈ ਇਕ ਪੁਲੀਸ ਦੇ ਸਿਪਾਹੀ ਦੀਆਂ ਸੇਵਾਵਾਂ ਲੈਣੀਆਂ ਪਈਆਂ। ਮਦਰਾਸ ਵਿੱਚ ਉਸ ਦੇ ਨਾਨੇ ਕੋਲ ਛੇ ਮਹੀਨੇ ਰਹਿ ਕੇ ਉਹ ਅਤੇ ਉਸ ਦੀ ਮਾਂ ਵਾਪਸ ਉਸ ਦੇ ਦਾਦਕਿਆਂ ਦੇ ਸ਼ਹਿਰ ਆ ਗਏ।

ਨਵੰਬਰ 1897 ਵਿੱਚ ਕਰੀਬ 10 ਸਾਲ ਦੀ ਉਮਰ ਵਿੱਚ ਉਸ ਨੇ ਕਾਂਗਿਆਨ ਪ੍ਰਾਇਮਰੀ ਸਕੂਲ ਤੋਂ ਪ੍ਰਾਇਮਰੀ ਦਾ ਇਮਤਿਹਾਨ ਪਾਸ ਕੀਤਾ। ਇਸ ਇਮਤਿਹਾਨ ਵਿੱਚ ਉਸ ਨੇ ਅੰਗ੍ਰੇਜ਼ੀ, ਤਾਮਿਲ, ਹਿਸਾਬ ਅਤੇ ਭੂਗੋਲ ਦੇ ਵਿਸ਼ਿਆਂ ਦਾ ਇਮਤਿਹਾਨ ਦਿੱਤਾ ਅਤੇ ਜ਼ਿਲ੍ਹੇ ਵਿੱਚੋਂ ਫਸਟ ਆਇਆ।

ਜਨਵਰੀ 1898 ਵਿੱਚ ਉਹ ਕੁੰਬਾਕੋਨਮ ਸ਼ਹਿਰ ਦੇ ਟਾਊਨ ਹਾਈ ਸਕੂਲ ਵਿੱਚ ਦਾਖਲ ਹੋ ਗਿਆ ਅਤੇ ਇਸ ਸਕੂਲ ਵਿੱਚ ਉਹ ਅਗਲੇ ਛੇ ਸਾਲ ਰਿਹਾ। ਇੱਥੇ ਹਿਸਾਬ ਵਿੱਚ ਉਸ ਦੀ ਲਿਆਕਤ ਦੇ ਝਲਕਾਰੇ ਨਜ਼ਰ ਆਉਣ ਲੱਗੇ। ਜਦੋਂ ਉਹ ਹਾਈ ਸਕੂਲ ਦੇ ਦੂਜੇ ਸਾਲ ਵਿੱਚ ਸੀ, ਤਾਂ ਉਸ ਦੇ ਜਮਾਤੀ ਉਸ ਕੋਲ ਹਿਸਾਬ ਦੇ ਸਵਾਲ ਸਮਝਣ ਆਉਣ ਲੱਗੇ। ਅਤੇ ਹਾਈ ਸਕੂਲ ਦੇ ਤੀਜੇ ਸਾਲ ਵਿੱਚ ਉਹ ਆਪਣੇ ਅਧਿਆਪਕਾਂ ਨੂੰ ਚੁਣੌਤੀ ਭਰੇ ਸਵਾਲ ਪੁੱਛਣ ਲੱਗਾ।

ਕਿਉਂਕਿ ਉਸ ਦੇ ਮਾਪੇ ਗਰੀਬ ਸਨ ਇਸ ਲਈ ਉਨ੍ਹਾਂ ਨੇ ਆਪਣੇ ਘਰ ਵਿੱਚ ਕਿਰਾਏਦਾਰ ਰੱਖੇ ਹੋਏ ਸਨ। ਜਦੋਂ ਰਾਮਾਨੁਜਨ ਗਿਆਰਾਂ ਕੁ ਸਾਲਾਂ ਦੀ ਸੀ ਉਸ ਸਮੇਂ ਉਹਨਾਂ ਦੇ ਘਰ ਸ਼ਹਿਰ ਦੇ ਸਰਕਾਰੀ ਕਾਲਜ ਵਿੱਚ ਪੜ੍ਹਦੇ ਦੋ ਵਿਦਿਆਰਥੀ ਰਹਿੰਦੇ ਸਨ। ਰਾਮਾਨੁਜਨ ਦੀ ਹਿਸਾਬ ਵਿੱਚ ਦਿਲਚਸਪੀ ਦੇਖਦਿਆਂ ਉਹ ਰਾਮਾਨੁਜਨ ਨੂੰ ਆਪਣੀ ਸਮਰੱਥਾ ਅਨੁਸਾਰ ਹਿਸਾਬ ਬਾਰੇ ਦਸਦੇ ਰਹਿੰਦੇ ਸਨ। ਪਰ ਕੁਝ ਮਹੀਨਿਆਂ ਵਿੱਚ ਰਾਮਾਨੁਜਨ ਨੇ ਉਹਨਾਂ ਦੇ ਹਿਸਾਬ ਦੇ ਗਿਆਨ ਨੂੰ ਖਾਲੀ ਕਰ ਦਿੱਤਾ ਅਤੇ ਉਹਨਾਂ ਨੂੰ ਕਹਿਣ ਲੱਗਾ ਕਿ ਉਹ ਕਾਲਜ ਦੀ ਲਾਇਬ੍ਰੇਰੀ ਵਿੱਚੋਂ ਉਸ ਨੂੰ ਹਿਸਾਬ ਦੀਆਂ ਕਿਤਾਬਾਂ ਲਿਆ ਕੇ ਦੇਣ। ਇਹਨਾਂ ਦਿਨਾਂ ਵਿੱਚ ਉਹਨਾਂ ਨੇ ਰਾਮਾਨੁਜਨ ਨੂੰ ਐੱਸ ਐੱਲ ਲੋਨੀ ਦੀ ਲਿਖੀ ਟ੍ਰਿਗਨੋਮੈਟਰੀ ਦੀ ਕਿਤਾਬ ਲਿਆ ਕੇ ਦਿੱਤੀ। ਇਹ ਕਿਤਾਬ ਉਸ ਸਮੇਂ ਦੱਖਣੀ ਭਾਰਤ ਦੇ ਕਾਲਜਾਂ ਵਿੱਚ ਪਾਠ-ਪੁਸਤਕ ਵਜੋਂ ਪੜ੍ਹਾਈ ਜਾਂਦੀ ਸੀ ਅਤੇ ਥੋੜ੍ਹੀ ਜਿਹੀ ਐਡਵਾਂਸ ਪੱਧਰ ਦੀ ਸੀ। 13 ਸਾਲ ਦੀ ਉਮਰ ਵਿੱਚ ਰਾਮਾਨੁਜਨ ਨੇ ਇਸ ਕਿਤਾਬ ਵਿਚਲੀ ਸਮੱਗਰੀ ਵਿੱਚ ਮੁਹਾਰਤ ਪ੍ਰਾਪਤ ਕਰ ਲਈ।

14 ਸਾਲ ਦੀ ਉਮਰ ਤੱਕ ਪਹੁੰਚਦਿਆਂ ਪਹੁੰਚਦਿਆਂ ਰਾਮਾਨੁਜਨ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਿਆ ਸੀ, ਜਿਹੜੀਆਂ ਉਸ ਦੇ ਸਾਥੀ ਵਿਦਿਆਰਥੀਆਂ ਅਤੇ ਬਹੁਤੇ ਅਧਿਆਪਕਾਂ ਨੂੰ ਸਮਝ ਨਹੀਂ ਸਨ ਆਉਂਦੀਆਂ। ਫਿਰ ਵੀ ਉਸ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਉਸ ਨੂੰ ਇੱਜ਼ਤ ਨਾਲ ਦੇਖਦੇ ਸਨ।

ਸਕੂਲ ਵਿੱਚ ਉਹ ਇਕ ਛੋਟੀ ਜਿਹੀ ਖਾਸ ਸ਼ਖਸੀਅਤ ਬਣ ਗਿਆ ਸੀ। ਇਸ ਸਕੂਲ ਵਿੱਚ ਉਸ ਨੇ ਕਈ ਮੈਰਿਟ ਸਰਟੀਫਿਕੇਟ ਜਿੱਤੇ। ਸੰਨ 1904 ਵਿੱਚ ਹਾਈ ਸਕੂਲ ਪਾਸ ਕਰਨ ਸਮੇਂ ਹੋਏ ਇਕ ਸਮਾਗਮ ਵਿੱਚ ਰਾਮਾਨੁਜਨ ਨੂੰ ਹਿਸਾਬ ਵਿੱਚ ਕੇ. ਰੰਗਾਨਾਥਾ ਰਾਓ ਇਨਾਮ ਦਿੱਤਾ ਗਿਆ। ਇਸ ਸਮਾਗਮ ਵਿੱਚ ਬੋਲਦਿਆਂ ਸਕੂਲ ਦੇ ਹੈੱਡਮਾਸਟਰ ਕ੍ਰਿਸ਼ਨਾਸਵਾਮੀ ਅਇਅਰ ਨੇ ਕਿਹਾ ਕਿ ਰਾਮਾਨੁਜਨ ਨੂੰ ਸੌ ਵਿੱਚੋਂ ਸੌ ਨੰਬਰ ਦਿੱਤੇ ਜਾਣਾ ਉਸ ਦੀ ਕਾਬਲੀਅਤ ਦਾ ਸਹੀ ਮੁੱਲ ਨਹੀਂ। ਉਸ ਨੂੰ ਇਸ ਤੋਂ ਵੱਧ ਨੰਬਰ ਮਿਲਣੇ ਚਾਹੀਦੇ ਹਨ।

ਕਾਲਜ

ਸੰਨ 1904 ਵਿੱਚ ਰਾਮਾਨੁਜਨ ਕੁੰਬਾਕੋਨਮ ਦੇ ਸਰਕਾਰੀ ਕਾਲਜ ਵਿੱਚ ਦਾਖਲ ਹੋ ਗਿਆ। ਹਾਈ ਸਕੂਲ ਦੀ ਵਧੀਆ ਕਾਰਗੁਜਾਰੀ ਕਾਰਨ ਉਸ ਨੂੰ ਕਾਲਜ ਵਿੱਚ ਵਜ਼ੀਫਾ ਦਿੱਤਾ ਗਿਆ।

ਇਸ ਸਮੇਂ ਤੱਕ ਰਾਮਾਨੁਜਨ ਦਾ ਵਾਹ ਜੀ. ਐੱਸ. ਕਾਰ ਦੀ ਲਿਖੀ ਕਿਤਾਬ ਏ ਸਨੌਪਸਿਸ ਆਫ ਐਲੀਮੈਂਟਰੀ ਰਿਜ਼ਲਟਸ ਇਨ ਪਿਊਰ ਐਂਡ ਅਪਲਾਈਡ ਮੈਥੇਮੈਟਿਕਸ ਨਾਲ ਪੈ ਚੁੱਕਾ ਸੀ। ਕਾਰ ਦੀ ਇਸ ਕਿਤਾਬ ਵਿੱਚ ਮੁੱਖ ਤੌਰ 'ਤੇ 5 ਕੁ ਹਜ਼ਾਰ ਦੇ ਕਰੀਬ ਸਮੀਕਰਣ (ਇਕੂਏਸ਼ਨਜ਼), ਥਿਊਰਮਾਂ, ਫਾਰਮੂਲੇ, ਰੇਖਾ-ਗਣਿਤ (ਜਿਉਮੈਟਰੀ) ਦੇ ਚਿੱਤਰ, ਅਤੇ ਹਿਸਾਬ ਦੇ ਹੋਰ ਤੱਥ, ਅਲਜਬਰੇ ਦੇ ਫਾਰਮੂਲੇ, ਟ੍ਰਿਗਨੋਮੈਟਰੀ ਅਤੇ ਕੈਲਕਲੱਸ ਦੇ ਸਵਾਲ ਆਦਿ ਦਿੱਤੇ ਹੋਏ ਸਨ। ਰਾਮਾਨੁਜਨ ਇਹਨਾਂ ਥਿਊਰਮਾਂ, ਫਾਰਮੂਲਿਆਂ ਆਦਿ ਨੂੰ ਹੱਲ ਕਰਨ, ਇਨ੍ਹਾਂ ਤੋਂ ਅਗਾਂਹ ਜਾ ਕੇ ਹੋਰ ਫਾਰਮੂਲੇ, ਥਿਊਰਮਾਂ ਲੱਭਣ/ਘੜਨ ਵਿੱਚ ਪੂਰੀ ਤਰ੍ਹਾਂ ਮਗਨ ਰਹਿਣ ਲੱਗ ਪਿਆ। ਹਿਸਾਬ ਤੇ ਸਿਰਫ ਹਿਸਾਬ ਹੀ ਉਸ ਦੀ ਦਿਲਚਸਪੀ ਦਾ ਕੇਂਦਰ ਰਹਿ ਗਿਆ। ਬਾਕੀ ਸਭ ਕੁਝ ਉਸ ਨੂੰ ਫਜੂਲ ਅਤੇ ਅਕਾਊ ਲੱਗਦਾ। ਹਿਸਾਬ ਬਾਰੇ ਕੀਤੇ ਆਪਣੇ ਇਸ ਕੰਮ ਨੂੰ ਉਹ ਆਪਣੀ ਨੋਟਬੁੱਕਾਂ ਵਿੱਚ ਸਾਂਭ ਲੈਂਦਾ।

ਇਸ ਦਾ ਨਤੀਜਾ ਇਹ ਹੋਇਆ ਕਿ ਕਾਲਜ ਵਿੱਚ ਉਹ ਹਿਸਾਬ ਤੋਂ ਬਿਨਾਂ ਹੋਰ ਕਿਸੇ ਵੀ ਵਿਸ਼ੇ ਵੱਲ ਧਿਆਨ ਨਾ ਦਿੰਦਾ। ਉਹ ਇਤਿਹਾਸ, ਅੰਗਰੇਜ਼ੀ ਆਦਿ ਵਰਗੇ ਹੋਰ ਵਿਸ਼ਿਆਂ ਦੀਆਂ ਕਲਾਸਾਂ ਵਿੱਚ ਜਾਂਦਾ ਜ਼ਰੂਰ ਪਰ ਉੱਥੇ ਬੈਠ ਕੇ ਹਿਸਾਬ ਦੀਆਂ ਸਮੱਸਿਆਵਾਂ ਹੱਲ ਕਰਦਾ ਰਹਿੰਦਾ। ਕਾਲਜ ਦੇ ਇਕ ਦੋ ਪ੍ਰੋਫੈਸਰ ਉਸ ਨੂੰ ਅਜਿਹਾ ਕਰਨ ਦਿੰਦੇ ਪਰ ਬਹੁਤੇ ਉਸ ਦੇ ਇਸ ਰਵੱਈਏ ਤੋਂ ਖੁਸ਼ ਨਹੀਂ ਸਨ।

ਦੂਜੇ ਵਿਸ਼ਿਆਂ ਵੱਲ ਧਿਆਨ ਨਾ ਦੇਣ ਦਾ ਨਤੀਜਾ ਇਹ ਨਿਕਲਿਆ ਕਿ ਉਹ ਸਰਕਾਰੀ ਕਾਲਜ ਵਿੱਚ ਅੰਗ੍ਰੇਜ਼ੀ ਕੰਪੋਜੀਸ਼ਨ ਵਿੱਚ ਫੇਲ ਹੋ ਗਿਆ। ਇਸ ਦੇ ਕਾਰਨ ਕਾਲਜ ਵਾਲਿਆਂ ਨੇ ਉਸ ਦਾ ਵਜ਼ੀਫਾ ਬੰਦ ਕਰ ਦਿੱਤਾ। ਰਾਮਾਨੁਜਨ ਦੀ ਇਕ ਟਰਮ ਦੀ ਫੀਸ 32 ਰੁਪਏ ਸੀ ਜਦੋਂ ਕਿ ਉਸ ਦੇ ਪਿਤਾ ਦੀ ਮਹੀਨੇ ਦੀ ਤਨਖਾਹ 20 ਰੁਪਏ ਸੀ। ਇਸ ਲਈ ਪੜ੍ਹਾਈ ਜਾਰੀ ਰੱਖਣ ਲਈ ਉਸ ਨੂੰ ਇਸ ਵਜ਼ੀਫੇ ਦੀ ਸਖਤ ਲੋੜ ਸੀ। ਉਹ ਕੁਝ ਮਹੀਨੇ ਕਾਲਜ ਆਉਂਦਾ ਰਿਹਾ ਅਤੇ ਇਹ ਵੀ ਕੋਸ਼ਿਸ਼ ਕਰਦਾ ਰਿਹਾ ਕਿ ਉਹ ਦੂਜੇ ਵਿਸ਼ਿਆ ਵੱਲ ਵੀ ਧਿਆਨ ਦੇਵੇ। ਪਰ ਹਿਸਾਬ ਨੂੰ ਛੱਡ ਕੇ ਦੂਜੇ ਵਿਸ਼ਿਆਂ ਵੱਲ ਧਿਆਨ ਦੇਣਾ ਉਸ ਨੂੰ ਕਾਫੀ ਵੱਡੀ ਮੁਸੀਬਤ ਲੱਗਦਾ ਸੀ। ਇਸ ਲਈ ਉਹ ਆਪਣੇ ਆਪ ਨੂੰ ਕਾਫੀ ਦਬਾਅ ਹੇਠਾਂ ਮਹਿਸੂਸ ਕਰਦਾ ਸੀ ਅਤੇ ਅੰਤ ਨੂੰ ਉਹ ਅਗਸਤ 1905 ਦੇ ਸ਼ੁਰੂ ਵਿੱਚ ਉਹ ਆਪਣੀ ਕਾਲਜ ਦੀ ਪੜ੍ਹਾਈ ਵਿਚਾਲੇ ਹੀ ਛੱਡ ਕੇ ਘਰੋਂ ਨੱਸ ਗਿਆ।

ਉਸ ਨੂੰ ਲੱਭਣ ਲਈ ਘਰਦਿਆਂ ਨੇ ਅਖਬਾਰਾਂ ਵਿੱਚ ਇਸ਼ਤਿਹਾਰ ਛਪਵਾਏ। ਉਸ ਦਾ ਪਿਤਾ ਉਸ ਨੂੰ ਲੱਭਣ ਲਈ ਮਦਰਾਸ ਅਤੇ ਤ੍ਰਿਚਨਾਪੌਲੀ ਤੱਕ ਗਿਆ। ਅਖੀਰ ਨੂੰ ਮਹੀਨੇ ਕੁ ਬਾਅਦ ਸਤੰਬਰ ਵਿੱਚ ਘਰ ਦੇ ਉਸ ਨੂੰ ਵਾਪਸ ਘਰ ਲੈ ਆਏ।

