ਯਹੂਦੀ ਘੱਲੂਘਾਰਾ

ਯਹੂਦੀ ਘੱਲੂਘਾਰਾ ਜਾਂ ਹੋਲੋਕਾਸਟ (ਯੂਨਾਨੀ ὁλόκαυστος holókaustos ਤੋਂ: hólos, "ਸਮੁੱਚਾ" ਅਤੇ kaustós, "ਝੁਲਸਿਆ")[1] ਜਿਹਨੂੰ ਸ਼ੋਆਹ (ਹਿਬਰੂ: השואה, ਹਾਸ਼ੋਆਹ, "ਆਫ਼ਤ"; ਯਿੱਦੀ: חורבן, ਚੁਰਬਨ ਜਾਂ ਹੁਰਬਨ, "ਤਬਾਹੀ" ਲਈ ਹਿਬਰੂ ਸ਼ਬਦ) ਵੀ ਆਖਿਆ ਜਾਂਦਾ ਹੈ, ਦੂਜੀ ਵਿਸ਼ਵ ਜੰਗ ਦੌਰਾਨ ਲਗਭਗ ਸੱਠ ਲੱਖ ਯਹੂਦੀਆਂ ਦੀ ਨਸਲਕੁਸ਼ੀ ਜਾਂ ਕਤਲੇਆਮ ਸੀ। ਇਹ ਨਸਲਕੁਸ਼ੀ ਅਡੋਲਫ਼ ਹਿਟਲਰ ਅਤੇ ਨਾਜ਼ੀ ਪਾਰਟੀ ਦੀ ਰਹਿਨੁਮਾਈ ਹੇਠਲੇ ਨਾਜ਼ੀ ਜਰਮਨੀ ਰਾਹੀਂ ਕਰਵਾਇਆ ਗਿਆ, ਸਰਕਾਰ ਦੀ ਸਰਪ੍ਰਸਤੀ-ਪ੍ਰਾਪਤ, ਹੱਤਿਆ ਦਾ ਇੱਕ ਯੋਜਨਾਬੱਧ ਸਿਲਸਿਲਾ ਸੀ ਜੋ ਸਾਰੇ ਦੇ ਸਾਰੇ ਜਰਮਨ ਰਾਈਸ਼ ਅਤੇ ਜਰਮਨ ਦੇ ਕਬਜ਼ੇ ਹੇਠ ਰਾਜਖੇਤਰਾਂ ਵਿੱਚ ਵਾਪਰਿਆ।[2]

ਬੀਲੈਕੇ ਬੈਰਕ ਦੇ ਨਜ਼ਰਬੰਦੀ ਕੈਂਪ ਵਿਖੇ ਵਿਹੜੇ 'ਚ ਵਿਛੀਆਂ ਲੋਥਾਂ ਦੀ ਕਤਾਰ
ਬੂਸ਼ਨਵਾਲਡ ਨਜ਼ਰਬੰਦੀ ਕੈਂਪ ਵਿਖੇ ਸੈਨੇਟਰ ਐਲਬਨ ਬਾਰਕਲੀ ਨਾਜ਼ੀਆਂ ਵੱਲੋਂ ਕੀਤੇ ਘੋਰ ਜ਼ੁਲਮਾਂ ਨੂੰ ਅੱਖੀਂ ਦੇਖਦੇ ਹੋਏ