ਇਕ ਸਾਲ ਬਾਅਦ ਕਾਲਜ ਦੀ ਪੜ੍ਹਾਈ ਪੂਰੀ ਕਰਨ ਲਈ ਉਹ ਮਦਰਾਸ ਦੇ ਪਾਸ਼ਿਆਪਾ ਕਾਲਜ ਵਿੱਚ ਦਾਖਲ ਹੋ ਗਿਆ। ਇੱਥੇ ਉਸ ਨੇ ਆਪਣੀ ਹਿਸਾਬ ਦੀ ਨੋਟਬੁੱਕ ਹਿਸਾਬ ਦੇ ਆਪਣੇ ਨਵੇਂ ਅਧਿਆਪਕ ਨੂੰ ਦਿਖਾਈ। ਉਹ ਇਸ ਤੋਂ ਕਾਫੀ ਪ੍ਰਭਾਵਿਤ ਹੋਇਆ ਅਤੇ ਰਾਮਾਨੁਜਨ ਨੂੰ ਪ੍ਰਿੰਸੀਪਲ ਕੋਲ ਲੈ ਗਿਆ। ਪ੍ਰਿੰਸੀਪਲ ਨੇ ਉਸ ਨੂੰ ਵਜੀਫੇ ਦਾ ਕੁੱਝ ਹਿੱਸਾ ਲਾ ਦਿੱਤਾ।

ਇਸ ਕਾਲਜ ਵਿੱਚ ਪਹਿਲਾਂ ਪਹਿਲ ਰਾਮਾਨੁਜਨ ਦਾ ਸਮਾਂ ਵਧੀਆ ਲੰਘਿਆ। ਹਿਸਾਬ ਦੇ ਜਿਸ ਸਵਾਲ ਨੂੰ ਰਾਮਾਨੁਜਨ ਦਾ ਅਧਿਆਪਕ ਕਲਾਸ ਵਿੱਚ ਦਰਜਨ ਕੁ ਕਦਮਾਂ ਵਿੱਚ ਸਮਝਾਉਂਦਾ, ਉਹ ਹੀ ਸਵਾਲ ਰਾਮਾਨੁਜਨ ਤਿੰਨ ਜਾਂ ਚਾਰ ਕਦਮਾਂ ਵਿੱਚ ਕੱਢ ਦਿੰਦਾ। ਇਸ ਦੇ ਨਾਲ ਹੀ ਉਹ ਕਾਲਜ ਦੇ ਹਿਸਾਬ ਦੇ ਸੀਨੀਅਰ ਪ੍ਰੋਫੈਸਰ ਪੀ. ਸਿੰਗਾਰਾਵੇਲੂ ਮੁਡਾਲਿਅਰ ਦੇ ਨੇੜੇ ਹੋ ਗਿਆ। ਉਹ ਦੋਵੇਂ ਮਿਲ ਕੇ ਹਿਸਾਬ ਦੇ ਜਰਨਲਾਂ ਵਿੱਚ ਦਿੱਤੇ ਹਿਸਾਬ ਦੇ ਸਵਾਲਾਂ ਨੂੰ ਹੱਲ ਕਰਦੇ। ਜਿਹੜੇ ਸਵਾਲ ਰਾਮਾਨੁਜਨ ਤੋਂ ਹੱਲ ਨਾ ਹੁੰਦੇ ਉਹ ਪ੍ਰੋਫੈਸਰ ਸਿੰਗਾਰਾਵੇਲੂ ਮੁਡਾਲਿਅਰ ਤੋਂ ਵੀ ਹੱਲ ਨਾ ਹੁੰਦੇ।

ਪਰ ਇੱਥੇ ਵੀ ਛੇਤੀ ਹੀ ਉਸ ਦੀ ਪੁਰਾਣੀ ਸਮੱਸਿਆ ਉਸ ਦੇ ਸਾਹਮਣੇ ਆ ਖੜ੍ਹੀ ਹੋਈ। ਹਿਸਾਬ ਤੋਂ ਬਿਨਾਂ ਬਾਕੀ ਦੇ ਸਾਰੇ ਵਿਸ਼ਿਆਂ ਵਿੱਚ ਉਸ ਦੀ ਕਾਰਗੁਜਾਰੀ ਮਾੜੀ ਰਹੀ। ਸਰੀਰਕ ਵਿਗਿਆਨ (ਫਿਜਿਓਲੌਜੀ) ਵਿੱਚ ਤਾਂ ਉਸ ਦੀ ਕਾਰਗੁਜਾਰੀ ਕਾਫੀ ਨਿਰਾਸ਼ਾਮਈ ਸੀ ਅਤੇ ਉਸ ਦੇ 10 ਫੀਸਦੀ ਤੋਂ ਵੀ ਘੱਟ ਨੰਬਰ ਆਏ। ਸਰੀਰਕ ਵਿਗਿਆਨ ਦੇ ਵਿਸ਼ੇ ਵਿੱਚ ਉਸ ਦੀ ਹਾਲਤ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਕ ਇਮਤਿਹਾਨ ਵਿੱਚ ਪਾਚਨ ਪ੍ਰਣਾਲੀ (ਡਾਇਜੈਸਟਿਵ ਸਿਸਟਮ) ਬਾਰੇ ਪੁੱਛੇ ਗਏ ਇਕ ਸਵਾਲ ਦੇ ਜੁਆਬ ਵਿੱਚ ਰਾਮਾਨੁਜਨ ਨੇ ਬੱਸ ਏਨਾ ਹੀ ਲਿਖਿਆ, "ਸ਼੍ਰੀ ਮਾਨ ਜੀ ਪਾਚਣ ਪ੍ਰਣਾਲੀ ਦੇ ਅਧਿਆਇ ਬਾਰੇ ਇਹ ਮੇਰਾ ਅਣਪਚਿਆ ਜੁਆਬ ਹੈ।" [4]

ਭਾਵੇਂ ਰਾਮਾਨੁਜਨ ਹਿਸਾਬ ਦਾ ਤਿੰਨ ਘੰਟਿਆ ਦਾ ਪੇਪਰ ਅੱਧੇ ਘੰਟੇ ਵਿੱਚ ਹੱਲ ਕਰ ਦਿੰਦਾ ਸੀ, ਪਰ ਇਕੱਲੇ ਹਿਸਾਬ ਵਿੱਚ ਉਸ ਦੀ ਮੁਹਾਰਤ ਉਸ ਨੂੰ ਐਫ ਏ ਦੇ ਇਮਤਿਹਾਨਾਂ ਵਿੱਚ ਕਾਮਯਾਬੀ ਨਾ ਦਿਵਾ ਸਕੀ। ਸੰਨ 1906 ਵਿੱਚ ਉਸ ਨੇ ਐੱਫ ਏ ਦਾ ਇਮਤਿਹਾਨ ਦਿੱਤਾ ਪਰ ਉਹ ਪਾਸ ਨਾ ਹੋਇਆ। ਸੰਨ 1907 ਵਿੱਚ ਇਕ ਵਾਰ ਫਿਰ ਉਸ ਨੇ ਐਫ ਏ ਦਾ ਇਮਤਿਹਾਨ ਦਿੱਤਾ ਪਰ ਇਸ ਵਾਰ ਫੇਰ ਉਹ ਉਸ ਨੂੰ ਪਾਸ ਨਾ ਕਰ ਸਕਿਆ। ਇਸ ਤਰ੍ਹਾਂ ਹਿਸਾਬ ਵਿੱਚ ਅਤਿ ਦਰਜੇ ਦੀ ਮੁਹਾਰਤ ਰੱਖਣ ਵਾਲਾ ਰਾਮਾਨੁਜਨ ਕਾਲਜ ਤੋਂ ਡਿਗਰੀ ਪ੍ਰਾਪਤ ਨਾ ਕਰ ਸਕਿਆ।

ਬੇਰੁਜ਼ਗਾਰੀ ਅਤੇ ਵਿਹਲ

ਕਾਲਜ ਤੋਂ ਫੇਲ੍ਹ ਹੋਣ ਬਾਅਦ ਰਾਮਾਨੁਜਨ ਆਪਣੇ ਸ਼ਹਿਰ ਕੁੰਬਾਕੋਨਮ ਪਰਤ ਆਇਆ। ਇਹ ਸਮਾਂ ਕਾਫੀ ਔਖਾ ਸੀ। ਘਰ ਵਿੱਚ ਗਰੀਬੀ ਹੋਣ ਕਾਰਨ ਕਈ ਵਾਰੀ ਭੁੱਖੇ ਰਹਿਣਾ ਪੈਂਦਾ। ਕੁਝ ਪੈਸੇ ਕਮਾਉਣ ਲਈ ਰਾਮਾਨੁਜਨ ਨੇ ਟਿਊਸ਼ਨਾਂ ਪੜ੍ਹਾਉਣ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਇਕ ਵਿਦਿਆਰਥੀ ਮਗਰ 7 ਰੁਪਏ ਮਹੀਨਾ ਦੀ ਟਿਊਸ਼ਨ। ਪਰ ਉਸ ਨੂੰ ਇਸ ਵਿੱਚ ਵੀ ਬਹੁਤੀ ਕਾਮਯਾਬੀ ਨਾ ਮਿਲੀ। ਮੁੱਖ ਕਾਰਨ ਇਹ ਸੀ ਕਿ ਟਿਊਸ਼ਨ ਪੜ੍ਹਨ ਵਾਲੇ ਵਿਦਿਆਰਥੀ ਇਮਤਿਹਾਨ ਪਾਸ ਕਰਨ ਲਈ ਪੜ੍ਹਨਾ ਚਾਹੁੰਦੇ ਸੀ ਅਤੇ ਸਕੂਲ ਦਾ ਪਾਠਕ੍ਰਮ ਹੀ ਪੜ੍ਹਨਾ ਚਾਹੁੰਦੇ ਸਨ। ਪਰ ਰਾਮਾਨੁਜਨ ਸਕੂਲ ਦੇ ਪਾਠਕ੍ਰਮ ਤੱਕ ਸੀਮਤ ਨਾ ਰਹਿ ਸਕਦਾ। ਉਹ ਕਈ ਵਾਰ ਵਿਦਿਆਰਥੀਆਂ ਨੂੰ ਉਹ ਚੀਜ਼ਾਂ ਪੜ੍ਹਾਉਣ ਲੱਗਦਾ ਜਿਹੜੀਆਂ ਉਨ੍ਹਾਂ ਦੇ ਅਧਿਆਪਕਾਂ ਨੇ ਕਦੇ ਵੀ ਨਹੀਂ ਸਨ ਪੜ੍ਹਾਈਆਂ ਹੁੰਦੀਆਂ।

ਪਰ ਇਸ ਬੇਰੁਜ਼ਗਾਰੀ ਦੇ ਦਿਨਾਂ ਦਾ ਇਕ ਫਾਇਦਾ ਵੀ ਸੀ। ਹੁਣ ਰਾਮਾਨੁਜਨ ਕੋਲ ਹਿਸਾਬ 'ਤੇ ਕੰਮ ਕਰਨ ਲਈ ਸਮਾਂ ਹੀ ਸਮਾਂ ਸੀ। ਉਹ ਜੀ ਐੱਸ ਕਾਰ ਦੀ ਕਿਤਾਬ ਵਿੱਚ ਦਿੱਤਾ ਕੋਈ ਇਕ ਫਾਰਮੂਲਾ ਸਿੱਧ ਕਰਨ ਲੱਗਦਾ ਕਈ ਹੋਰ ਫਾਰਮੂਲੇ ਲੱਭ ਲੈਂਦਾ ਅਤੇ ਉਨ੍ਹਾਂ ਨੂੰ ਆਪਣੀ ਨੋਟਬੁੱਕ ਵਿੱਚ ਸਾਂਭ ਲੈਂਦਾ। ਆਪਣੇ ਵਕਤ ਦਾ ਬਹੁਤਾ ਹਿੱਸਾ ਉਹ ਆਪਣੇ ਘਰ ਮੂਹਰਲੇ ਛੋਟੇ ਜਿਹੇ ਵਿਹੜੇ 'ਚ ਬੈਠਾ ਸਲੇਟ 'ਤੇ ਹਿਸਾਬ ਦੇ ਸਵਾਲ ਕੱਢਦਾ ਰਹਿੰਦਾ। ਘਰ ਦੇ ਸਾਹਮਣੇ ਵਾਲੀ ਗਲੀ 'ਚ ਅਤੇ ਉਸ ਦੇ ਆਲੇ ਦੁਆਲੇ ਜੋ ਕੁਝ ਵਾਪਰ ਰਿਹਾ ਹੁੰਦਾ, ਉਸ ਤੋਂ ਉਹ ਬਿਲਕੁਲ ਅਣਭਿੱਜ ਰਹਿੰਦਾ ਅਤੇ ਬਸ ਆਪਣਾ ਕੰਮ ਕਰੀ ਜਾਂਦਾ। ਇਸ ਸਮੇਂ ਦੌਰਾਨ ਉਸ ਦੇ ਘਰਦਿਆਂ ਨੇ ਵੀ ਉਸ ਨੂੰ ਬਹੁਤਾ ਤੰਗ ਨਾ ਕੀਤਾ ਕਿ ਉਹ ਕੋਈ ਕੰਮ ਲੱਭੇ ਅਤੇ ਆਪਣੀ ਜ਼ਿੰਦਗੀ ਨੂੰ ਕੋਈ ਅਰਥ ਦੇਣ ਬਾਰੇ ਸੋਚੇ।

ਹਾਈ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਲਗਭਗ 1909 ਤੱਕ ਰਾਮਾਨੁਜਨ ਨੇ ਡੱਟ ਕੇ ਹਿਸਾਬ 'ਤੇ ਕੰਮ ਕੀਤਾ। ਰੌਬਰਟ ਕਾਨੀਗਲ ਦੇ ਸ਼ਬਦਾਂ ਵਿੱਚ ਇਕ ਤਰ੍ਹਾਂ ਨਾਲ " ਇਹ ਸਮਾਂ ਉਸ ਦੀ ਜ਼ਿੰਦਗੀ ਦਾ ਸਭ ਤੋਂ ਜ਼ਰਖੇਜ ਸਮਾਂ ਸੀ। ਰਾਮਾਨੁਜਨ ਨੇ ਹਿਸਾਬ ਵਿੱਚ ਆਪਣਾ ਘਰ ਲੱਭ ਲਿਆ ਸੀ ਅਤੇ ਇਹ ਘਰ ਉਸ ਨੂੰ ਏਨਾ ਆਰਾਮਦੇਹ ਲੱਗਦਾ ਸੀ ਕਿ ਉਹ ਇਸ ਨੂੰ ਛੱਡਣਾ ਨਹੀਂ ਚਾਹੁੰਦਾ ਸੀ। ਇਹ ਉਸ ਨੂੰ ਬੌਧਿਕ, ਸੁਹਜਾਤਮਿਕ ਅਤੇ ਭਾਵਨਾਤਮਕ ਤੌਰ 'ਤੇ ਸੰਤੁਸ਼ਟੀ ਪ੍ਰਦਾਨ ਕਰਦਾ ਸੀ।" [5]

ਇਹਨਾਂ ਸਮਿਆਂ ਦੌਰਾਨ ਰਾਮਾਨੁਜਨ ਨੇ ਹਿਸਾਬ ਦੇ ਖੇਤਰ ਵਿੱਚ ਬਿਨਾਂ ਕਿਸੇ ਰਹਿਨੁਮਾਈ ਦੇ ਅਤੇ ਦੂਜੇ ਹਿਸਾਬਦਾਨਾਂ ਨਾਲ ਬਿਨਾਂ ਕਿਸੇ ਰਾਬਤੇ ਦੇ ਕੰਮ ਕੀਤਾ। ਇਕ ਪਾਸੇ ਇਸ ਹਾਲਤ ਨੇ ਉਸ ਦੇ ਇਨ੍ਹਾਂ ਸਾਲਾਂ ਨੂੰ ਤਨਹਾ ਅਤੇ ਔਖੇ ਬਣਾਇਆ, ਦੂਸਰੇ ਪਾਸੇ ਇਹਨਾਂ ਹਾਲਤਾਂ ਨੇ ਉਸ ਨੂੰ ਹਿਸਾਬ ਦੇ ਖੇਤਰ 'ਚ ਆਪਣਾ ਅਜ਼ਾਦ ਢੰਗ ਵਿਕਸਤ ਕਰਨ ਦਾ ਮੌਕਾ ਵੀ ਦਿੱਤਾ।

ਇਸ ਸਮੇਂ ਦੌਰਾਨ ਰਾਮਾਨੁਜਨ ਨੇ ਜੋ ਕੰਮ ਕੀਤਾ ਉਸ ਦਾ ਘੇਰਾ ਕਾਫੀ ਵਿਸ਼ਾਲ ਸੀ। ਇਹ ਸਾਰਾ ਕੰਮ 'ਸ਼ੁੱਧ' ਹਿਸਾਬ ਸੀ। ਉਸ ਨੂੰ ਇਹ ਫਿਕਰ ਨਹੀਂ ਸੀ ਕਿ ਉਸ ਦੇ ਕੰਮ ਦਾ ਕੋਈ ਅਮਲੀ ਫਾਇਦਾ ਹੋਏਗਾ ਜਾਂ ਨਹੀਂ। ਉਹ ਇਸ ਬਾਰੇ ਬਿਲਕੁਲ ਨਹੀਂ ਸੋਚਦਾ ਸੀ। ਬੱਸ ਕੰਮ ਕਰਨ 'ਚ ਯਕੀਨ ਰੱਖਦਾ ਸੀ। ਉਸ ਦੇ ਕੰਮ 'ਤੇ ਟਿੱਪਣੀ ਕਰਦਾ ਕਾਨੀਗਲ ਲਿਖਦਾ ਹੈ, "ਰਾਮਾਨੁਜਨ ਇਕ ਆਰਟਿਸਟ ਸੀ। ਨੰਬਰ ਅਤੇ ਉਹਨਾਂ ਵਿਚਕਾਰ ਰਿਸ਼ਤਾ ਦਰਸਾਉਣ ਵਾਲੀ ਹਿਸਾਬ ਦੀ ਭਾਸ਼ਾ ਉਸ ਦਾ ਮਾਧਿਆਮ ਸੀ।" [6]

ਵਿਆਹ ਅਤੇ ਨੌਕਰੀ ਦੀ ਤਲਾਸ਼

14 ਜੁਲਾਈ 1909 ਨੂੰ ਰਾਮਾਨੁਜਨ ਦੇ ਘਰਦਿਆਂ ਨੇ ਉਸ ਦਾ ਵਿਆਹ ਕਰ ਦਿੱਤਾ। ਉਸ ਦੀ ਪਤਨੀ ਜਾਨਕੀ ਉਸ ਤੋਂ 12 ਕੁ ਸਾਲ ਛੋਟੀ ਸੀ। ਜਿਵੇਂ ਉਨ੍ਹਾਂ ਦਿਨਾਂ ਵਿਚ ਰਿਵਾਜ ਸੀ, ਜਾਨਕੀ ਨੇ ਵਿਆਹ ਤੋਂ ਬਾਅਦ ਅਗਲੇ ਕੁਝ ਸਾਲ ਆਪਣੇ ਪੇਕੀ ਹੀ ਰਹਿਣਾ ਸੀ। ਫਿਰ ਕੁਝ ਸਾਲਾਂ ਬਾਅਦ ਮੁਟਿਆਰ ਹੋਣ 'ਤੇ ਉਸ ਨੇ ਰਾਮਾਨੁਜਨ ਨਾਲ ਰਹਿਣ ਲੱਗਣਾ ਸੀ। ਇਸ ਲਈ ਜ਼ਾਹਰਾ ਤੌਰ 'ਤੇ ਰਾਮਾਨੁਜਨ ਦੀ ਜ਼ਿੰਦਗੀ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਸੀ ਆਈ। ਪਰ ਵਿਆਹ ਹੋ ਜਾਣ ਕਰਕੇ ਉਹ ਆਪਣੇ ਆਪ ਨੂੰ ਇਕ ਜ਼ਿੰਮੇਵਾਰ ਆਦਮੀ ਸਮਝਣ ਲੱਗਾ ਸੀ ਅਤੇ ਉਸ ਨੂੰ ਲੱਗਣ ਲੱਗ ਪਿਆ ਸੀ ਕਿ ਉਸ ਨੂੰ ਹੁਣ ਕੋਈ ਨੌਕਰੀ ਲੱਭਣੀ ਚਾਹੀਦੀ ਸੀ।

ਇਸ ਲਈ ਅਗਲੇ ਦੋ ਸਾਲ ਉਹ ਨੌਕਰੀ ਦੀ ਤਲਾਸ਼ ਵਿੱਚ ਥਾਂ ਥਾਂ ਟੱਕਰਾਂ ਮਾਰਦਾ ਰਿਹਾ। ਪਹਿਲਾਂ ਕੁਝ ਸਮਾਂ ਉਹਨੇ ਆਪਣੇ ਸ਼ਹਿਰ ਕੁੰਬਾਕੋਨਮ ਵਿੱਚ ਬਿਤਾਇਆ, ਫਿਰ ਉਹ ਮਦਰਾਸ ਚਲੇ ਗਿਆ। ਆਪਣੀਆਂ ਨੋਟਬੁਕਾਂ ਕੱਛੇ ਮਾਰੀ ਉਹ ਸਿਫਾਰਿਸ਼ੀ ਖੱਤ ਲੈ ਕੇ ਸਰਕਾਰ ਦੇ ਉੱਚੇ ਅਹੁਦਿਆਂ 'ਤੇ ਤੈਨਾਤ ਲੋਕਾਂ ਨੂੰ ਮਿਲਣ ਲੱਗ ਪਿਆ। ਜਦੋਂ ਉਹ ਉਨ੍ਹਾਂ ਲੋਕਾਂ ਨੂੰ ਮਿਲਦਾ ਤਾਂ ਨੌਕਰੀ ਬਾਰੇ ਬੇਨਤੀ ਕਰਦਾ ਕਹਿੰਦਾ ਕਿ ਉਸ ਦੇ ਘਰਦਿਆਂ ਨੇ ਉਸ ਦਾ ਵਿਆਹ ਕਰ ਦਿੱਤਾ ਸੀ, ਇਸ ਲਈ ਹੁਣ ਉਸ ਨੂੰ ਨੌਕਰੀ ਦੀ ਲੋੜ ਸੀ। ਉਸ ਕੋਲ ਕੋਈ ਡਿਗਰੀ ਨਹੀਂ ਸੀ ਪਰ ਉਹ ਆਪਣੇ ਆਪ ਹਿਸਾਬ ਬਾਰੇ ਖੋਜ ਕਰ ਰਿਹਾ ਸੀ। ਇਸ ਖੋਜ ਬਾਰੇ ਜਾਣਨ ਲਈ ਉਹ ਉਸ ਦੀਆਂ ਨੋਟਬੁੱਕਾਂ ਦੇਖ ਸਕਦੇ ਸਨ।

ਦਸੰਬਰ 1910 ਵਿੱਚ ਰਾਮਾਨੁਜਨ ਥੋੜ੍ਹੇ ਸਾਲ ਪਹਿਲਾਂ ਹੋਂਦ ਵਿੱਚ ਆਈ ਇੰਡੀਅਨ ਮੈਥੇਮੈਟੀਕਲ ਸੁਸਾਇਟੀ ਦੇ ਸੈਕਟਰੀ ਸੀ. ਰਾਮਾਚੰਦਰਾ ਰਾਓ ਨੂੰ ਮਿਲਿਆ, ਜੋ ਉਸ ਸਮੇਂ ਨੈਲੌਰ ਦਾ ਡਿਸਟ੍ਰਿਕਟ ਕੁਲੈਕਟਰ ਸੀ। ਚੌਥੀ ਮਿਲਣੀ ਬਾਅਦ ਰਾਮਾਚੰਦਰਾ ਰਾਓ ਨੇ ਰਾਮਾਨੁਜਨ ਲਈ 25 ਰੁਪਏ ਪ੍ਰਤੀ ਮਹੀਨਾ ਵਜੀਫੇ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਅਤੇ ਉਸ ਨੂੰ ਮਦਰਾਸ ਵਿੱਚ ਪ੍ਰੈਜੀਡੈਂਸੀ ਕਾਲਜ ਵਿੱਚ ਹਿਸਾਬ ਦੇ ਪ੍ਰੋਫੈਸਰ ਪੀ ਵੀ ਸੇਸ਼ੂ ਆਇਅਰ ਕੋਲ ਭੇਜ ਦਿੱਤਾ ਤਾਂ ਕਿ ਉਹ ਉੱਥੇ ਜਾ ਕੇ ਆਪਣਾ ਹਿਸਾਬ ਦਾ ਕੰਮ ਜਾਰੀ ਰੱਖੇ। ਰਾਮਾਚੰਦਰ ਰਾਓ ਰਾਮਾਨੁਜਨ ਨੂੰ ਰੈਵੇਨਿਊ ਦਫਤਰ ਵਿੱਚ ਛੋਟੀ ਮੋਟੀ ਨੌਕਰੀ ਦੇ ਕੇ ਉਸ ਦੇ ਹਿਸਾਬ ਦੇ ਕੰਮ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਸੀ। ਉਹ ਤਾਂ ਚਾਹੁੰਦਾ ਸੀ ਕਿ ਰਾਮਾਨੁਜਨ ਕੋਲ ਵਿਹਲ ਹੋਵੇ ਅਤੇ ਉਹ ਆਪਣਾ ਹਿਸਾਬ ਦਾ ਕੰਮ ਕਰਦਾ ਰਹੇ।

ਸੰਨ 1911 ਦੇ ਸ਼ੁਰੂ ਵਿੱਚ ਰਾਮਾਨੁਜਨ ਮਦਰਾਸ ਆ ਗਿਆ ਅਤੇ ਰਾਮਾਚੰਦਰਾ ਰਾਓ ਦੇ ਵਾਅਦੇ ਮੁਤਾਬਕ ਉਸ ਨੂੰ ਹਰ ਮਹੀਨੇ 25 ਰੁਪਏ ਮਿਲਣ ਲੱਗੇ ਅਤੇ ਰਾਮਾਨੁਜਨ ਰੁਜ਼ਗਾਰ ਲੱਭਣ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਹਿਸਾਬ 'ਤੇ ਕੰਮ ਕਰਨ ਲੱਗਾ। ਇਸ ਸਾਲ ਰਾਮਾਨੁਜਨ ਦਾ ਪਹਿਲਾ ਪੇਪਰ ਜਰਨਲ ਆਫ ਇੰਡੀਅਨ ਮੈਥੇਮੈਟੀਕਲ ਸੁਸਾਇਟੀ ਵਿੱਚ ਛਪਿਆ ਅਤੇ ਇਕ ਹਿਸਾਬਦਾਨ ਵਜੋਂ ਮਾਨਤਾ ਪ੍ਰਾਪਤ ਕਰਨ ਦੇ ਉਸ ਦੇ ਸਫਰ ਦੀ ਸ਼ੁਰੂਆਤ ਹੋਈ।

ਰਾਮਾਚੰਦਰਾ ਰਾਓ ਵਲੋਂ ਲਾਏ/ਲਵਾਏ ਵਜੀਫੇ 'ਤੇ ਰਾਮਾਨੁਜਨ ਨੇ ਤਕਰੀਬਨ ਇਕ ਸਾਲ ਤੱਕ ਨਿਰਭਰ ਰਿਹਾ। ਮਾਰਚ 1912 ਵਿੱਚ ਉਸ ਨੂੰ ਪੋਰਟ ਟਰੱਸਟ ਮਦਰਾਸ ਦੇ ਅਕਾਊਂਟ ਸੈਕਸ਼ਨ ਵਿੱਚ ਕਲਾਸ 3, ਗ੍ਰੇਡ 4 ਦੇ ਕਲਰਕ ਵਜੋਂ 30 ਰੁਪਏ ਮਹੀਨਾ ਦੀ ਤਨਖਾਹ 'ਤੇ ਨੌਕਰੀ ਮਿਲ ਗਈ। ਨੌਕਰੀ ਮਿਲਣ ਤੋਂ ਬਾਅਦ ਉਸ ਦੀ ਪਤਨੀ ਜਾਨਕੀ ਅਤੇ ਮਾਂ ਮਦਰਾਸ ਆ ਕੇ ਉਸ ਦੇ ਨਾਲ ਰਹਿਣ ਲੱਗੀਆਂ।

ਮਦਰਾਸ ਯੂਨੀਵਰਸਿਟੀ ਵਲੋਂ ਵਜੀਫਾ

ਰਾਮਾਨੁਜਨ ਦੇ ਦੋਸਤਾਂ ਅਤੇ ਜਾਣੂਆਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਕੰਮ ਦੇ ਸੰਬੰਧ ਵਿੱਚ ਕੈਂਬਰਿਜ ਯੂਨੀਵਰਸਿਟੀ ਦੇ ਹਿਸਾਬਦਾਨਾਂ ਨਾਲ ਸੰਪਰਕ ਕਰੇ। ਰਾਮਾਨੁਜਨ ਨੇ ਕੈਂਬਰਿਜ ਯੂਨੀਵਰਸਿਟੀ ਦੇ ਹਿਸਾਬਦਾਨ ਐੱਚ. ਐੱਫ਼. ਬੇਕਰ ਅਤੇ ਈ. ਡਬਲਿਊ. ਹੌਬਸਨ ਨੂੰ ਮਦਦ ਅਤੇ ਸਲਾਹ ਲਈ ਚਿੱਠੀਆਂ ਲਿਖੀਆਂ। ਉਨ੍ਹਾਂ ਦੋਹਾਂ ਵਲੋਂ ਉਸ ਨੂੰ ਨਾਂਹ ਵਿੱਚ ਜੁਆਬ ਮਿਲਿਆ।

16 ਜਨਵਰੀ 1913 ਨੂੰ ਰਾਮਾਨੁਜਨ ਨੇ ਕੈਂਬਰਿਜ ਯੂਨੀਵਰਸਿਟੀ ਦੇ ਇਕ ਹੋਰ ਹਿਸਾਬਦਾਨ ਜੀ. ਐੱਚ. ਹਾਰਡੀ ਨੂੰ ਚਿੱਠੀ ਲਿਖੀ। ਉਸ ਸਮੇਂ 35 ਵਰ੍ਹਿਆਂ ਦਾ ਹਾਰਡੀ ਆਪਣੇ ਖੇਤਰ ਵਿੱਚ ਵੱਡਾ ਨਾਂ ਸੀ ਅਤੇ ਉਸ ਦੇ ਹਿਸਾਬ ਨਾਲ ਸੰਬੰਧਤ 100 ਤੋਂ ਵੱਧ ਪੇਪਰ ਅਤੇ ਤਿੰਨ ਕਿਤਾਬਾਂ ਛੱਪ ਚੁੱਕੀਆਂ ਸਨ। ਉਹ ਕੈਂਬਰਿਜ ਯੂਨੀਵਰਿਸਟੀ ਵਿਖੇ ਹਿਸਾਬ ਦਾ ਮੱਕਾ ਸਮਝੇ ਜਾਂਦੇ ਟ੍ਰਿਨਿਟੀ ਕਾਲਜ ਦਾ ਫੈਲੋ ਸੀ ਅਤੇ ਸੰਨ 1910 ਵਿੱਚ ਇੰਗਲੈਂਡ ਵਿੱਚ ਵਿਗਿਆਨੀਆਂ ਦੀ ਸਿਰਮੌਰ ਸੰਸਥਾ ਰੌਇਲ ਸੁਸਾਇਟੀ ਦਾ ਮੈਂਬਰ ਬਣ ਚੁੱਕਾ ਸੀ।

ਹਾਰਡੀ ਨੂੰ ਲਿਖੀ ਚਿੱਠੀ ਵਿੱਚ ਰਾਮਾਨੁਜਨ ਨੇ ਆਪਣੀ ਸੰਖੇਪ ਜਾਣਪਛਾਣ ਦੇ ਨਾਲ ਨਾਲ ਹਿਸਾਬ ਵਿੱਚ ਕੀਤੇ ਆਪਣੇ ਕੰਮ ਦੇ ਨਮੂਨੇ ਵਜੋਂ 9 ਸਫੇ ਭੇਜੇ। ਇਹਨਾਂ 9 ਸਫਿਆਂ ਵਿੱਚ ਨੰਬਰ ਥਿਊਰੀ ਨਾਲ ਸੰਬੰਧਤ ਥਿਊਰਮਾਂ, ਨਿਸ਼ਚਿਤ ਪੂਰਨ ਅੰਕਾਂ (definite integrals) ਦਾ ਮੁੱਲਾਂਕਣ ਕਰਨ ਨਾਲ ਸੰਬੰਧਤ ਥਿਊਰਮਾਂ, ਅਸੀਮ ਅੰਕਾਵਲੀਆਂ (infinite series) ਨਾਲ ਸੰਬੰਧਤ ਥਿਊਰਮਾਂ, ਅੰਕਾਵਲੀਆਂ ਅਤੇ ਪੂਰਨ ਅੰਕਾਂ ਦਾ ਰੂਪਾਂਤਰ ਕਰਨ ਨਾਲ ਸੰਬੰਧਤ ਥਿਊਰਮਾਂ (theorms on transforming series and integrals) ਅਤੇ ਅੰਕਾਵਲੀਆਂ ਅਤੇ ਪੂਰਨ ਅੰਕਾਂ ਦਾ ਅਨੁਮਾਨ ਲਾਉਣ ਨਾਲ ਸੰਬੰਧਤ ਥਿਊਰਮਾਂ (theorms offering intriguing approximation to series and integrals) ਸਨ। ਕੁੱਲ ਮਿਲਾ ਕੇ 50 ਦੇ ਕਰੀਬ।

ਰਾਮਾਨੁਜਨ ਦੀ ਚਿੱਠੀ ਪੜ੍ਹਨ ਤੋਂ ਬਾਅਦ ਹਾਰਡੀ ਨੇ ਉਹ ਚਿੱਠੀ ਆਪਣੇ ਕੁਲੀਗ ਜੌਹਨ ਐਡਨਸਰ ਲਿਟਲਵੁੱਡ ਨੂੰ ਦਿਖਾਈ। ਉਸ ਸਮੇਂ ਲਿਟਲਵੁੱਡ ਵੀ ਇੰਗਲੈਂਡ ਦੇ ਹਿਸਾਬ ਦੇ ਦਾਇਰਿਆਂ ਵਿੱਚ ਇਕ ਜਾਣਿਆ ਪਛਾਣਿਆਂ ਨਾਂ ਸੀ ਅਤੇ ਹਾਰਡੀ ਅਤੇ ਲਿਟਲਵੁੱਡ ਹਿਸਾਬ ਦੇ ਖੇਤਰ ਵਿੱਚ ਮਿਲ ਕੇ ਕੰਮ ਕਰ ਰਹੇ ਸਨ। ਰਾਮਾਨੁਜਨ ਦੇ ਕੰਮ 'ਤੇ ਕੁਝ ਘੰਟੇ ਗੌਰ ਕਰਨ ਤੋਂ ਬਾਅਦ ਉਹ ਦੋਵੇਂ ਉਸ ਤੋਂ ਬਹੁਤ ਪ੍ਰਭਾਵਿਤ ਹੋਏ।

ਹਾਰਡੀ ਨੇ ਰਾਮਾਨੁਜਨ ਦੀ ਚਿੱਠੀ ਦਾ ਜੁਆਬ 8 ਫਰਵਰੀ 1913 ਨੂੰ ਦਿੱਤਾ। ਇਸ ਚਿੱਠੀ ਵਿੱਚ ਉਸ ਨੇ ਰਾਮਾਨੁਜਨ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਨਾਲ ਦੀ ਨਾਲ ਇਹ ਵੀ ਲਿਖਿਆ ਕਿ ਉਸ ਨੂੰ ਆਪਣੇ ਕੰਮ ਦੇ ਸਬੂਤ ਭੇਜਣ ਦੀ ਵੀ ਲੋੜ ਹੈ। ਹਾਰਡੀ ਨੇ ਲਿਖਿਆ, " ਮੈਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਤੁਸੀਂ ਕਾਫੀ ਸਾਰਾ ਕੰਮ ਕੀਤਾ ਹੈ, ਜਿਹੜਾ ਪ੍ਰਕਾਸ਼ਤ ਹੋਣ ਦੇ ਯੋਗ ਹੈ; ਅਤੇ ਜੇ ਤੁਸੀਂ ਇਸ ਬਾਰੇ ਤਸੱਲੀਬਖਸ਼ ਸਬੂਤ ਮੁਹੱਈਆ ਕਰ ਸਕੋ, ਤਾਂ ਇਸ ਨੂੰ ਪ੍ਰਕਾਸ਼ਤ ਕਰਨ ਲਈ ਮੈਂ ਜੋ ਕੁਝ ਕਰ ਸਕਦਾ ਹੋਇਆ, ਉਹ ਕਰਕੇ ਮੈਨੂੰ ਖੁਸ਼ੀ ਹੋਵੇਗੀ।" [7]