ਘੱਲੂਘਾਰੇ ਤੋਂ ਪਹਿਲਾਂ ਯੂਰਪ ਵਿੱਚ ਰਹਿੰਦੇ ਨੱਬੇ ਲੱਖ ਯਹੂਦੀਆਂ 'ਚੋਂ ਲਗਭਗ ਦੋ-ਤਿਹਾਈ ਯਹੂਦੀਆਂ ਨੂੰ ਮਾਰ ਦਿੱਤਾ ਗਿਆ ਸੀ।[3] ਦਸ ਲੱਖ ਤੋਂ ਵੱਧ ਯਹੂਦੀ ਬੱਚੇ, ਲਗਭਗ ਵੀਹ ਲੱਖ ਯਹੂਦੀ ਔਰਤਾਂ ਅਤੇ ਤੀਹ ਲੱਖ ਯਹੂਦੀ ਮਰਦ ਮਾਰੇ ਗਏ ਸਨ।[4] ਜਰਮਨੀ ਅਤੇ ਜਰਮਨ ਹੇਠਲੇ ਰਾਜਖੇਤਰਾਂ ਵਿੱਚ ਯਹੂਦੀਆਂ ਅਤੇ ਹੋਰ ਸ਼ਿਕਾਰਾਂ ਨੂੰ ਇਕੱਠਾ ਕਰਨ, ਰੋਕੀ ਰੱਖਣ ਅਤੇ ਮਾਰਨ ਵਾਸਤੇ 40,000 ਤੋਂ ਵੱਧ ਸਹੂਲਤਾਂ ਦਾ ਇੰਤਜ਼ਾਮ ਕੀਤਾ ਗਿਆ ਸੀ।[5]

ਕੁਝ ਵਿਦਵਾਨ ਤਰਕ ਦਿੰਦੇ ਹਨ ਕਿ ਰੋਮਨੀ ਅਤੇ ਅਪੰਗ ਲੋਕਾਂ ਦੇ ਕਤਲੇਆਮ ਨੂੰ ਇਸ ਪਰਿਭਾਸ਼ਾ ਵਿੱਚ ਜੋੜਿਆ ਜਾਣਾ ਚਾਹੀਦਾ ਹੈ[6] ਅਤੇ ਕੁਝ ਵਿਦਵਾਨ ਆਮ ਨਾਂਵ "ਘੱਲੂਘਾਰਾ" (ਹੋਲੋਕਾਸਟ) ਦੀ ਵਰਤੋਂ ਨਾਜ਼ੀਆਂ ਵੱਲੋਂ ਕੀਤੇ ਹੋਰ ਕਤਲੇਆਮਾਂ ਦੇ ਵਰਣਨ ਵਿੱਚ ਵੀ ਕਰਦੇ ਹਨ ਜਿਵੇਂ ਕਿ ਸੋਵੀਅਤ ਜੰਗੀ ਕੈਦੀਆਂ, ਪੋਲੈਂਡੀ ਅਤੇ ਸੋਵੀਅਤ ਨਾਗਰਿਕਾਂ ਅਤੇ ਸਮਲਿੰਗੀਆਂ ਦੇ ਕਤਲੇਆਮ।[7][8] ਹਾਲੀਆ ਅੰਦਾਜ਼ੇ, ਜੋ ਸੋਵੀਅਤ ਸੰਘ ਦੇ ਡਿੱਗਣ ਮਗਰੋਂ ਇਕੱਤਰ ਕੀਤੇ ਅੰਕੜਿਆਂ ਉੱਤੇ ਅਧਾਰਤ ਹਨ, ਦੱਸਦੇ ਹਨ ਕਿ ਨਾਜ਼ੀ ਹਕੂਮਤ ਵੱਲੋਂ ਜਾਣ-ਬੁੱਝ ਕੇ ਤਕਰੀਬਨ ਇੱਕ ਕਰੋੜ ਨਾਗਰਿਕਾਂ ਅਤੇ ਜੰਗੀ ਕੈਦੀਆਂ ਦੀ ਹੱਤਿਆ ਕੀਤੀ ਗਈ ਸੀ।[9][10]