ਰਾਮਾਨੁਜਨ ਨੂੰ ਚਿੱਠੀ ਲਿਖਣ ਦੇ ਨਾਲ ਹੀ ਹਾਰਡੀ ਨੇ ਇੰਡਿਆ ਆਫਿਸ ਲੰਡਨ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਰਾਮਾਨੁਜਨ ਬਾਰੇ ਆਪਣੇ ਵਿਚਾਰ ਦੱਸੇ ਅਤੇ ਇਹ ਕਿਹਾ ਕਿ ਉਹ ਰਾਮਾਨੁਜਨ ਨੂੰ ਕੈਂਬਰਿਜ ਵਿੱਚ ਲਿਆਉਣਾ ਚਾਹੁੰਦਾ ਹੈ।

ਰਾਮਾਨੁਜਨ ਨੂੰ ਹਾਰਡੀ ਦੀ ਚਿੱਠੀ ਫਰਵਰੀ ਦੇ ਤੀਜੇ ਹਫਤੇ ਦੇ ਅਖੀਰ 'ਤੇ ਮਿਲੀ। ਪਰ ਇੰਡਿਆ ਆਫਿਸ ਦੇ ਸੂਤਰਾਂ ਕਾਰਨ ਮਦਰਾਸ ਵਿੱਚ ਇਹ ਖਬਰ ਪਹਿਲਾਂ ਹੀ ਪਹੁੰਚ ਚੁੱਕੀ ਸੀ ਕਿ ਹਾਰਡੀ ਨੇ ਰਾਮਾਨੁਜਨ ਦੇ ਕੰਮ ਦੀ ਪ੍ਰੋੜਤਾ ਕੀਤੀ ਹੈ। ਕੈਂਬਰਿਜ ਯੂਨੀਵਰਿਸਟੀ ਦੇ ਇਕ ਉੱਘੇ ਹਿਸਾਬਦਾਨ ਵਲੋਂ ਪ੍ਰੋੜਤਾ ਮਿਲਣ 'ਤੇ ਮਦਰਾਸ ਦੇ ਹਿਸਾਬ ਦੇ ਅਤੇ ਯੂਨੀਵਰਸਿਟੀ ਦੇ ਦਾਇਰਿਆਂ ਵਿੱਚ ਰਾਮਾਨੁਜਨ ਦੇ ਕੰਮ ਨੂੰ ਮਾਨਤਾ ਮਿਲ ਗਈ। 19 ਮਾਰਚ 1913 ਨੂੰ ਮਦਰਾਸ ਦੇ ਬੋਰਡ ਆਫ ਸਟੱਡੀਜ਼ ਇਨ ਮੈਥੇਮੈਟਿਕਸ ਦੇ ਬੋਰਡ ਨੇ ਮਦਰਾਸ ਯੂਨੀਵਰਿਸਟੀ ਦੀ ਸਿੰਡੀਕੇਟ ਨੂੰ ਸਿਫਾਰਿਸ਼ ਕੀਤੀ ਕਿ ਰਾਮਾਨੁਜਨ ਨੂੰ ਅਗਲੇ ਦੋ ਸਾਲਾਂ ਲਈ ਇਕ ਖੋਜ ਕਰਨ ਵਾਲੇ ਵਿਦਿਆਰਥੀ ਵਜੋਂ 75 ਰੁਪਏ ਮਹੀਨਾ ਦਾ ਵਜੀਫਾ ਲਾਇਆ ਜਾਵੇ। ਅਪ੍ਰੈਲ ਵਿੱਚ ਯੂਨੀਵਰਸਿਟੀ ਦੀ ਸਿੰਡੀਕੇਟ ਨੇ ਰਾਮਾਨੁਜਨ ਨੂੰ ਇਹ ਵਜੀਫਾ ਦੇਣ ਦਾ ਫੈਸਲਾ ਕਰ ਦਿੱਤਾ। ਹੁਣ ਰਾਮਾਨੁਜਨ ਰੋਟੀ ਰੋਜ਼ੀ ਕਮਾਉਣ ਦੇ ਝਮੇਲਿਆਂ ਤੋਂ ਮੁਕਤ ਹੋ ਕੇ ਸਿਰਫ ਤੇ ਸਿਰਫ ਹਿਸਾਬ ਦੇ ਖੇਤਰ ਵਿੱਚ ਕੰਮ ਕਰਨ ਲਈ ਅਜ਼ਾਦ ਸੀ।

ਕੈਂਬਰਿਜ ਲਈ ਰਵਾਨਗੀ

ਫਰਵਰੀ 1913 ਦੀ ਚਿੱਠੀ ਵਿੱਚ ਹਾਰਡੀ ਨੇ ਰਾਮਾਨੁਜਨ ਨੂੰ ਕੈਂਬਰਿਜ ਵਿੱਚ ਆਉਣ ਦਾ ਸੱਦਾ ਦਿੱਤਾ ਸੀ। ਪਰ ਉਸ ਵੇਲੇ ਰਾਮਾਨੁਜਨ ਨੇ ਇੰਗਲੈਂਡ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਹਿੰਦੁਸਤਾਨ ਦੇ ਬ੍ਰਾਹਮਣਾਂ ਵਿੱਚ ਮੰਨਿਆ ਜਾਂਦਾ ਸੀ ਕਿ ਸਮੁੰਦਰ ਪਾਰ ਦਾ ਸਫਰ ਕਰਨ ਨਾਲ ਇਕ ਬ੍ਰਾਹਮਣ ਪਲੀਤ ਹੋ ਜਾਂਦਾ ਹੈ। ਇਸ ਲਈ ਜਿਹੜਾ ਬ੍ਰਾਹਮਣ ਸਮੁੰਦਰ ਤੋਂ ਪਾਰ ਦਾ ਸਫਰ ਕਰਦਾ ਸੀ, ਉਸ ਨੂੰ ਬ੍ਰਾਹਮਣ ਸਮਾਜ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ। ਇਨ੍ਹਾਂ ਕਾਰਨਾਂ ਕਰਕੇ ਰਾਮਾਨੁਜਨ ਦੀ ਮਾਂ ਨੇ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ।

ਪਰ ਹਾਰਡੀ ਨੇ ਰਾਮਾਨੁਜਨ ਨੂੰ ਇੰਗਲੈਂਡ ਮੰਗਵਾਉਣ ਦੀ ਆਪਣੀ ਕੋਸ਼ਿਸ਼ ਨਾ ਛੱਡੀ। ਜਨਵਰੀ 1914 ਵਿੱਚ ਕੈਂਬਰਿਜ ਦੇ ਟ੍ਰਿਨਟੀ ਕਾਲਜ ਤੋਂ ਇਕ ਹਿਸਾਵਦਾਨ ਈ. ਐੱਚ. (ਐਰਿਕ ਹੈਰਲਡ) ਨੈਵਿਲ ਮਦਰਾਸ ਯੂਨੀਵਰਸਿਟੀ ਵਿੱਚ ਲੈਕਚਰ ਟੂਰ ਲਈ ਆਇਆ। ਹਾਰਡੀ ਨੇ ਉਸ ਨੂੰ ਹਿਦਾਇਤ ਦਿੱਤੀ ਕਿ ਉਹ ਉੱਥੇ ਰਾਮਾਨੁਜਨ ਨੂੰ ਮਿਲੇ ਅਤੇ ਉਸ ਨੂੰ ਕੈਂਬਰਿਜ ਆਉਣ ਲਈ ਮਨਾਵੇ। ਨੈਵਿਲ ਰਾਮਾਨੁਜਨ ਨੂੰ ਜਨਵਰੀ 1914 ਵਿੱਚ ਮਦਰਾਸ ਵਿੱਚ ਮਿਲਿਆ ਅਤੇ ਉਸ ਨੇ ਰਾਮਾਨੁਜਨ ਨਾਲ ਕੈਂਬਰਿਜ ਜਾਣ ਦੀ ਗੱਲ ਕੀਤੀ। ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਰਾਮਾਨੁਜਨ ਨੇ ਇੰਗਲੈਂਡ ਜਾਣ ਲਈ ਹਾਂ ਕਹਿ ਦਿੱਤੀ।

ਇਸ ਵਾਰ ਹਾਂ ਕਰਨ ਦਾ ਕਾਰਨ ਇਹ ਸੀ ਕਿ ਪਿਛਲੇ ਇਕ ਸਾਲ ਤੋਂ ਉਸ ਦੇ ਦੋਸਤ/ਮਿੱਤਰ ਉਸ ਨੂੰ ਇੰਗਲੈਂਡ ਜਾਣ ਲਈ ਮਨਾਉਂਦੇ ਰਹਿੰਦੇ ਸਨ। ਉਨ੍ਹਾਂ ਦੀ ਸਲਾਹ ਦੇ ਨਾਲ ਨਾਲ ਬਾਹਰ ਜਾ ਕੇ ਹਿਸਾਬ ਦੇ ਖੇਤਰ ਵਿੱਚ ਕੰਮ ਕਰਨ ਦੀ ਉਸ ਦੀ ਆਪਣੀ ਖਾਹਿਸ਼ ਵੀ ਉਸ ਨੂੰ ਤੰਗ ਕਰਦੀ ਰਹਿੰਦੀ ਸੀ।

ਰਾਮਾਨੁਜਨ ਦੇ ਹਾਂ ਕਰਨ 'ਤੇ ਉਸ ਦੇ ਇੰਗਲੈਂਡ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। 17 ਮਾਰਚ 1914 ਨੂੰ ਰਾਮਾਨੁਜਨ ਮਦਰਾਸ ਤੋਂ ਐੱਸ ਐੱਸ ਨੇਵਾਸਾ ਨਾਂ ਦੇ ਸਮੁੰਦਰੀ ਜਹਾਜ਼ 'ਤੇ ਇੰਗਲੈਂਡ ਲਈ ਰਵਾਨਾ ਹੋ ਗਿਆ।

ਕੈਂਬਰਿਜ

ਪਹਿਲੇ ਸਾਲ ਅਤੇ ਬੀ ਏ

14 ਅਪ੍ਰੈਲ 1914 ਨੂੰ ਰਾਮਾਨੁਜਨ ਦਾ ਜਹਾਜ਼ ਲੰਡਨ ਪਹੁੰਚ ਗਿਆ। ਕੁਝ ਦਿਨ ਨੈਸ਼ਨਲ ਇੰਡਿਆ ਐਸੋਸੀਏਸ਼ਨ ਵਲੋਂ ਹਿੰਦੁਸਤਾਨ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਕਰੌਮਵੈੱਲ ਰੋਡ 'ਤੇ ਮੁਹੱਈਆ ਕੀਤੀ ਜਾਂਦੀ ਰਿਹਾਇਸ਼ 'ਚ ਕੱਟਣ ਤੋਂ ਬਾਅਦ ਰਾਮਾਨੁਜਨ 18 ਅਪ੍ਰੈਲ 1914 ਨੂੰ ਕੈਂਬਰਿਜ ਚਲੇ ਗਿਆ। ਛੇ ਕੁ ਹਫਤੇ ਉਹ ਈ. ਐੱਚ. ਨੈਵਿਲ ਦੇ ਘਰ ਰਿਹਾ ਅਤੇ ਜੂਨ ਦੇ ਸ਼ੁਰੂ ਵਿੱਚ ਉਹ ਟ੍ਰਿਨਟੀ ਕਾਲਜ ਵਿਖੇ ਰਹਿਣ ਲੱਗ ਪਿਆ।

ਇੱਥੇ ਉਹ ਜੀ ਐੱਚ ਹਾਰਡੀ ਦੇ ਨਾਲ ਕੰਮ ਕਰਨ ਲੱਗਾ। ਉਹਨਾਂ ਦੇ ਕੰਮਾਂ ਵਿੱਚੋਂ ਇਕ ਮਹੱਤਵਪੂਰਨ ਕੰਮ ਰਾਮਾਨੁਜਨ ਦੇ ਕੰਮ ਨੂੰ ਹਿਸਾਬ ਨਾਲ ਸੰਬੰਧਤ ਪ੍ਰਮੁੱਖ ਜਰਨਲਾਂ ਵਿੱਚ ਛਪਵਾਉਣਾ ਸੀ। ਸੰਨ 1914 ਵਿੱਚ ਰਾਮਾਨੁਜਨ ਦਾ ਇਕ ਪੇਪਰ ਕੁਆਰਟਰਲੀ ਜਰਨਲ ਆਫ ਮੈਥੇਮੈਟਿਕਸ- Quarterly Journal of Mathematics ਵਿੱਚ ਛਪਿਆ। ਇਸ ਪੇਪਰ ਦਾ ਨਾਂ ਸੀ 'ਮੌਡੂਲਰ ਇਕੁਏਸ਼ਨਜ਼ ਐਂਡ ਅਪ੍ਰੌਕਸੀਮੇਸ਼ਨਜ਼ ਟੂ ਪਾਈ - Modular Equations and Approximation to Pi.' ਤੇਈ ਸਫਿਆਂ ਦੇ ਇਸ ਪੇਪਰ ਵਿੱਚ ਰਾਮਾਨੁਜਨ ਨੇ ਪਾਈ ਦੀ ਔਸਤਨ ਕੀਮਤ ਲੱਭਣ ਦੇ ਨਵੇਂ ਢੰਗ ਬਾਰੇ ਦੱਸਿਆ ਸੀ। ਬਾਅਦ ਵਿੱਚ ਜੀ ਐੱਚ ਹਾਰਡੀ ਨੇ ਇਸ ਪੇਪਰ ਬਾਰੇ ਲਿਖਿਆ ਕਿ ਰਾਮਾਨੁਜਨ ਦਾ ਪੇਪਰ "ਬਹੁਤ ਧਿਆਨ ਖਿੱਚਣ ਵਾਲਾ ਸੀ ਅਤੇ ਇਸ ਵਿੱਚ ਕਾਫੀ ਸਾਰੇ ਨਵੇਂ ਨਤੀਜੇ ਸਨ।" ਰੌਬਰਟ ਕਾਨੀਗਲ ਦੇ ਸ਼ਬਦਾਂ ਵਿੱਚ, ਇਸ ਪੇਪਰ 'ਚ ਪੇਸ਼ ਕੀਤੇ ਰਾਮਾਨੁਜਨ ਦੇ ਕੰਮ ਨੇ "ਆਉਣ ਵਾਲੇ ਸਾਲਾਂ ਦੌਰਾਨ ਕੰਪਿਊਟਰ ਵਲੋਂ ਪਾਈ (Pi) ਦੀ ਕੀਮਤ ਲੱਭਣ ਲਈ ਸਭ ਤੋਂ ਤੇਜ਼ ਅਲੌਗਰਿਦਮ ਜਾਂ ਸਟੈੱਪ ਬਾਈ ਸਟੈੱਪ ਮੈਥਡ (fastest-known alogrithm or step-by-step methond) ਲਈ ਆਧਾਰ ਤਿਆਰ ਮੁਹੱਈਆ ਕੀਤਾ।"[8]

ਸੰਨ 1915 ਵਿੱਚ ਰਾਮਾਨੁਜਨ ਦੇ 9 ਪੇਪਰ ਪ੍ਰਕਾਸ਼ਤ ਹੋਏ ਜਿਨ੍ਹਾਂ ਵਿੱਚੋਂ 5 ਅੰਗਰੇਜ਼ੀ ਜਰਨਲਾਂ ਵਿੱਚ ਛਪੇ। ਇਹਨਾਂ ਵਿੱਚੋਂ ਇਕ ਪੇਪਰ ਪ੍ਰੋਸੀਡਿੰਗਜ਼ ਆਫ ਦੀ ਲੰਡਨ ਮੈਥੇਮੈਟੀਕਲ ਸੁਸਾਇਟੀ - Proceedings of the London Mathematical Society - ਵਿੱਚ ਛਪਿਆ। ਇਹ ਪੇਪਰ ਪ੍ਰਮੁੱਖ ਮਿਸ਼ਰਤ ਨੰਬਰਾਂ (Highly Composite Numbers) ਬਾਰੇ ਸੀ। ਇਹ ਰਾਮਾਨੁਜਨ ਦਾ ਉਸ ਸਾਲ ਦਾ ਸਭ ਤੋਂ ਮਹੱਤਵਪੂਰਨ ਕੰਮ ਸੀ। ਮਿਸ਼ਰਤ ਨੰਬਰ (Composite Number) ਅਭਾਜ ਅੰਕ (Prime number) ਨਹੀਂ ਹੁੰਦਾ। ਜਿਵੇਂ ਅੰਕ 21 ਮਿਸ਼ਰਤ ਨੰਬਰ ਹੈ ਜਿਸ ਨੂੰ ਤੋੜ ਕੇ 3 X 7 ਦੇ ਗੁਣਨਖੰਡ ਦੇ ਤੌਰ 'ਤੇ ਲਿਖਿਆ ਜਾ ਸਕਦਾ ਹੈ। ਇਸ ਹੀ ਤਰ੍ਹਾਂ 22 ਹੈ ਜਿਸ ਨੂੰ ਤੋੜ ਕੇ 2 X 11 ਦੇ ਤੌਰ 'ਤੇ ਲਿਖਿਆ ਜਾ ਸਕਦਾ ਹੈ। ਪਰ 23 ਅਭਾਜ ਅੰਕ (Prime number) ਹੈ। [9] ਇਸ ਨੂੰ ਤੋੜ ਕੇ ਗੁਣਨਖੰਡਾਂ ਵਿੱਚ ਨਹੀਂ ਲਿਖਿਆ ਜਾ ਸਕਦਾ। ਇਸ ਪੇਪਰ ਵਿੱਚ ਰਾਮਾਨੁਜਨ ਨੇ ਮਿਸ਼ਰਤ ਨੰਬਰਾਂ ਦੇ ਗੁਣਾਂ (properities) 'ਤੇ ਕੰਮ ਕੀਤਾ ਸੀ। ਇਸ ਪੇਪਰ ਬਾਰੇ ਰਾਇ ਦਿੰਦਿਆਂ ਜੀ. ਐੱਚ. ਹਾਰਡੀ ਨੇ ਲਿਖਿਆ ਕਿ ਰਾਮਾਨੁਜਨ ਨੇ ਜਿਸ ਸਮੱਸਿਆ 'ਤੇ ਕੰਮ ਕੀਤਾ ਹੈ, ਉਹ:

ਬਹੁਤ ਵਿਸ਼ੇਸ਼ ਹੈ ਅਤੇ ਹਿਸਾਬ ਦੀ ਖੋਜ ਦੀਆਂ ਮੁੱਖ ਪ੍ਰਨਾਲੀਆਂ (main channels) ਤੋਂ ਥੋੜ੍ਹੀ ਜਿਹੀ ਵੱਖਰੀ ਹੈ। ਪਰ ਇਸ ਨਾਲ ਨਿਪਟਦਿਆਂ ਉਸ (ਰਾਮਾਨੁਜਨ) ਨੇ ਜਿਸ ਅਸਾਧਾਰਣ ਅੰਤਰਦ੍ਰਿਸ਼ਟੀ ਅਤੇ ਸੂਖਮ ਬੁੱਧੀ ਦਾ ਪ੍ਰਦਰਸ਼ਨ ਕੀਤਾ ਹੈ, ਉਸ ਬਾਰੇ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ, (ਅਤੇ) ਨਾ ਹੀ ਇਸ ਗੱਲ ਬਾਰੇ ਕੋਈ ਸ਼ੱਕ ਕੀਤੀ ਜਾ ਸਕਦੀ ਹੈ ਕਿ ਉਸ ਦਾ ਵਿਦਵਤਾਪੂਰਨ ਲੇਖ ਇੰਗਲੈਂਡ ਵਿੱਚ ਕਈ ਸਾਲਾਂ ਦੌਰਾਨ ਛਪੇ ਬਹੁਤ ਹੀ ਅਨੂਠੇ ਲੇਖਾਂ ਵਿੱਚੋਂ ਇਕ ਹੈ। [10]

ਪ੍ਰਮੁੱਖ ਮਿਸ਼ਰਤ ਨੰਬਰਾਂ (Highly Composite Numbers) ਬਾਰੇ ਪ੍ਰਕਾਸ਼ਤ ਕੀਤੇ ਇਸ ਲੰਮੇ ਪੇਪਰ ਦੇ ਆਧਾਰ 'ਤੇ ਰਾਮਾਨੁਜਨ ਨੂੰ 16 ਮਾਰਚ 1916 ਨੂੰ ਬੀ. ਏ. ਦੀ ਡਿਗਰੀ ਦਿੱਤੀ ਗਈ।

ਇਸ ਤੋਂ ਬਾਅਦ ਰਾਮਾਨੁਜਨ ਜੀ. ਐੱਚ. ਹਾਰਡੀ ਨਾਲ ਮਿਲ ਕੇ ਅਤੇ ਇਕੱਲਾ ਹਿਸਾਬ ਦਾ ਕੰਮ ਕਰਦਾ ਰਿਹਾ। ਉਸ ਦਾ ਕੰਮ ਕਰਨ ਦਾ ਢੰਗ ਜੰਨੂਨੀਆਂ ਵਾਲਾ ਸੀ। ਕਈ ਵਾਰੀ ਉਹ ਲਗਾਤਾਰ 30-30 ਘੰਟੇ ਕੰਮ ਕਰਦਾ ਰਹਿੰਦਾ ਅਤੇ ਫਿਰ 20-20 ਘੰਟੇ ਸੁੱਤਾ ਰਹਿੰਦਾ। ਇਸ ਤਰ੍ਹਾਂ ਕੰਮ ਕਰਦੇ ਵਕਤ ਉਹ ਆਪਣੇ ਖਾਣਪੀਣ ਦਾ ਵੀ ਧਿਆਨ ਨਾ ਰੱਖਦਾ। ਇਕ ਵੈਸ਼ਨੂੰ ਹੋਣ ਕਾਰਨ ਉਹ ਕਾਲਜ ਦੀ ਮੈੱਸ 'ਚ ਬਣਿਆ ਖਾਣਾ ਨਾ ਖਾਂਦਾ ਅਤੇ ਆਪਣਾ ਖਾਣਾ ਆਪ ਤਿਆਰ ਕਰਦਾ। ਪਰ ਖਾਣਾ ਤਿਆਰ ਕਰਨ ਦਾ ਕੰਮ ਉਸ ਦੇ ਹਿਸਾਬ ਦੇ ਕੰਮ ਵਿੱਚ ਰੁਕਾਵਟ ਬਣਦਾ ਸੀ, ਇਸ ਲਈ ਉਹ ਕਦੇ ਦਿਨ ਵਿੱਚ ਇਕ ਵਾਰ ਅਤੇ ਕਦੇ ਕਦੇ ਦੋ ਦਿਨਾਂ ਵਿੱਚ ਇਕ ਵਾਰ ਖਾਣਾ ਬਣਾਉਂਦਾ। ਖਾਣਾ ਬਣਾਉਣ ਦੇ ਖਲਜਗਣ ਨੂੰ ਹੋਰ ਸੌਖਾ ਬਣਾਉਣ ਲਈ ਉਹ ਬਹੁਤ ਹੀ ਸਾਦਾ ਖਾਣਾ ਖਾਣ ਲੱਗ ਪਿਆ। ਇਸ ਸਾਦਾ ਖਾਣੇ ਦਾ ਭਾਵ ਸੀ ਲੂਣ ਵਾਲੇ ਚੌਲਾਂ ਉੱਤੇ ਛਿੜਕਿਆ ਹੋਇਆ ਥੋੜ੍ਹਾ ਜਿਹਾ ਨਿੰਬੂ।

ਏਨੇ ਜੰਨੂਨ ਨਾਲ ਕੰਮ ਕਰ ਰਿਹਾ ਰਾਮਾਨੁਜਨ ਕੈਂਬਰਿਜ ਵਿੱਚ ਇਕੱਲਤਾ ਵੀ ਹੰਢਾ ਰਿਹਾ ਸੀ। ਨਾ ਹੀ ਉਸ ਦੀ ਪਤਨੀ ਅਤੇ ਨਾ ਹੀ ਉਸ ਦੀ ਮਾਂ ਉਸ ਦੇ ਕੋਲ ਸੀ। ਇੰਡਿਆ ਵਿੱਚ ਉਸ ਦੇ ਦੋਸਤ ਸਨ, ਪਰ ਇੱਥੇ ਉਹਦਾ ਕੋਈ ਦੋਸਤ ਵੀ ਨਹੀਂ ਸੀ। ਹਾਰਡੀ ਹਿਸਾਬ ਵਿੱਚ ਕੰਮ ਕਰਨ ਵਿੱਚ ਤਾਂ ਉਸ ਦਾ ਸਾਥੀ ਸੀ, ਪਰ ਉਹ ਇਕ ਅਜਿਹਾ ਦੋਸਤ ਨਹੀਂ ਸੀ ਜਿਸ ਨਾਲ ਰਾਮਾਨੁਜਨ ਦਿਲੀ ਗੱਲਾਂ ਕਰ ਸਕਦਾ।

ਸਖਤ ਕੰਮ, ਖਾਣ ਪੀਣ ਵੱਲ ਬੇਧਿਆਨੀ ਅਤੇ ਇਕੱਲਤਾ ਨੇ ਰਾਮਾਨੁਜਨ ਦੀ ਸਰੀਰਕ ਅਤੇ ਮਾਨਸਿਕ ਸਿਹਤ ਉੱਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਕੈਂਬਰਿਜ ਯੂਨੀਵਰਸਿਟੀ ਦੇ ਟ੍ਰਿੰਟੀ ਕਾਲਜ ਵਲੋਂ ਲਏ ਇਕ ਫੈਸਲੇ ਨੇ ਵੀ ਉਸ ਨੂੰ ਨਿਰਾਸ਼ ਕਰ ਦਿੱਤਾ। ਕੈਂਬਰਿਜ ਵਿੱਚ ਕੀਤੇ ਉਸ ਦੇ ਕੰਮ ਨੂੰ ਦੇਖਦੇ ਹੋਏ ਆਸ ਕੀਤੀ ਜਾ ਰਹੀ ਸੀ ਕਿ ਅਕਤੂਬਰ 1917 ਤੱਕ ਰਾਮਾਨੁਜਨ ਨੂੰ ਟ੍ਰਿੰਟੀ ਕਾਲਜ ਦਾ ਫੈਲੋ ਚੁਣ ਲਿਆ ਜਾਵੇਗਾ। ਅਕਤੂਬਰ 1917 ਆਇਆ ਅਤੇ ਲੰਘ ਗਿਆ ਪਰ ਰਾਮਾਨੁਜਨ ਨੂੰ ਟ੍ਰਿੰਟੀ ਦਾ ਫੈਲੋ ਨਾ ਚੁਣਿਆ ਗਿਆ। ਰੌਬਰਟ ਕਾਨੀਗਲ ਅਨੁਸਾਰ ਇਸ ਦਾ ਮੁੱਖ ਕਾਰਨ ਨਸਲਵਾਦ ਸੀ। ਆਖਰਕਾਰ ਰਾਮਾਨੁਜਨ ਇਕ 'ਕਾਲਾ ਆਦਮੀ' ਸੀ। ਇਸ ਲਈ ਉਹ ਟ੍ਰਿੰਟੀ ਦਾ ਫੈਲੋ ਨਾ ਚੁਣਿਆ ਗਿਆ। [11]

ਰੌਇਲ ਸੁਸਾਇਟੀ ਦੀ ਫੈਲੋਸ਼ਿੱਪ

ਇਸ ਸਮੇਂ ਦੌਰਾਨ ਰਾਮਾਨੁਜਨ ਆਪਣੀ ਭੈੜੀ ਸਿਹਤ ਕਾਰਨ ਲੰਡਨ ਤੋਂ ਉੱਤਰ ਪੱਛਮ ਵਿੱਚ 150 ਮੀਲ ਦੀ ਦੂਰੀ 'ਤੇ ਸਥਿਤ ਮੈਟਲੌਕ ਨਾਮੀ ਸੈਨੇਟੇਰੀਅਮ ਵਿੱਚ ਸੀ, ਜਿੱਥੇ ਟੀ ਬੀ ਦੇ ਮਰੀਜ਼ਾਂ ਦਾ ਇਲਾਜ ਹੁੰਦਾ ਸੀ। ਲੰਡਨ ਤੋਂ ਏਡੀ ਦੂਰ ਹੋਣ ਕਾਰਨ ਉੱਥੇ ਜਾਣਾ ਬਹੁਤ ਮੁਸ਼ਕਿਲ ਸੀ। ਉੱਥੇ ਕੋਈ ਉਸ ਨੂੰ ਮਿਲਣ ਨਹੀਂ ਆ ਸਕਦਾ ਸੀ। ਇਸ ਲਈ ਇਸ ਸੈਨੇਟੋਰੀਅਨ ਵਿੱਚ ਰਾਮਾਨੁਜਨ ਬੀਮਾਰ ਹੋਣ ਦੇ ਨਾਲ ਨਾਲ ਇਕੱਲਤਾ ਵੀ ਭੋਗ ਰਿਹਾ ਸੀ। ਉੱਥੇ ਕਾਫੀ ਠੰਡ ਸੀ ਅਤੇ ਉਸ ਦੀ ਹਾਲਤ ਬਹੁਤ ਮਾੜੀ ਸੀ। ਬੀਮਾਰ ਹੋਣ ਕਰਕੇ ਉਹ ਹਿਸਾਬ ਉੱਤੇ ਕੰਮ ਵੀ ਨਹੀਂ ਕਰ ਸਕਦਾ ਸੀ। ਨਾ ਹੀ ਉੱਥੇ ਉਸ ਨੂੰ ਚੰਗੀ ਤਰ੍ਹਾਂ ਦਾ ਖਾਣਾ ਮਿਲਦਾ ਸੀ ਅਤੇ ਉਹ ਆਪਣੇ ਡਾਕਟਰ ਤੋਂ ਵੀ ਨਾ-ਖੁਸ਼ ਸੀ। ਸਮੁੱਚੇ ਰੂਪ ਵਿੱਚ ਮੈਟਲਾਕ ਵਿੱਚ ਉਹ ਸਰੀਰਕ ਤੌਰ 'ਤੇ ਬੀਮਾਰ ਹੋਣ ਦੇ ਨਾਲ ਨਾਲ ਮਾਨਸਿਕ ਤੌਰ 'ਤੇ ਵੀ ਕਾਫੀ ਨਿਰਾਸ਼ ਸੀ। ਟਿੰ੍ਰਟੀ ਕਾਲਜ ਵਲੋਂ ਫੈਲੋ ਨਾ ਚੁਣੇ ਜਾਣ ਦੇ ਫੈਸਲੇ ਨੇ ਉਸ ਦੀ ਨਿਰਾਸ਼ਤਾ ਨੂੰ ਹੋਰ ਡੂੰਘਾ ਕਰ ਦਿੱਤਾ ਸੀ।

ਅਜਿਹੀ ਸਥਿਤੀ ਵਿੱਚ ਰਾਮਾਨੁਜਨ ਨੂੰ ਹੌਂਸਲਾ ਦੇਣ ਲਈ ਹਾਰਡੀ ਨੇ ਉਸ ਨੂੰ ਹੋਰ ਥਾਂਵਾਂ ਤੋਂ ਮਾਨਤਾ ਦਿਵਾਉਣ ਲਈ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਹਾਰਡੀ ਮਹਿਸੂਸ ਕਰਦਾ ਸੀ ਕਿ ਰਾਮਾਨੁਜਨ ਇਸ ਦਾ ਹੱਕਦਾਰ ਹੈ। 6 ਦਸੰਬਰ 1917 ਨੂੰ ਰਾਮਾਨੁਜਨ ਨੂੰ ਲੰਡਨ ਮੈਥੇਮੈਟੀਕਲ ਸੁਸਾਇਟੀ ਦਾ ਫੈਲੋ ਚੁਣਿਆ ਗਿਆ। ਇਸ ਤੋਂ ਦੋ ਹਫਤੇ ਬਾਅਦ 18 ਦਸੰਬਰ 1917 ਨੂੰ ਹਾਰਡੀ ਅਤੇ 11 ਹੋਰ ਹਿਸਾਬਦਾਨਾਂ ਨੇ ਰਾਮਾਨੁਜਨ ਨੂੰ ਰੌਇਲ ਸੁਸਾਇਟੀ ਦੇ ਫੈਲੋ ਵਜੋਂ ਚੁਣੇ ਜਾਣ ਲਈ ਨਾਮਜਦ ਕਰਨ ਲਈ ਰਾਮਾਨੁਜਨ ਦੇ ਸਰਟੀਫਿਕੇਟ ਔਫ ਏ ਕੈਂਡੀਡੇਟ ਫਾਰ ਇਲੈਕਸ਼ਨ 'ਤੇ ਦਸਤਖਤ ਕਰ ਕੇ ਉਸ ਨੂੰ ਰੌਇਲ ਸੁਸਾਇਟੀ ਦੇ ਫੈਲੋ ਲਈ ਚੁਣੇ ਜਾਣ ਲਈ ਨਾਮਜ਼ਦ ਕਰ ਦਿੱਤਾ। ਹਾਰਡੀ ਤੋਂ ਬਿਨਾਂ ਇਸ ਸਰਟੀਫਿਕੇਟ 'ਤੇ ਦਸਤਖਤ ਕਰਨ ਵਾਲੇ ਹਿਸਾਬਦਾਨਾਂ ਵਿੱਚ ਸ਼ਾਮਲ ਸਨ: ਹੌਬਸਨ, ਬੇਕਰ, ਬਰੌਮਵਿਚ, ਲਿਟਲਵੁੱਡ, ਫੋਰਸਾਈਥ ਅਤੇ ਅਲਫਰੈਡ ਨੌਰਥ ਵਾਈਟਹੈੱਡ।

1660 ਵਿੱਚ ਸਥਾਪਤ ਕੀਤੀ ਰੌਇਲ ਸੁਸਾਇਟੀ ਵਿਗਿਆਨ ਦੇ ਖੇਤਰ ਵਿੱਚ ਬ੍ਰਿਟੇਨ ਦੀ ਸ੍ਰੇਸ਼ਟ ਸੰਸਥਾ ਸੀ। ਉਸ ਸਮੇਂ ਰੌਇਲ ਸੁਸਾਇਟੀ ਦੇ 469 ਮੈਂਬਰ ਸਨ ਜੋ ਫਿਜਿਕਸ, ਕੈਮਿਸਟਰੀ, ਬਾਇਓਲੋਜੀ, ਹਿਸਾਬ, ਅਤੇ ਵਿਗਿਆਨ ਦੇ ਹੋਰ ਖੇਤਰਾਂ ਵਿੱਚ ਨਾਮਣਾ ਖੱਟ ਚੁੱਕੇ ਸਨ। ਇਹਨਾਂ ਵਿੱਚੋਂ 39 ਵਿਦੇਸ਼ੀ ਸਨ ਜਿਹਨਾਂ ਵਿੱਚੋਂ 6 ਨੋਬਲ ਇਨਾਮ ਜਿੱਤ ਚੁੱਕੇ ਸਨ। ਰੌਇਲ ਸੁਸਾਇਟੀ ਦਾ ਫੈਲੋ ਹੋਣਾ ਟ੍ਰਿੰਟੀ ਕਾਲਜ ਦੀ ਫੈਲੋਸ਼ਿੱਪ ਨਾਲੋਂ ਕਿਤੇ ਵੱਡੀ ਗੱਲ ਸੀ।

24 ਜਨਵਰੀ 1918 ਨੂੰ ਰੌਇਲ ਸੁਸਾਇਟੀ ਦੀ ਮੀਟਿੰਗ ਵਿੱਚ ਫੈਲੋ ਚੁਣੇ ਜਾਣ ਲਈ ਨਾਮਜਦ ਕੀਤੇ ਗਏ ਵਿਅਕਤੀਆਂ ਦੀ ਲਿਸਟ ਪੜ੍ਹੀ ਗਈ। ਇਸ ਸਾਲ ਰਾਮਾਨੁਜਨ ਸਮੇਤ ਰੌਇਲ ਸੁਸਾਇਟੀ ਦੀ ਫੈਲੋਸ਼ਿੱਪ ਲਈ 104 ਵਿਅਕਤੀ ਨਾਮਜਦ ਕੀਤੇ ਗਏ ਸਨ। ਇਹਨਾਂ ਵਿੱਚੋਂ ਬਹੁਤ ਥੋੜ੍ਹੇ ਵਿਅਕਤੀਆਂ ਨੇ ਫੈਲੋ ਚੁਣੇ ਜਾਣਾ ਸੀ।