ਇਹ ਅੱਤਿਆਚਾਰ ਅਤੇ ਨਸਲਕੁਸ਼ੀ ਨੂੰ ਪੜਾਆਂ ਵਿੱਚ ਅੰਜਾਮ ਦਿੱਤਾ ਗਿਆ ਸੀ। ਯੂਰਪ ਵਿੱਚ ਦੂਜੀ ਵਿਸ਼ਵ ਜੰਗ ਦੇ ਅਰੰਭ ਤੋਂ ਪਹਿਲਾਂ ਹੀ ਜਰਮਨੀ ਵਿੱਚ ਯਹੂਦੀਆਂ ਨੂੰ ਬਾਕੀ ਸਮਾਜ ਨਾਲ਼ੋਂ ਵੱਖ ਕਰਨ ਲਈ ਕਈ ਕਨੂੰਨ ਪਾਸ ਕੀਤੇ ਗਏ ਜਿਹਨਾਂ ਵਿੱਚੋਂ ਸਭ ਤੋਂ ਉੱਘੇ 1935 ਦੇ ਨੂਰਮਬਰਗ ਕਨੂੰਨ ਹਨ। ਨਜ਼ਰਬੰਦੀ ਕੈਂਪ ਥਾਪੇ ਗਏ ਜਿੱਥੇ ਕੈਦੀਆਂ ਉੱਤੇ ਗ਼ੁਲਾਮੀ ਅਤੇ ਵਗਾਰ ਥੱਪੀ ਜਾਂਦੀ ਸੀ ਜਦ ਤੱਕ ਉਹ ਸੱਖਣੇਪਣ ਜਾਂ ਰੋਗ ਨਾਲ਼ ਮਰ ਨਾ ਜਾਣ। ਜਿੱਥੇ ਵੀ ਜਰਮਨੀ ਨੇ ਪੂਰਬੀ ਯੂਰਪ ਵਿੱਚ ਨਵੇਂ ਇਲਾਕੇ ਸਰ ਕੀਤੇ ਉੱਥੇ ਆਈਨਜ਼ਾਟਸਗਰੂਪਨ ਨਾਮਕ ਖ਼ਾਸ ਨੀਮ-ਫ਼ੌਜੀ ਦਲਾਂ ਨੇ ਗੋਲੀ ਕਾਂਡ ਕਰ-ਕਰ ਕੇ ਦਸ ਲੱਖ ਤੋਂ ਵੱਧ ਯਹੂਦੀ ਅਤੇ ਸਿਆਸੀ ਵਿਰੋਧੀ ਮੌਤ ਦੇ ਘਾਟ ਉਤਾਰ ਦਿੱਤੇ।

ਕਬਜ਼ਦਾਰ, ਯਹੂਦੀਆਂ ਅਤੇ ਰੋਮਾਨੀਆਂ ਨੂੰ, ਭੀੜ-ਭੜੱਕੇ ਵਾਲ਼ੀਆਂ ਝੁੱਗੀਨੁਮਾ ਬਸਤੀਆਂ ਵਿੱਚ ਰੱਖਦੇ ਸਨ ਜਿੱਥੋਂ ਉਹਨਾਂ ਨੂੰ ਮਾਲਗੱਡੀਆਂ ਰਾਹੀਂ ਵਿਨਾਸ਼ ਕੈਂਪਾਂ ਵੱਲ ਢੋਇਆ ਜਾਂਦਾ ਸੀ ਅਤੇ ਜੇਕਰ ਉਹ ਸਫ਼ਰ ਵਿੱਚ ਜ਼ਿੰਦਾ ਬਚ ਜਾਂਦੇ ਸਨ ਤਾਂ ਗੈਸਖ਼ਾਨਿਆਂ ਵਿੱਚ ਯੋਜਨਾਬੱਧ ਤਰੀਕੇ ਨਾਲ਼ ਮਾਰ ਦਿੱਤਾ ਜਾਂਦਾ ਸੀ। ਜਰਮਨੀ ਦੀ ਅਫ਼ਸਰਸ਼ਾਹੀ ਦੀ ਹਰ ਸ਼ਾਖਾ ਨਸਲਕੁਸ਼ੀ ਕਰਨ ਦੀ ਯੋਜਨਾਬੰਦੀ ਵਿੱਚ ਲੱਗੀ ਹੋਈ ਸੀ ਜਿਸ ਕਰ ਕੇ ਤੀਜੇ ਰਾਈਸ਼ ਨੇ ਇੱਕ "ਨਸਲਕੁਸ਼ੀ ਮੁਲਕ" ਦਾ ਰੂਪ ਇਖ਼ਤਿਆਰ ਕਰ ਲਿਆ।[11]

ਹਵਾਲੇ