ਬੇਸ਼ੱਕ ਹਾਰਡੀ ਮਹਿਸੂਸ ਕਰਦਾ ਸੀ ਕਿ ਰਾਮਾਨੁਜਨ ਇਸ ਫੈਲੋਸ਼ਿੱਪ ਦਾ ਹੱਕਦਾਰ ਸੀ। ਇਸ ਲਈ ਹੀ ਉਸ ਨੇ ਰਾਮਾਨੁਜਨ ਦੀ ਨਾਮਜ਼ਦਗੀ ਦੇ ਪੇਪਰਾਂ ਵਿੱਚ ਲਿਖਿਆ ਸੀ ਕਿ ਰਾਮਾਨੁਜਨ ਹਿਸਾਬ ਦੇ ਖੇਤਰ ਵਿੱਚ, ਖਾਸ ਕਰਕੇ ਇਲਿਪਟਕ ਫੰਕਸ਼ਨਜ਼ ਅਤੇ ਨੰਬਰਾਂ ਦੀ ਥਿਉਰੀ, ਵਿੱਚ ਇਕ ਉੱਘਾ ਨਾਂ ਹੈ। ਫਿਰ ਵੀ ਰਾਮਾਨੁਜਨ ਦੀ ਇਹ ਨਾਮਜ਼ਦਗੀ ਸਮੇਂ ਤੋਂ ਥੋੜ੍ਹਾ ਜਿਹਾ ਪਹਿਲਾਂ ਕੀਤੀ ਜਾਪਦੀ ਸੀ। ਰਾਮਾਨੁਜਨ ਅਜੇ 29 ਸਾਲਾਂ ਦਾ ਸੀ। ਹਾਰਡੀ ਆਪ ਸੰਨ 1910 ਵਿੱਚ 33 ਸਾਲ ਦੀ ਉਮਰ ਵਿੱਚ ਰੌਇਲ ਸੁਸਾਇਟੀ ਦਾ ਫੈਲੋ ਬਣਿਆ ਸੀ ਅਤੇ ਲਿਟਲਵੁੱਡ ਨੂੰ ਵੀ ਸੰਨ 1916 ਵਿੱਚ 33 ਸਾਲ ਦੀ ਉਮਰ ਵਿੱਚ ਹੀ ਇਹ ਮਾਣ ਪ੍ਰਾਪਤ ਹੋਇਆ ਸੀ। ਇਸ ਦੇ ਨਾਲ ਹੀ ਪੱਛਮੀ ਦੁਨੀਆ ਦੇ ਹਿਸਾਬ ਦੇ ਖੇਤਰ ਨਾਲ ਰਾਮਾਨੁਜਨ ਦਾ ਸੰਪਰਕ ਹੋਏ ਨੂੰ ਅਜੇ ਕੁਝ ਹੀ ਸਾਲ ਹੋਏ ਸਨ। ਫਿਰ ਵੀ ਰਾਮਾਨੁਜਨ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹਾਰਡੀ ਚਾਹੁੰਦਾ ਸੀ ਕਿ ਰਾਮਾਨੁਜਨ ਨੂੰ ਜਿੰਨੀ ਛੇਤੀ ਹੋ ਸਕੇ ਇਹ ਮਾਣ ਪ੍ਰਾਪਤ ਹੋਣਾ ਚਾਹੀਦਾ ਹੈ।

ਜਦੋਂ ਹਾਰਡੀ ਵਲੋਂ ਰਾਮਾਨੁਜਨ ਨੂੰ ਰੌਇਲ ਸੁਸਾਇਟੀ ਵਿੱਚ ਫੈਲੋਸ਼ਿੱਪ ਦਿਵਾਉਣ ਲਈ ਯਤਨ ਹੋ ਰਹੇ ਸਨ, ਉਦੋਂ (ਜਨਵਰੀ ਜਾਂ ਫਰਵਰੀ 1918 ਵਿੱਚ ਇਕ ਦਿਨ) ਰਾਮਾਨੁਜਨ ਨੇ ਲੰਡਨ ਦੀ ਅੰਡਰਗਰਾਊਂਡ ਰੇਲ ਦੇ ਸਾਹਮਣੇ ਛਾਲ ਮਾਰ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ ਕੀਤੀ। ਇਸ ਸਮੇਂ ਰਾਮਾਨੁਜਨ ਮੈਟਲੌਕ ਸੈਨੇਟੇਰੀਅਮ ਤੋਂ ਛੁੱਟੀ ਲੈ ਕੇ ਲੰਡਨ ਆਇਆ ਹੋਇਆ ਸੀ। ਗੱਡੀ ਦੇ ਇਕ ਗਾਰਡ ਨੇ ਰਾਮਾਨੁਜਨ ਨੂੰ ਛਾਲ ਮਾਰਦਿਆਂ ਦੇਖ ਲਿਆ ਅਤੇ ਗੱਡੀ ਦੀਆਂ ਬ੍ਰੇਕਾਂ ਖਿੱਚ ਦਿੱਤੀਆਂ ਅਤੇ ਗੱਡੀ ਰਾਮਾਨੁਜਨ ਤੋਂ ਥੋੜ੍ਹੀ ਜਿਹੀ ਵਿੱਥ 'ਤੇ ਖੜ੍ਹੀ ਹੋ ਗਈ ਅਤੇ ਰਾਮਾਨੁਜਨ ਬੱਚ ਗਿਆ। ਰਾਮਾਨੁਜਨ ਨੂੰ ਗ੍ਰਿਫਤਾਰ ਕਰ ਕੇ ਸਕਾਟਲੈਂਡ ਯਾਰਡ ਦੇ ਦਫਤਰ ਲਿਆਂਦਾ ਗਿਆ। ਆਪਣੀ ਛਾਣ-ਬੀਣ ਦੌਰਾਨ ਜਦੋਂ ਪੁਲੀਸ ਨੂੰ ਰਾਮਾਨੁਜਨ ਦੇ ਪ੍ਰਸਿੱਧ ਹਿਸਾਬਦਾਨ ਹੋਣ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਉਸ ਨੂੰ ਬਿਨਾਂ ਕੋਈ ਦੋਸ਼ ਲਾਏ ਛੱਡ ਦਿੱਤਾ। ਅਤੇ ਰਾਮਾਨੁਜਨ ਵਾਪਸ ਮੈਟਲੌਕ ਸੈਨੇਟੋਰੀਅਮ ਵਿੱਚ ਚਲੇ ਗਿਆ।

ਫਰਵਰੀ 1918 ਦੇ ਅਖੀਰ 'ਤੇ ਰਾਮਾਨੁਜਨ ਨੂੰ ਮੈਟਲੌਕ ਵਿਖੇ ਹਾਰਡੀ ਦੀ ਤਾਰ ਮਿਲੀ, ਜਿਸ ਰਾਹੀਂ ਹਾਰਡੀ ਨੇ ਰਾਮਾਨੁਜਨ ਨੂੰ ਸੂਚਿਤ ਕੀਤਾ ਕਿ ਉਸ ਨੂੰ ਰੌਇਲ ਸੁਸਾਇਟੀ ਦਾ ਫੈਲੋ ਚੁਣ ਲਿਆ ਗਿਆ ਹੈ। ਇਸ ਸਾਲ ਨਾਮਜ਼ਦ ਕੀਤੇ ਗਏ 104 ਵਿਅਕਤੀਆਂ ਵਿੱਚੋਂ 15 ਨੂੰ ਫੈਲੋ ਚੁਣਿਆ ਗਿਆ ਸੀ ਅਤੇ ਰਾਮਾਨੁਜਨ ਇਹਨਾਂ 15 ਵਿੱਚੋਂ ਇਕ ਸੀ। ਮਈ 1918 ਵਿੱਚ ਰਾਮਾਨੁਜਨ ਨੇ ਰੌਇਲ ਸੁਸਾਇਟੀ ਦਾ ਫੈਲੋ ਬਣ ਜਾਣਾ ਸੀ ਅਤੇ ਆਪਣੇ ਨਾਂ ਦੇ ਮਗਰ ਐੱਫ ਆਰ ਐੱਸ ਲਿਖ ਸਕਣਾ ਸੀ ਭਾਵ ਮਈ 1918 ਵਿੱਚ ਉਸ ਨੇ ਐੱਸ ਰਾਮਾਨੁਜਨ, ਐੱਫ ਆਰ ਐੱਸ ਹੋ ਜਾਣਾ ਸੀ।

ਮਈ 1918 ਵਿੱਚ ਵੀ ਰਾਮਾਨੁਜਨ ਦੀ ਸਿਹਤ ਕਾਫੀ ਭੈੜੀ ਸੀ। ਇਸ ਲਈ ਉਹ 17 ਮਈ ਨੂੰ ਲੰਡਨ ਵਿੱਚ ਰੌਇਲ ਸੁਸਾਇਟੀ ਦੀ ਹੋਣ ਵਾਲੀ ਉਸ ਮੀਟਿੰਗ ਵਿੱਚ ਸ਼ਾਮਲ ਨਾ ਹੋ ਸਕਿਆ ਜਿਸ ਵਿੱਚ ਉਸ ਨੂੰ ਰਸਮੀ ਤੌਰ 'ਤੇ ਸੁਸਾਇਟੀ ਵਿੱਚ ਸ਼ਾਮਲ ਕੀਤੇ ਜਾਣਾ ਸੀ।

ਕੈਂਬਰਿਜ ਦੇ ਟ੍ਰਿੰਟੀ ਕਾਲਜ ਦੀ ਫੈਲੋਸ਼ਿੱਪ

ਸੰਨ 1918 ਦੀ ਪਤਝੜ ਵਿੱਚ ਰਾਮਾਨੁਜਨ ਦਾ ਨਾਂ ਟ੍ਰਿੰਟੀ ਕਾਲਜ ਦੀ ਫੈਲੋਸ਼ਿੱਪ ਲਈ ਇਕ ਵਾਰ ਫਿਰ ਪੇਸ਼ ਕੀਤਾ ਗਿਆ। ਇਸ ਵਾਰੀ ਨਸਲਵਾਦ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਗਿਆ। ਰਾਮਾਨੁਜਨ ਦਾ ਇਕ ਵਿਰੋਧੀ ਸਿੱਧੇ ਰੂਪ ਵਿੱਚ ਕਹਿਣ ਲੱਗਾ "ਉਹ ਇਕ ਕਾਲੇ ਆਦਮੀ ਨੂੰ ਫੈਲੋ ਨਹੀਂ ਬਣਨ ਦੇਵੇਗਾ"। [12] ਪਰ ਹਾਲਾਤ ਬਦਲ ਚੁੱਕੇ ਸਨ। ਇਸ ਸਮੇਂ ਰਾਮਾਨੁਜਨ ਰੌਇਲ ਸੁਸਾਇਟੀ ਦਾ ਫੈਲੋ ਬਣ ਚੁੱਕਾ ਸੀ ਅਤੇ ਰੌਇਲ ਸੁਸਾਇਟੀ ਦੇ ਫੈਲੋ ਨੂੰ ਟ੍ਰਿੰਟੀ ਦੀ ਫੈਲੋਸ਼ਿੱਪ ਦੇਣ ਤੋਂ ਇਨਕਾਰ ਕਰਨ ਨਾਲ ਟ੍ਰਿੰਟੀ ਕਾਲਜ ਦੀ ਬਦਨਾਮੀ ਹੋ ਸਕਦੀ ਸੀ। ਇਸ ਲਈ ਰਾਮਾਨੁਜਨ ਨੂੰ ਟ੍ਰਿੰਟੀ ਕਾਲਜ ਦੀ ਫੈਲੋਸ਼ਿੱਪ ਦੇ ਦਿੱਤੀ ਗਈ।

ਦੇਸ਼ ਵਾਪਸੀ

11 ਨਵੰਬਰ 1918 ਨੂੰ ਪਹਿਲੀ ਸੰਸਾਰ ਜੰਗ ਖਤਮ ਹੋ ਗਈ। ਹੁਣ ਰਾਮਾਨੁਜਨ ਬਿਨਾਂ ਕਿਸੇ ਖਤਰੇ ਦੇ ਸਮੁੰਦਰੀ ਜਹਾਜ਼ ਦਾ ਸਫਰ ਕਰਕੇ ਹਿੰਦੁਸਤਾਨ ਨੂੰ ਵਾਪਸ ਜਾ ਸਕਦਾ ਸੀ। 26 ਨਵੰਬਰ 1918 ਨੂੰ ਹਾਰਡੀ ਨੇ ਮਦਰਾਸ ਯੂਨੀਵਰਸਿਟੀ ਦੇ ਰਜਿਸਟਰਾਰ ਫਰਾਂਸਿਸ ਡਿਊਜ਼ਵਰੀ ਨੂੰ ਲਿਖਿਆ ਕਿ ਇਸ ਸਮੇਂ ਰਾਮਾਨੁਜਨ ਨੂੰ ਵਾਪਸ ਹਿੰਦੁਸਤਾਨ ਭੇਜਣ ਅਤੇ ਉਸ ਦੇ ਭਵਿੱਖ ਬਾਰੇ ਦੋਬਾਰਾ ਗੌਰ ਕੀਤਾ ਜਾ ਸਕਦਾ ਸੀ। ਹਾਰਡੀ ਨੇ ਡਿਊਜ਼ਵਰੀ ਨੂੰ ਲਿਖਿਆ ਕਿ ਮਦਰਾਸ ਯੂਨੀਵਰਸਿਟੀ ਨੂੰ ਰਾਮਾਨੁਜਨ ਨੂੰ ਅਜਿਹੀ ਪਦਵੀ ਪੇਸ਼ ਕਰਨੀ ਚਾਹੀਦੀ ਹੈ, ਜਿਹੜੀ ਉਸ ਨੂੰ ਖੋਜ ਕਰਨ ਲਈ ਵਿਹਲ ਦਿੰਦੀ ਹੋਵੇ ਅਤੇ ਕਦੇ ਕਦੇ ਇੰਗਲੈਂਡ ਵਾਪਸ ਆਉਣ ਦਾ ਮੌਕਾ ਦਿੰਦੀ ਹੋਵੇ।

ਦਸੰਬਰ 1918 ਦੇ ਅਖੀਰ ਵਿੱਚ ਜਾਂ ਜਨਵਰੀ 1919 ਦੇ ਸ਼ੁਰੂ ਵਿੱਚ ਰਾਮਾਨੁਜਨ ਨੂੰ ਖਬਰ ਮਿਲੀ ਕਿ ਮਦਰਾਸ ਯੂਨੀਵਰਸਿਟੀ ਨੇ ਉਸ ਨੂੰ 250 ਪੌਂਡ ਸਲਾਨਾ ਦੀ ਫੈਲੋਸ਼ਿੱਪ ਦੇ ਦਿੱਤੀ ਹੈ। ਛੇ ਸਾਲਾਂ ਲਈ ਦਿੱਤੀ ਜਾਣ ਵਾਲੀ ਇਹ ਫੈਲੋਸ਼ਿੱਪ ਟ੍ਰਿੰਟੀ ਕਾਲਜ ਵਲੋਂ ਮਿਲਦੀ ਫੈਲੋਸ਼ਿੱਪ ਦੇ ਉੱਤੋਂ ਦੀ ਮਿਲਣੀ ਸੀ। ਇਸ ਦੇ ਨਾਲ ਹੀ ਉਸ ਨੂੰ ਸਮੇਂ ਸਮੇਂ ਇੰਗਲੈਂਡ ਵਾਪਸ ਆਉਣ ਦੀ ਇਜਾਜ਼ਤ ਸੀ। ਸਾਦਾ ਜ਼ਿੰਦਗੀ ਜੀਣ ਦੇ ਆਦੀ ਹੋ ਚੁੱਕੇ ਰਾਮਾਨੁਜਨ ਨੂੰ ਇਹ ਰਕਮ ਕਾਫੀ ਵੱਡੀ ਲੱਗੀ। ਇਸ ਲਈ 11 ਜਨਵਰੀ 1919 ਨੂੰ ਉਸ ਨੇ ਡਿਊਜ਼ਵਰੀ ਨੂੰ ਲਿਖਿਆ:

ਸ਼੍ਰੀ ਮਾਨ ਜੀ,

ਮੈਨੂੰ ਤੁਹਾਡਾ 9 ਦਸੰਬਰ 1918 ਨੂੰ ਲਿਖਿਆ ਖੱਤ ਮਿਲਿਆ ਹੈ ਅਤੇ ਮੈਂ ਯੂਨੀਵਰਸਿਟੀ ਵਲੋਂ ਦਿੱਤੀ ਜਾ ਰਹੀ ਬਹੁਤ ਉਦਾਰ ਮਦਦ ਨੂੰ ਕ੍ਰਿਤੱਗਤਾ ਨਾਲ ਸਵੀਕਾਰ ਕਰਦਾ ਹਾਂ।

ਪਰ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੇ ਹਿੰਦੁਸਤਾਨ ਆਉਣ 'ਤੇ ਮੈਨੂੰ ਮਿਲਣ ਵਾਲੀ ਕੁੱਲ ਰਕਮ ਉਸ ਰਕਮ ਤੋਂ ਬਹੁਤ ਜ਼ਿਆਦਾ ਹੋਵੇਗੀ ਜਿੰਨੀ ਰਕਮ ਦੀ ਮੈਨੂੰ ਲੋੜ ਹੈ। ਮੈਂ ਆਸ ਕਰਦਾ ਹਾਂ ਕਿ ਇੰਗਲੈਂਡ ਵਿੱਚ ਮੇਰੇ ਖਰਚੇ ਅਦਾ ਕੀਤੇ ਜਾਣ ਬਾਅਦ ਮੇਰੇ ਮਾਪਿਆਂ ਨੂੰ ਸਾਲ ਦੇ 50 ਪੌਂਡ ਦਿੱਤੇ ਜਾਣ ਅਤੇ ਮੇਰੇ ਜ਼ਰੂਰੀ ਖਰਚਿਆਂ ਦੀ ਪੂਰਤੀ ਤੋਂ ਬਾਅਦ ਵਾਧੂ ਦੀ ਰਕਮ ਕਿਸੇ ਤਰ੍ਹਾਂ ਦੇ ਵਿਦਿਅਕ ਕੰਮਾਂ 'ਤੇ ਖਰਚ ਕੀਤੀ ਜਾਵੇ। ਉਦਾਹਰਨ ਲਈ ਇਹ ਰਕਮ ਸਕੂਲ ਵਿੱਚ ਪੜ੍ਹਦੇ ਗਰੀਬ ਅਤੇ ਅਨਾਥ ਮੁੰਡਿਆਂ ਦੀਆਂ ਫੀਸਾਂ ਵਿੱਚ ਕਟੌਤੀ ਕਰਨ ਲਈ ਅਤੇ ਸਕੂਲਾਂ ਵਿੱਚ ਕਿਤਾਬਾਂ ਦੇਣ ਲਈ ਖਰਚੀ ਜਾਵੇ। ਬੇਸ਼ੱਕ ਇਸ ਤਰ੍ਹਾਂ ਦਾ ਪ੍ਰਬੰਧ ਕਰਨਾ ਮੇਰੇ ਵਾਪਸ ਆਉਣ 'ਤੇ ਹੀ ਸੰਭਵ ਹੋਵੇਗਾ।

ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ (ਸਿਹਤ ਪੱਖੋਂ) ਠੀਕ ਨਾ ਹੋਣ ਕਾਰਨ ਮੈਂ ਪਿਛਲੇ ਦੋ ਸਾਲਾਂ ਵਿੱਚ ਹਿਸਾਬ 'ਤੇ ਬਹੁਤ ਜ਼ਿਆਦਾ ਕੰਮ ਨਹੀਂ ਕਰ ਸਕਿਆ। ਮੈਂ ਉਮੀਦ ਕਰਦਾ ਹਾਂ ਕਿ ਬਹੁਤ ਛੇਤੀਂ ਮੈਂ ਹੋਰ ਕੰਮ ਕਰਨ ਦੇ ਯੋਗ ਹੋ ਜਾਵਾਂਗਾ ਅਤੇ ਮੈਨੂੰ ਦਿੱਤੀ ਜਾ ਰਹੀ ਮਦਦ ਦਾ ਹੱਕਦਾਰ ਬਣਨ ਲਈ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰਾਂਗਾ।

ਤੁਹਾਡਾ ਆਗਿਆਕਾਰੀ ਨੌਕਰ ਰਹਿਣ ਦਾ ਚਾਹਵਾਨ,

ਐੱਸ ਰਾਮਾਨੁਜਨ [13]

ਇਹ ਚਿੱਠੀ ਲਿਖਣ ਤੋਂ ਮਹੀਨਾ ਕੁ ਬਾਅਦ 24 ਫਰਵਰੀ 1919 ਨੂੰ ਰਾਮਾਨੁਜਨ ਆਪਣੇ ਪਾਸਪੋਰਟ ਦੇ ਕੰਮ ਲਈ ਪਾਸਪੋਰਟ ਦਫਤਰ ਗਿਆ ਅਤੇ 13 ਮਾਰਚ 1919 ਨੂੰ ਉਹ ਪੈਸੇਫਿਕ ਅਤੇ ਓਰੀਐਂਟ ਸ਼ਿੱਪ ਕੰਪਨੀ ਦੇ ਜਹਾਜ਼ ਨਗੋਆ 'ਤੇ ਬੰਬਈ ਲਈ ਰਵਾਨਾ ਹੋ ਗਿਆ।

27 ਮਾਰਚ 1919 ਨੂੰ ਉਹ ਬੰਬਈ ਪਹੁੰਚ ਗਿਆ। ਉਸ ਦੀ ਮਾਤਾ ਦਾ ਵਿਚਾਰ ਸੀ ਕਿ ਰਾਮਾਨੁਜਨ ਦੇ ਹਿੰਦੁਸਤਾਨ ਪਹੁੰਚਣ 'ਤੇ ਉਹ ਰਾਮਾਨੁਜਨ ਨੂੰ ਘਰ ਲਿਜਾਣ ਤੋਂ ਪਹਿਲਾਂ ਰਮੇਸ਼ਵਰਮ ਦੇ ਮੰਦਿਰ ਵਿੱਚ ਲੈ ਕੇ ਜਾਵੇਗੀ, ਜਿੱਥੇ ਸਮੁੰਦਰ ਤੋਂ ਪਾਰ ਦਾ ਸਫਰ ਕਰਨ ਕਾਰਨ 'ਪਲੀਤ' ਹੋਏ ਰਾਮਾਨੁਜਨ ਦੀ ਸ਼ੁੱਧੀ ਦੀਆਂ ਰਸਮਾਂ ਕੀਤੀਆਂ ਜਾਣਗੀਆਂ। ਪਰ ਰਾਮਾਨੁਜਨ ਦੀ ਸਿਹਤ ਠੀਕ ਨਾ ਹੋਣ ਕਾਰਨ ਉਸ ਨੇ ਇਹ ਖਿਆਲ ਛੱਡ ਦਿੱਤਾ ਅਤੇ ਰਾਮਾਨੁਜਨ ਅਤੇ ਉਸ ਦੀ ਮਾਂ 2 ਅਪ੍ਰੈਲ 1919 ਨੂੰ ਮਦਰਾਸ ਆ ਗਏ।

ਹਿੰਦੁਸਤਾਨ ਪਹੁੰਚਣ 'ਤੇ ਰਾਮਾਨੁਜਨ ਦਾ ਭਰਵਾਂ ਸਵਾਗਤ ਕੀਤਾ ਗਿਆ। ਰਾਮਾਨੁਜਨ ਨੂੰ ਯੂਨੀਵਰਸਿਟੀ ਵਿੱਚ ਪ੍ਰੌਫੈਸਰ ਦੀ ਨੌਕਰੀ ਪੇਸ਼ ਕੀਤੀ ਗਈ। ਜਿਸ ਦੇ ਜੁਆਬ ਵਿੱਚ ਉਸ ਨੇ ਕਿਹਾ ਕਿ ਉਹ ਸਿਹਤ ਠੀਕ ਹੋਣ 'ਤੇ ਇਹ ਨੌਕਰੀ ਲੈ ਲਵੇਗਾ। ਮਦਰਾਸ ਦੇ ਵਿਸ਼ਿਸ਼ਟ ਵਰਗ ਦੇ ਲੋਕ ਉਸ ਨੂੰ ਮਿਲਣ ਆਏ, ਉਸ ਨੂੰ ਰਹਿਣ ਲਈ ਚੰਗੇ ਚੰਗੇ ਘਰਾਂ ਦੀ ਪੇਸ਼ਕਸ਼ ਕੀਤੀ ਗਈ। ਅਖਬਾਰਾਂ ਵਿੱਚ ਉਸ ਦੀ ਪ੍ਰਸ਼ੰਸਾ ਵਿੱਚ ਲੇਖ ਪ੍ਰਕਾਸ਼ਤ ਕੀਤੇ ਗਏ।

6 ਅਪ੍ਰੈਲ ਨੂੰ ਜਾਨਕੀ ਅਤੇ ਉਸ ਦਾ ਭਰਾ ਰਾਮਾਨੁਜਨ ਦੇ ਕੋਲ ਮਦਰਾਸ ਆ ਗਏ ਅਤੇ ਉਸ ਤੋਂ ਇਕ ਹਫਤਾ ਬਾਅਦ ਉਸ ਦਾ ਦਾਦਾ, ਪਿਤਾ ਅਤੇ ਭਰਾ ਵੀ ਉਸ ਕੋਲ ਮਦਰਾਸ ਪਹੁੰਚ ਗਏ। ਸਾਰਾ ਪਰਿਵਾਰ ਇਕੱਠਾ ਹੋ ਗਿਆ।

ਕੁਝ ਮਹੀਨੇ ਮਦਰਾਸ ਰਹਿਣ ਤੋਂ ਬਾਅਦ ਰਾਮਾਨੁਜਨ ਦੇ ਡਾਕਟਰ ਦੀ ਸਿਫਾਰਸ਼ 'ਤੇ ਮਦਰਾਸ ਦੀ ਗਰਮੀ ਤੋਂ ਬਚਣ ਲਈ ਰਾਮਾਨੁਜਨ ਅਤੇ ਉਸ ਦਾ ਪਰਿਵਾਰ ਇਕ ਛੋਟੇ ਜਿਹੇ ਸ਼ਹਿਰ ਕੋਦੂਮਦੀ ਆ ਕੇ ਰਹਿਣ ਲੱਗਾ। ਦੋ ਮਹੀਨੇ ਬਾਅਦ ਜਦੋਂ ਗਰਮੀ ਥੋੜ੍ਹੀ ਘੱਟ ਗਈ ਤਾਂ 3 ਸਤੰਬਰ 1919 ਨੂੰ ਰਾਮਾਨੁਜਨ ਅਤੇ ਉਸ ਦਾ ਪਰਿਵਾਰ ਰਾਮਾਨੁਜਨ ਦੇ ਜੱਦੀ ਸ਼ਹਿਰ ਕੁੰਬਾਕੋਨਮ ਆ ਗਿਆ।

ਇਸ ਸਮੇਂ ਦੌਰਾਨ ਵੱਖ ਵੱਖ ਡਾਕਟਰਾਂ ਕੋਲੋਂ ਰਾਮਾਨੁਜਨ ਦਾ ਇਲਾਜ ਚਲਦਾ ਰਿਹਾ। ਕੁੰਬਾਕੋਨਮ ਵਿੱਚ ਉਸ ਦਾ ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਸੀ ਕਿ ਰਾਮਾਨੁਜਨ ਦੀ ਬੀਮਾਰੀ, ਟੀ ਬੀ, ਐਡਵਾਂਸ ਸਟੇਜ 'ਤੇ ਪਹੁੰਚ ਚੁੱਕੀ ਸੀ। ਇਸ ਸਮੇਂ ਉਹ ਬਹੁਤ ਕਮਜ਼ੋਰ ਹੋ ਚੁੱਕਾ ਸੀ ਅਤੇ 'ਹੱਡੀਆਂ ਦੀ ਮੁੱਠ' ਰਹਿ ਗਿਆ ਸੀ। ਜਨਵਰੀ 1920 ਵਿੱਚ ਉਸ ਦੇ ਡਾਕਟਰ ਦੀ ਖਾਹਿਸ਼ ਅਨੁਸਾਰ ਰਾਮਾਨੁਜਨ ਅਤੇ ਉਸ ਦਾ ਪਰਿਵਾਰ ਮਦਰਾਸ ਆ ਗਿਆ।

ਇਸ ਤਰ੍ਹਾਂ ਦੀ ਕਮਜ਼ੋਰ ਸਿਹਤ ਦੇ ਹੁੰਦੇ ਹੋਏ ਵੀ ਉਹ ਹਿਸਾਬ 'ਤੇ ਕੰਮ ਕਰਦਾ ਰਿਹਾ। 12 ਜਨਵਰੀ 1920 ਨੂੰ ਉਸ ਨੇ ਹਿੰਦੁਸਤਾਨ ਆਉਣ ਤੋਂ ਬਾਅਦ ਹਾਰਡੀ ਨੂੰ ਪਹਿਲਾ ਖੱਤ ਲਿਖਿਆ। ਇਸ ਖੱਤ ਵਿੱਚ ਉਸ ਨੇ ਹਾਰਡੀ ਨੂੰ ਸੂਚਿਤ ਕੀਤਾ ਕਿ ਉਸ ਨੇ ਮੌਕ ਥੀਟਾ ਫੰਕਸ਼ਨ ਲੱਭ ਲਏ ਹਨ ਅਤੇ ਚਿੱਠੀ ਵਿੱਚ ਉਸ ਨੇ ਇਹਨਾਂ ਫੰਕਸ਼ਨਾਂ ਦੀਆਂ ਕੁਝ ਉਦਾਹਰਨਾਂ ਹਾਰਡੀ ਨੂੰ ਭੇਜੀਆਂ। ਇਹ ਖੋਜ ਰਾਮਾਨੁਜਨ ਦੀ ਇਕ ਬਹੁਤ ਹੀ ਮਹੱਤਵਪੂਰਨ ਖੋਜ ਸੀ। ਇਸ ਖੋਜ ਤੋਂ 16 ਸਾਲ ਬਾਅਦ, ਲੰਡਨ ਮੈਥੇਮੈਟੀਕਲ ਸੁਸਾਇਟੀ ਅੱਗੇ ਦਿੱਤੇ ਇਕ ਭਾਸ਼ਨ ਵਿੱਚ ਬੋਲਦਿਆਂ ਜੀ. ਐਨ. ਵਾਟਸਨ ਨੇ ਕਿਹਾ, "ਉਸ ਦੇ ਪਹਿਲਾਂ ਕੀਤੇ ਕੰਮਾਂ ਵਾਂਗ ਹੀ ਮੌਕ ਥੀਟਾ ਫੰਕਸ਼ਨ ਉਸ ਦੀ ਇਕ ਅਜਿਹੀ ਪ੍ਰਾਪਤੀ ਹੈ, ਜਿਸ ਕਾਰਨ ਉਸ ਦਾ ਨਾਂ ਲੰਮੇ ਸਮੇਂ ਤੱਕ ਯਾਦ ਕੀਤਾ ਜਾਂਦਾ ਰਹੇਗਾ।" [14] ਭਾਰਤ ਵਿੱਚ ਪਹੁੰਚਣ ਤੋਂ ਬਾਅਦ ਰਾਮਾਨੁਜਨ ਨੇ ਸਾਰਾ ਸਾਲ ਮੌਕ ਥੀਟਾ ਫੰਕਸ਼ਨ 'ਤੇ ਕੰਮ ਕੀਤਾ ਅਤੇ ਇਸ ਸੰਬੰਧ ਵਿੱਚ 650 ਦੇ ਕਰੀਬ ਫਾਰਮੂਲੇ ਇਜਾਦ ਕੀਤੇ।

ਮੌਤ

ਦਿਨੋ ਦਿਨ ਉਸ ਦੀ ਸਿਹਤ ਵਿਗੜਦੀ ਗਈ। ਉਸ ਦੇ ਪੇਟ ਅਤੇ ਲੱਤ ਵਿੱਚ ਬਹੁਤ ਜ਼ਿਆਦਾ ਦਰਦ ਰਹਿਣ ਲੱਗਾ। ਉਸ ਦੇ ਦਰਦ ਨੂੰ ਰਾਹਤ ਦੇਣ ਲਈ ਉਸ ਦੀ ਪਤਨੀ, ਜਾਨਕੀ ਉਸ ਦੀ ਛਾਤੀ ਅਤੇ ਲੱਤਾਂ 'ਤੇ ਗਰਮ ਪਾਣੀ ਵਿੱਚ ਭਿੱਜੇ ਤੌਲੀਏ ਨਾਲ ਸੇਕ ਦਿੰਦੀ। ਪਰ ਇਸ ਦਰਦ ਅਤੇ ਬੁਖਾਰ ਦੇ ਦੌਰਾਨ ਵੀ ਰਾਮਾਨੁਜਨ ਮੰਜੇ 'ਤੇ ਪਿਆ ਹਿਸਾਬ 'ਤੇ ਕੰਮ ਕਰਦਾ ਰਿਹਾ। ਉਸ ਦੇ ਕਹਿਣ 'ਤੇ ਉਸ ਦੀ ਪਤਨੀ ਉਸ ਨੂੰ ਸਲੇਟ ਲਿਆ ਦਿੰਦੀ ਅਤੇ ਬਾਅਦ ਵਿੱਚ ਉਸ ਵਲੋਂ ਲਿਖੇ ਕਾਗਜ਼ਾਂ ਨੂੰ ਚੁੱਕ ਕੇ ਸਾਂਭ ਲੈਂਦੀ। ਆਪਣੀ ਮੌਤ ਤੋਂ ਚਾਰ ਦਿਨ ਪਹਿਲਾਂ ਤੱਕ ਉਹ ਹਿਸਾਬ 'ਤੇ ਕੰਮ ਕਰਦਾ ਰਿਹਾ।

26 ਅਪ੍ਰੈਲ 1920 ਨੂੰ ਉਸ ਦੀ ਮੌਤ ਹੋ ਗਈ। ਉਸ ਸਮੇਂ ਉਸ ਦੀ ਉਮਰ 32 ਸਾਲ ਸੀ। ਉਸ ਦਿਨ ਦੁਪਹਿਰ ਨੂੰ 1 ਵਜੇ ਦੇ ਕਰੀਬ ਚੇਟਪਟ ਵਿਖੇ ਉਸ ਦਾ ਸਸਕਾਰ ਕਰ ਦਿੱਤਾ ਗਿਆ। ਉਸ ਦੇ ਬਹੁਤ ਸਾਰੇ ਰਿਸ਼ਤੇਦਾਰ ਉਸ ਦੇ ਸਸਕਾਰ ਵਿੱਚ ਸ਼ਾਮਲ ਨਾ ਹੋਏ ਕਿਉਂਕਿ ਰਾਮਾਨੁਜਨ ਸਮੁੰਦਰ ਪਾਰ ਕਰਕੇ ਯਾਤਰਾ 'ਤੇ ਗਿਆ ਸੀ ਅਤੇ ਇਸ ਕਰਕੇ ਉਹ 'ਪਲੀਤ' ਹੋ ਗਿਆ ਸੀ।

ਮੌਤ ਤੋਂ ਬਾਅਦ

ਰਾਮਾਨੁਜਨ ਨੇ ਹਿੰਦੁਸਤਾਨ ਵਾਪਸ ਪਰਤ ਕੇ ਹਿਸਾਬ 'ਤੇ ਜੋ ਕੰਮ ਕੀਤਾ, ਉਹ ਪੇਪਰ ਰਾਮਾਨੁਜਨ ਦੀ ਪਤਨੀ ਜਾਨਕੀ ਨੇ ਮਦਰਾਸ ਯੂਨੀਵਰਸਿਟੀ ਤੱਕ ਪਹੁੰਚਾ ਦਿੱਤੇ। ਬਾਅਦ ਵਿੱਚ ਮਦਰਾਸ ਯੂਨੀਵਰਸਿਟੀ ਨੇ ਰਾਮਾਨੁਜਨ ਦੇ ਪੇਪਰਾਂ 'ਤੇ ਆਪਣਾ ਹੱਕ ਤਿਆਗਣ ਦੇ ਇਵਜ਼ ਵਜੋਂ ਜਾਨਕੀ ਨੂੰ 20 ਰੁਪਏ ਮਹੀਨਾ ਦੀ ਪੈਨਸ਼ਨ ਲਾ ਦਿੱਤੀ। 30 ਅਗਸਤ 1923 ਨੂੰ ਮਦਰਾਸ ਯੂਨੀਵਰਸਿਟੀ ਦੇ ਰਜਿਸਟਰਾਰ ਡਿਊਜ਼ਬਰੀ ਨੇ ਮੂਲ (ਓਰੀਜਨਲ) ਨੋਟਬੁੱਕਾਂ ਤੋਂ ਬਿਨਾਂ ਰਾਮਾਨੁਜਨ ਦੇ ਸਾਰੇ ਪੇਪਰ ਹਾਰਡੀ ਨੂੰ ਭੇਜ ਦਿੱਤੇ।

ਸੰਨ 1927 ਵਿੱਚ ਕੈਂਬਰਿਜ ਯੂਨੀਵਰਸਿਟੀ ਨੇ ਰਾਮਾਨੁਜਨ ਦੇ ਲਿਖੇ ਪੇਪਰਾਂ ਦਾ ਸੰਗ੍ਰਹਿ ਕੁਲੈਕਟਿਡ ਪੇਪਰਜ਼ ਦੇ ਨਾਂ ਹੇਠ ਛਾਪਿਆ। ਤਿੰਨ ਸੌ ਪੰਜਾਹ ਸਫਿਆਂ ਦੇ ਇਸ ਸੰਗ੍ਰਹਿ ਵਿੱਚ ਉਸ ਸਮੇਂ ਤੱਕ ਰਾਮਾਨੁਜਨ ਵਲੋਂ ਛਾਪੀ ਗਈ ਹਰ ਚੀਜ਼ ਸ਼ਾਮਲ ਕੀਤੀ ਗਈ ਸੀ। ਇਸ ਦੇ ਛਪਣ ਨਾਲ ਰਾਮਾਨੁਜਨ ਦਾ ਕੰਮ ਹਿਸਾਬ ਦੀ ਦੁਨੀਆ ਦੇ ਵੱਡੇ ਹਿੱਸੇ ਤੱਕ ਪਹੁੰਚ ਗਿਆ। ਨਤੀਜੇ ਵਜੋਂ ਅਗਲੇ ਕੁਝ ਸਾਲਾਂ ਦੌਰਾਨ ਰਾਮਾਨੁਜਨ ਦੇ ਕੰਮ ਉੱਤੇ ਦਰਜਨਾਂ ਦੇ ਕਰੀਬ ਪ੍ਰਕਾਸ਼ਤ ਹੋਏ।

1928 ਵਿੱਚ ਹਾਰਡੀ ਨੇ ਰਾਮਾਨੁਜਨ ਦੀਆਂ ਨੋਟਬੁੱਕਾਂ, ਹੋਰ ਖਰੜੇ ਅਤੇ ਪੇਪਰ ਜੀ ਐਨ ਵਾਟਸਨ ਨੂੰ ਸੌਂਪ ਦਿੱਤੇ। ਇਸ ਤੋਂ ਬਾਅਦ ਵਾਟਸਨ ਅਤੇ ਬੀ ਐੱਮ ਵਿਲਸਨ ਨੇ ਰਾਮਾਨੁਜਨ ਦੀਆਂ ਨੋਟਬੁੱਕਾਂ ਨੂੰ ਸੰਪਾਦਨ ਕਰਨ ਦਾ ਕਾਰਜ ਵਿੱਢ ਦਿੱਤਾ। ਇਸ ਕਾਰਜ ਨੂੰ ਮੁਕੰਮਲ ਕਰਨ ਲਈ ਵਾਟਸਨ ਨੂੰ ਡੇਢ ਦਹਾਕੇ ਦੇ ਕਰੀਬ ਸਮਾਂ ਲੱਗਾ ਅਤੇ ਇਸ ਦੇ ਨਤੀਜੇ ਵਜੋਂ ਦੋ ਦਰਜਨ ਦੇ ਕਰੀਬ ਹੋਰ ਪੇਪਰ ਲਿਖੇ ਗਏ। 1940 ਦੀ ਇਕ ਲਿਸਟ ਮੁਤਾਬਕ ਰਾਮਾਨੁਜਨ ਦੀ ਮੌਤ ਤੋਂ ਬਾਅਦ ਸੰਨ 1940 ਤੱਕ ਰਾਮਾਨੁਜਨ ਦੇ ਕੰਮ ਬਾਰੇ 105 ਪੇਪਰ ਲਿਖੇ ਜਾ ਚੁੱਕੇ ਸਨ।

ਸੰਨ 1957 ਵਿੱਚ ਟਾਟਾ ਇੰਸਟੀਚਿਊਟ ਫਾਰ ਫੰਡਾਮੈਂਟਲ ਰਿਸਰਚ ਨੇ ਰਾਮਾਨੁਜਨ ਦੀਆਂ ਨੋਟਬੁਕਾਂ ਦੋ ਸੰਸਕਰਨਾਂ ਵਿੱਚ ਛਾਪੀਆਂ। ਇਸ ਤੋਂ ਪਹਿਲਾਂ ਸਿਰਫ ਰਾਮਾਨੁਜਨ ਦੇ ਛਪੇ ਹੋਏ ਪੇਪਰਾਂ ਦਾ ਸੰਗ੍ਰਹਿ ਅਤੇ ਹਾਰਡੀ ਨੂੰ ਲਿਖੇ ਗਏ ਖੱਤ ਹੀ ਛਪੇ ਸਨ। ਨੋਟਬੁੱਕਾਂ ਦੇ ਛਪਣ ਨਾਲ ਰਾਮਾਨੁਜਨ ਦੇ ਕੰਮ ਦਾ ਹੋਰ ਬਹੁਤ ਸਾਰਾ ਹਿੱਸਾ ਦੁਨੀਆ ਦੇ ਸਾਹਮਣੇ ਆਇਆ।

1962 ਵਿੱਚ ਰਾਮਾਨੁਜਨ ਦਾ 75ਵਾਂ ਜਨਮ ਦਿਨ ਸਾਰੇ ਦੱਖਣੀ ਭਾਰਤ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਉਸ ਦੇ ਜਨਮ ਵਾਲੇ ਸ਼ਹਿਰ ਕੁੰਬਾਕੋਨਮ ਦੇ ਹਾਈ ਸਕੂਲ ਦੇ ਇੱਕ ਹਿੱਸੇ ਦਾ ਨਾਂ ਰਾਮਾਨੁਜਨ ਦੇ ਨਾਂ 'ਤੇ ਰੱਖਿਆ ਗਿਆ। ਸਰਕਾਰ ਵਲੋਂ ਉਸ ਦੀ ਯਾਦ ਵਿੱਚ ਇਕ ਸਟੈਂਪ ਜਾਰੀ ਕੀਤੀ ਗਈ। ਪੰਦਰਾਂ ਪੈਸੇ ਦੀ ਇਸ ਸਟੈਂਪ ਦੀਆਂ 25 ਲੱਖ ਕਾਪੀਆਂ ਸਟੈਂਪ ਜਾਰੀ ਕਰਨ ਵਾਲੇ ਦਿਨ ਹੀ ਵਿਕ ਗਈਆਂ।

ਅਪ੍ਰੈਲ 1988 ਵਿੱਚ ਅਮਰੀਕਾ ਦੀ ਯੂਨੀਵਰਸਿਟੀ ਆਫ ਵਿਸਕੌਨਸਨ ਦਾ ਇਕ ਪ੍ਰੋਫੈਸਰ, ਐਂਡਰਿਊਜ਼, ਆਪਣੇ ਯੂਰਪ ਦੇ ਦੌਰੇ ਦੌਰਾਨ ਕੈਂਬਰਿਜ ਗਿਆ ਤਾਂ ਉਸ ਨੂੰ ਉੱਥੇ ਰਾਮਾਨੁਜਨ ਦੀ ਕੁਝ ਪੇਪਰ ਮਿਲੇ ਜਿਹੜੇ ਬੇਸ਼ੱਕ ਲਾਇਬ੍ਰੇਰੀ ਵਿੱਚ ਸਾਂਭੇ ਤਾਂ ਪਏ ਸਨ ਪਰ ਉਹਨਾਂ ਦਾ ਹਿਸਾਬ ਦੀ ਦੁਨੀਆ ਨਾਲ ਇਸ ਤੋਂ ਪਹਿਲਾਂ ਕੋਈ ਪ੍ਰੀਚੇ ਨਹੀਂ ਹੋਇਆ ਸੀ। ਗੱਲ ਇਸ ਤਰ੍ਹਾਂ ਹੋਈ ਸੀ ਕਿ ਸੰਨ 1923 ਵਿੱਚ ਮਦਰਾਸ ਯੂਨੀਵਰਸਿਟੀ ਦੇ ਰਜਿਸਟਰਾਰ ਡਿਊਜ਼ਬਰੀ ਨੇ ਰਾਮਾਨੁਜਨ ਦੀ ਮੌਤ ਤੋਂ ਬਾਅਦ ਉਹ ਸਾਰੇ ਪੇਪਰ ਹਾਰਡੀ ਨੂੰ ਭੇਜ ਦਿੱਤੇ ਸਨ ਜਿਹਨਾਂ ਵਿੱਚ ਰਾਮਾਨੁਜਨ ਵਲੋਂ ਇੰਡਿਆ ਵਾਪਸ ਜਾ ਕੇ ਕੀਤਾ ਕੰਮ ਸ਼ਾਮਲ ਸੀ। ਹਾਰਡੀ ਨੇ ਅਗਾਂਹ ਉਹ ਪੇਪਰ ਜੀ. ਐਨ. ਵਾਟਸਨ ਨੂੰ ਦੇ ਦਿੱਤੇ। ਵਾਟਸਨ ਰੌਇਲ ਸੁਸਾਇਟੀ ਦਾ ਫੈਲੋ ਸੀ ਅਤੇ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਰਾਮਾਨੁਜਨ ਦੇ ਪੇਪਰਾਂ 'ਤੇ ਕਈ ਸਾਲ ਕੰਮ ਕਰਦਾ ਰਿਹਾ ਸੀ। ਵਾਟਸਨ ਦੀ ਮੌਤ ਤੋਂ ਬਾਅਦ, ਰੌਇਲ ਸੁਸਾਇਟੀ ਨੇ ਉਸ ਦੀ ਮੌਤ ਬਾਰੇ ਇਕ ਲੇਖ ਲਿਖਣ ਦਾ ਕੰਮ ਇਕ ਹੋਰ ਹਿਸਾਬਦਾਨ ਜੇ. ਐਮ. ਵਿਟਕਰ ਨੂੰ ਸੌਂਪਿਆ। ਇਹ ਲੇਖ ਲਿਖਣ ਬਾਰੇ ਜਾਣਕਾਰੀ ਲੈਣ ਲਈ ਜਦੋਂ ਵਿਟਕਰ ਵਾਟਸਨ ਦੇ ਘਰ ਪਹੁੰਚਿਆ ਤਾਂ ਉਸ ਨੂੰ ਰਾਮਾਨੁਜਨ ਦੇ ਇਹ ਪੇਪਰ (140 ਕੁ ਦੇ ਕਰੀਬ) ਵਾਟਸਨ ਦੇ ਪੇਪਰਾਂ ਦੇ ਉਸ ਢੇਰ ਵਿੱਚੋਂ ਮਿਲੇ ਸਨ ਜਿਸ ਨੂੰ ਕੁੱਝ ਦਿਨਾਂ ਨੂੰ ਅੱਗ ਲਾ ਦਿੱਤੀ ਜਾਣੀ ਸੀ। ਵਿਟਕਰ ਨੇ ਇਹ ਪੇਪਰ ਇਕ ਹੋਰ ਹਿਸਾਬਦਾਨ ਰੌਬਰਟ ਰੈਂਕਿਨ ਨੂੰ ਦੇ ਦਿੱਤੇ ਅਤੇ ਉਸ ਨੇ ਸੰਨ 1968 ਵਿੱਚ ਇਹ ਪੇਪਰ ਟ੍ਰਿੰਟੀ ਕਾਲਜ ਵਿੱਚ ਪਹੁੰਚਾ ਦਿੱਤੇ ਸਨ।

ਬੇਸ਼ੱਕ ਵਿਟਕਰ ਅਤੇ ਰੈਂਕਿਨ ਖੁਦ ਹਿਸਾਬਦਾਨ ਸਨ, ਪਰ ਉਨ੍ਹਾਂ ਦਾ ਕਾਰਜ ਖੇਤਰ ਰਾਮਾਨੁਜਨ ਦੇ ਕਾਰਜ ਖੇਤਰ ਤੋਂ ਵੱਖਰਾ ਸੀ। ਇਸ ਲਈ ਉਹ ਇਹ ਫਰਕ ਨਾ ਕਰ ਸਕੇ ਕਿ ਇਹ ਪੇਪਰ ਰਾਮਾਨੁਜਨ ਦੇ ਪਹਿਲੇ ਛਪੇ ਕੰਮ ਤੋਂ ਕਿਸ ਤਰ੍ਹਾ ਵੱਖਰੇ ਸਨ। ਪਰ ਸੰਨ 1988 ਵਿੱਚ ਜਦੋਂ ਐਂਡਰਿਊਜ਼ ਨੇ ਇਹ ਪੇਪਰ ਦੇਖੇ ਤਾਂ ਉਹ ਮਿੰਟਾਂ ਵਿੱਚ ਹੀ ਸਮਝ ਗਿਆ ਕਿ ਇਨ੍ਹਾਂ ਦਾ ਕੁਝ ਹਿੱਸਾ ਮੌਕ ਥੀਟਾ ਫੰਕਸ਼ਨਾਂ ਨਾਲ ਸੰਬੰਧਤ ਸੀ, ਜਿਸ ਵਿਸ਼ੇ 'ਤੇ ਐਂਡਰਿਊਜ਼ ਨੇ ਪੀ ਐੱਚ ਡੀ ਕੀਤੀ ਹੋਈ ਸੀ। ਇਸ ਦਾ ਮਤਲਬ ਇਹ ਸੀ ਕਿ ਇਹ ਪੇਪਰ ਰਾਮਾਨੁਜਨ ਨੇ ਆਪਣੇ ਜ਼ਿੰਦਗੀ ਦੇ ਆਖਰੀ ਸਾਲ ਵਿੱਚ ਲਿਖੇ ਸਨ।

ਇਹਨਾਂ ਨੂੰ ਲੱਭਣ ਤੋਂ ਬਾਅਦ ਐਂਡਰਿਊਜ਼ ਨੇ ਇਹਨਾਂ ਬਾਰੇ ਇਕ ਪੇਪਰ ਲਿਖਿਆ ਜਿਸ ਵਿੱਚ ਉਸ ਨੇ ਲਿਖਿਆ ਕਿ ਇਹ ਪੇਪਰ ਰਾਮਾਨੁਜਨ ਦੀ ਗੁਆਚੀ ਹੋਈ ਨੋਟਬੁੱਕ 'ਤੇ ਆਧਾਰਿਤ ਹੈ। ਇਸ ਲੱਭਤ ਬਾਰੇ ਟਿੱਪਣੀ ਕਰਦਿਆਂ ਹਿਸਾਬਦਾਨ ਐਮਾ ਲੈਹਮਰ ਨੇ ਕਿਹਾ ਕਿ ਇਹ ਖੋਜ " ਬੀਥੋਵਨ ਦੀ ਦਸਵੀਂ ਸਿੰਫਨੀ ਦੇ ਮੁਕੰਮਲ ਖਾਕੇ (ਸਕੈੱਚ) ਦੇ ਲੱਭਣ ਦੇ ਬਰਾਬਰ ਹੈ।"[15] ਬਰਤਾਨੀਆ ਦੇ ਹਿਸਾਬਦਾਨਾਂ ਨੂੰ ਇਹਨਾਂ ਪੇਪਰਾਂ ਨੂੰ ਗੁਆਚੇ ਹੋਏ ਪੇਪਰ ਕਹਿਣਾ ਚੰਗਾ ਨਾ ਲੱਗਾ। ਰੌਬਰਟ ਰੈਂਕਿਨ ਨੇ ਕਿਹਾ ਕਿ ਪੇਪਰ ਗੁਆਚੇ ਨਹੀਂ ਸਨ, ਸਗੋਂ ਲਾਇਬ੍ਰੇਰੀ ਵਿੱਚ ਸਾਂਭੇ ਪਏ ਸਨ। ਕੁਝ ਸਾਲਾਂ ਬਾਅਦ ਇਸ ਦਾ ਜੁਆਬ ਦਿੰਦਿਆਂ ਐਂਡਰਿਊਜ਼ ਨੇ ਲਿਖਿਆ ਸੀ ਕਿ ਇਹ ਕਾਗਜ਼ ਅਤੇ ਇਹਨਾਂ ਵਿਚਲੇ ਅਸਚਰਜ ਨਤੀਜੇ 55 ਸਾਲ ਤੱਕ ਹਿਸਾਬ ਦੀ ਦੁਨੀਆ ਦੀਆਂ ਅੱਖਾਂ ਤੋਂ ਉਹਲੇ ਰਹੇ ਸਨ। ਇਸ ਹਿਸਾਬ ਨਾਲ ਉਨ੍ਹਾਂ ਨੂੰ ਗੁਆਚੇ ਹੀ ਕਿਹਾ ਜਾ ਸਕਦਾ ਹੈ।

ਇਹਨਾਂ ਪੇਪਰਾਂ ਦੀ ਲੱਭਤ ਨਾਲ ਹਿਸਾਬ ਦੀ ਦੁਨੀਆ ਦੀ ਰਾਮਾਨੁਜਨ ਦੇ ਕੰਮ ਵਿੱਚ ਦਿਲਚਸਪੀ ਇਕ ਵਾਰ ਫੇਰ ਵੱਧ ਗਈ। ਹਿਸਾਬ 'ਤੇ ਕੰਮ ਰਹੇ ਵਿਦਵਾਨਾਂ ਨੇ ਇਕ ਵਾਰ ਫੇਰ ਰਾਮਾਨੁਜਨ ਦੇ ਕੰਮ ਦੇ ਹਵਾਲੇ ਦੇਣੇ ਸ਼ੁਰੂ ਕਰ ਦਿੱਤੇ।

ਹੋਰ ਜਾਣਕਾਰੀ

ਸੰਨ 1987 ਵਿੱਚ ਰਾਮਾਨੁਜਨ ਦੀ ਜਨਮ ਸ਼ਤਾਬਦੀ 'ਤੇ ਬੀ ਬੀ ਸੀ ਵਲੋਂ ਬਣਾਈ ਇਕ ਡਾਕੂਮੈਂਟਰੀ

ਹਵਾਲੇ